ਅਸ਼ੋਕ ਵਰਮਾ
- ਐਸ ਐਸ ਪੀ ਵੱਲੋਂ 26 ਤੱਕ ਕੰਮ ਮੁਕਾਉਣ ਦਾ ਐਲਾਨ
ਮਾਨਸਾ, 23 ਅਪ੍ਰੈਲ 2020 - ਮਾਨਸਾ ਪੁਲਿਸ ਵੱਲੋੋਂ ਵਿਲੇਜ ਪੁਲਿਸ ਅਫਸਰਾ (ਵੀ.ਪੀ.ਓਜ਼) ਅਤੇ ਬੈਂਕ ਕਰਮਚਾਰੀਆਂ ਰਾਹੀ ਪਿੰਡਾਂ ਅੰਦਰ ਬਜੁਰਗਾਂ, ਵਿਧਵਾਵਾਂ ਅਤੇ ਅੰਗਹੀਣ ਲਾਭਪਾਤਰੀਆਂ ਨੂੰ ਘਰ ਘਰ ਪੈਨਸ਼ਨ ਵੰਡਣ ਦੀ ਮੁਹਿੰਮ ਲਗਾਤਾਰ ਜਾਰੀ ਹੈ। ਸੀਨੀਅਰ ਕਪਤਾਨ ਪੁਲਿਸ ਮਾਨਸਾ ਡਾ. ਨਰਿੰਦਰ ਭਾਰਗਵ ਨੇ ਦੱਸਿਆ ਕਿ ਮਾਨਸਾ ਪੁਲਿਸ ਬਜੁਰਗਾਂ, ਵਿਧਵਾਵਾਂ ਅਤੇ ਅੰਗਹੀਣ ਲਾਭਪਾਤਰੀਆਂ ਦੀ ਸ਼ਿਨਾਖਤ ਉਪਰੰਤ ਬੈਂਕ ਕਰਮਚਾਰੀਆਂ ਦੀ ਸਹਾਇਤਾ ਨਾਲ ਉਨਾਂ ਨੂੰ ਉਨਾਂ ਦੇ ਪਿੰਡ-ਪਿੰਡ ਗਲੀ ਮੁਹੱਲੇ ਜਾ ਕੇ ਪੈਨਸ਼ਨ ਵੰਡੀ ਜਾ ਰਹੀ ਹੈ। ਇਹ ਉਹ ਲਾਭਪਾਤਰੀ ਹਨ ਜਿੰਨਾਂ ਦੀ ਪੈਨਸ਼ਨ ਲੱਗੀ ਹੋਈ ਹੈ ਪਰ ਕਰਫਿਊ ਲੱਗਾ ਹੋਣ ਕਰਕੇ ਉਹ ਪੈਨਸ਼ਨ ਪ੍ਰਾਪਤ ਨਹੀਂ ਕਰ ਸਕੇ ਸਨ। ਦੂਸਰੀ ਦਿੱਕਤ ਇਹ ਵੀ ਸੀ ਕਿ ਜਦੋੋਂ ਇਹ ਲਾਭਪਾਤਰੀ ਆਪਣੀ ਪੈਨਸ਼ਨ ਲੈਣ ਲਈ ਬੈਂਕ ਜਾਂਦੇ ਸਨ ਤਾਂ ਉਥੇ ਇੱਕਠ ਜ਼ਿਆਦਾ ਹੋ ਜਾਂਦਾ ਸੀ ਜੋਕਿ ਕਰੋਨਾ ਵਾਇਰਸ ਦੀਆਂ ਸਾਵਧਾਨੀਆਂ ਜਿਵੇਂ ਕਿ ਫਿਜ਼ੀਕਲ ਸੋਸ਼ਲ ਦੂਰੀ ਅਤੇ ਸੈਨੀਟਾਈਜੇਸ਼ਨ ਆਦਿ ਦੀ ਪਾਲਣਾ ਨਹੀਂ ਹੁੰਦੀ ਸੀ।
ਉਨਾਂ ਦੱਸਿਆ ਕਿ ਇਸ ਨੂੰ ਦੇਖਦਿਆਂ ਪੁਲਿਸ ਵੱਲੋੋਂ ਵੀਪੀਓਜ਼ ਅਤੇ ਬੈਂਕ ਕਰਮਚਾਰੀਆਂ ਦੇ ਸਾਂਝੇ ਉੱਦਮ ਨਾਲ ਪੈਨਸ਼ਨਰਜ਼ ਦੇ ਪਿੰਡ-ਪਿੰਡ ਗਲੀ ਮੁ੍ਹੱਲੇ ਜਾ ਕੇ ਪੈਨਸ਼ਨ ਤਕਸੀਮ ਕਰਨ ਲਈ ਇਹ ਮੁਹਿੰਮ ਚਲਾਈ ਗਈ ਸੀ ਜੋੋ ਤੇਜ਼ੀ ਨਾਲ ਚੱਲ ਰਹੀ ਹੈ। ਉਨਾਂ ਕਿਹਾ ਕਿ ਇਹ ਮੁਹਿੰਮ ਸ਼ੁਰੂ ਕਰਨ ਸਮੇਂ ਤਕਰੀਬਨ 35 ਫੀਸਦੀ ਲਾਭਪਾਤਰੀਆਂ ਦੀ ਪੈਨਸ਼ਨ ਬਾਕੀ ਸੀ ਪਰ ਹੁਣ ਤੱਕ 60 ਪਿੰਡਾਂ ਦੇ ਤਕਰੀਬਨ 10 ਹਜ਼ਾਰ ਲਾਭਪਾਤਰੀਆਂ ਨੂੰ ਲੋੜੀਂਦੀਆਂ ਸਾਵਧਾਨੀਆਂ ਵਰਤਦੇ ਹੋਏ ਪੈਨਸ਼ਨ ਤਕਸੀਮ ਕੀਤੀ ਜਾ ਚੁੱਕੀ ਹੈ । ਉਨਾਂ ਦੱਸਿਆ ਕਿ ਇਸ ਮੌਕੇ ਕਰੋਨਾਂ ਵਾਇਰਸ ਪ੍ਰਤੀ ਜਾਗਰੂਕ ਕਰਨ ਦੇ ਨਾਲ ਨਾਲ ਲੋੜਵੰਦਾਂ ਨੂੰ ਮਾਸਕ ਵੀ ਮੁਹੱਈਆ ਕਰਵਾਏ ਜਾ ਰਹੇ ਹਨ। ਡਾ. ਭਾਰਗਵ ਨੇ ਅੱਗੇ ਦੱਸਿਆ ਕਿ ਬਾਕੀ ਰਹਿੰਦੇ ਪਿੰਡਾਂ ਵਿੱਚ 26 ਅਪ੍ਰੈਲ (ਐਤਵਾਰ) ਤੱਕ ਸਾਰੇ ਲਾਭਪਾਤਰੀਆਂ ਨੂੰ ਪਿੰਡ ਪੱਧਰ ’ਤੇ ਪੈਨਸ਼ਨ ਤਕਸੀਮ ਕੀਤੇ ਜਾਣ ਦਾ ਟੀਚਾ ਮਿਥਿਆ ਕੀਤਾ ਗਿਆ ਹੈ ਜੋ ਨਿਰਧਾਰਤ ਸਮੇਂ ਅੰਦਰ ਪੂਰਾ ਕਰ ਲਿਆ ਜਾਵੇਗਾ।
ਉਨਾਂ ਅੱਗੇ ਕਿਹਾ ਕਿ ਬਜ਼ੁਰਗ ਸਾਡੇ ਦੇਸ਼ ਦਾ ਸਰਮਾਇਆ ਹਨ ਅਤੇ ਇੰਨਾਂ ਦੀ ਸਾਂਭ ਸੰਭਾਲ ਅਤੇ ਇੰਨਾਂ ਦੀ ਸਹੂਲਤ ਦਾ ਧਿਆਨ ਰੱਖਣਾ ਸਾਡਾ ਮੁੱਢਲਾ ਫਰਜ਼ ਬਣਦਾ ਹੈ। ਉਨਾਂ ਕਿਹਾ ਕਿ ਵੈਸੇ ਵੀ ਇਹ ਸਮਾਜ ਦਾ ਉਹ ਅੰਗ ਹਨ ਜਿੰਨਾਂ ਨੂੰ ਮੌਜੂਦਾ ਮਹਾਂਮਾਰੀ ਤੋੋਂ ਪੀੜਿਤ ਹੋਣ ਦੀ ਜ਼ਿਆਦਾ ਸੰਭਾਵਨਾ ਰਹਿੰਦੀ ਹੈ। ਉਨਾਂ ਅਪੀਲ ਵੀ ਕੀਤੀ ਕਿ ਜਿੰਨਾਂ ਲਾਭਪਾਤਰੀਆਂ ਨੂੰ ਬਹੁਤ ਜ਼ਿਆਦਾ ਐਮਰਜੈਂਸੀ ਨਾ ਹੋਵੇ ਤਾਂ ਉਹ ਕਾਹਲੀ ਕਰਨ ਦੀ ਬਜਾਏ ਆਪੋ ਆਪਣੇ ਪਿੰਡ ਦੀ ਵਾਰੀ ਦਾ ਇੰਤਜ਼ਾਰ ਕਰਨ, ਕਿਉਂਕਿ ਆਉਣ ਵਾਲੇ ਐਤਵਾਰ ਤੱਕ ਸਮੂਹ ਲਾਭਪਾਤਰੀਆਂ ਨੂੂੰ ਪੈਨਸ਼ਨ ਤਕਸੀਮ ਕਰ ਦਿੱਤੀ ਜਾਵੇਗੀ।