ਮਨਪ੍ਰੀਤ ਸਿੰਘ ਜੱਸੀ
ਅੰਮ੍ਰਿਤਸਰ, 23 ਅਪ੍ਰੈਲ 2020 - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਸੂਬੇ ਵਿਚ ਸ਼ਰਾਬ ਦੇ ਠੇਕੇ ਖੋਲ•ਣ ਲਈ ਕੇਂਦਰੀ ਗ੍ਰਹਿ ਮੰਤਰਾਲੇ ਤੋਂ ਇਜਾਜਤ ਮੰਗਣ 'ਤੇ ਟਿੱਪਣੀ ਕਰਦੇ ਹੋਏ ਸਾਬਕਾ ਸਿਹਤ ਮੰਤਰੀ ਪ੍ਰੋ: ਲਕਸ਼ਮੀ ਕਾਂਤਾ ਚਾਵਲਾ ਨੇ ਕਿਹਾ ਕਿ ਜੇਕਰ ਸ਼ਰਾਬ ਦੇ ਠੇਕੇ ਖੋਲ੍ਹੇਣੇ ਹਨ ਤਾਂ ਫਿਰ ਕਰਫਿਊ ਲਗਾਉਣ ਅਤੇ ਲਾਕਡਾਊਨ ਕਰਨ ਦੀ ਕੀ ਜ਼ਰੂਰਤ ਹੈ। ਪ੍ਰੋ: ਚਾਵਲਾ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ਼ਰਾਬ ਦੀ ਕਮਾਈ ਤੋਂ ਬਿਨਾਂ ਬੇਚਾਨ ਹਨ ਅਤੇ ਪੰਜਾਬ ਸਰਕਾਰ ਨੂੰ ਆਪਣੀ ਆਮਦਨੀ ਦੀ ਚਿੰਤਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਰਾਹਤ ਦੇਣੀ ਹੈ ਤਾਂ ਰੇਹੜੀ-ਫੜੀ, ਠੇਲੇ, ਰਿਕਸ਼ਾ ਅਤੇ ਆਟੋ ਰਿਕਸ਼ਾ ਚਲਾਉਣ ਵਾਲੇ ਬੇਰੋਜ਼ਗਾਰ ਹੋ ਕੇ ਆਪਣੇ ਘਰਾਂ ਵਿਚ ਬੰਦ ਬੈਠੇ ਲੋਕਾਂ ਨੂੰ ਦੇਣੀ ਚਾਹੀਦੀ ਹੈ | ਜੋ ਆਪਣਾ ਕਾਬੋਬਾਰ ਕਰਕੇ ਆਪਣਾ ਅਤੇ ਆਪਣੇ ਪਰਿਵਾਰ ਦਾ ਢਿੱਡ ਭਰ ਸਕਣ। ਉਨ੍ਹਾਂ ਕਿਹਾ ਸ਼ਰਾਬ ਦੇ ਠੇਕੇ ਖੁੱਲ੍ਹਣ ਨਾਲ ਪਿਆਕੜਾਂ ਨੂੰ ਮੌਜ ਤਾਂ ਲੱਗ ਸਕਦੀ ਹੈ, ਇਸ ਨਾਲ ਘਰਾਂ ਵਿਚ ਹਿੰਸਾਂ ਦਾ ਮਾਹੌਲ ਬਣ ਜਾਵੇਗਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਇਸ ਗੱਲ ਤੋਂ ਵਾਕਫ਼ ਹਨ ਕਿ ਸ਼ਰਾਬ ਦੇ ਸ਼ੌਕੀਨ ਵੱਡੇ ਵੱਡੇ ਲੋਕਾਂ ਦੇ ਘਰਾਂ ਵਿਚ ਸ਼ਰਾਬ ਪੁੱਜ ਰਹੀ ਹੈ । ਚੰਗਾਂ ਤਾਂ ਇਹ ਹੈ ਕਿ ਪੰਜਾਬ ਸਰਕਾਰ ਜੇਕਰ ਸਹੀ ਅਰਥਾਂ 'ਚ ਕੋਰੋਨਾ ਦੀ ਲੜਾਈ ਲੜਨਾ ਚਾਹੁੰਦੀ ਹੈ ਤਾਂ ਕਰਫਿਊ ਹਟਾਉਣ ਤੋਂ ਬਾਅਦ ਵੀ ਸ਼ਰਾਬ ਦੇ ਠੇਕੇ ਲੰਬੇ ਸਮੇਂ ਤੱਕ ਬੰਦ ਰੱਖੇ ਜਾਣ।