← ਪਿਛੇ ਪਰਤੋ
ਦੀਦਾਰ ਗੁਰਨਾ/ਜਸਪਾਲ ਨਿੱਝਰ
ਫ਼ਤਿਹਗੜ੍ਹ ਸਾਹਿਬ, 23 ਅਪ੍ਰੈਲ 2020 - ਸੰਸਾਰ ਭਰ ਵਿੱਚ ਕਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਅਤੇ ਇਸ ਦੇ ਇਲਾਜ ਲਈ ਇਸੇ ਚੱਲ ਰਿਹਾ ਹੈ। ਦੁਨੀਆ ਦੇ ਤਕਰੀਬਨ ਸਾਰੇ ਦੇਸ਼ਾਂ ਨੇ ਲਾਕਡਾਊਨ ਕੀਤਾ ਹੋਇਆ ਹੈ ਅਤੇ ਲੋਕਾਂ ਨੂੰ ਸਮਾਜਿਕ ਦੂਰੀ ਬਣਾ ਕੇ ਰੱਖਣ ਦੀਆਂ ਅਪੀਲਾਂ ਕੀਤੀਆਂ ਜਾ ਰਹੀਆਂ ਨੇ। ਰਮਜ਼ਾਨ ਦਾ ਪਵਿੱਤਰ ਮਹੀਨਾ 25 ਅਪ੍ਰੈਲ ਤੋਂ ਸ਼ੁਰੂ ਹੋ ਕੇ 25 ਮਈ ਤੱਕ ਹੈ। ਮੁਸਲਿਮ ਭਾਈਚਾਰੇ ਵਿੱਚ ਇਸ ਮਹੀਨੇ ਦੀ ਖ਼ਾਸ ਮਹੱਤਤਾ ਹੈ। ਰਮਜ਼ਾਨ ਦੇ ਮਹੀਨੇ ਵਿੱਚ ਲੋਕ ਘਰਾਂ ਚੋਂ ਬਾਹਰ ਨਾ ਨਿਕਲਣ ਅਤੇ ਸਮਾਜਿਕ ਦੂਰੀ ਦੀ ਉਲੰਘਣਾ ਨਾ ਹੋਵੇ ਇਸ ਗੱਲ ਨੂੰ ਲੈ ਕੇ ਮੁਸਲਿਮ ਧਾਰਮਿਕ ਆਗੂ ਅਤੇ ਹੋਰ ਜ਼ਿੰਮੇਵਾਰ ਸੱਜਣ ਲੋਕਾਂ ਨੂੰ ਅਪੀਲ ਕਰ ਰਹੇ ਹਨ ਕਿ ਰੋਜ਼ਾਨਾ ਦੀ ਨਮਾਜ਼ ਘਰਾਂ ਦੇ ਵਿੱਚ ਹੀ ਪੜ੍ਹੀ ਜਾਵੇ। ਨਾਇਬ ਸ਼ਾਹੀ ਇਮਾਮ ਉਸਮਾਨ ਲੁਧਿਆਣਵੀ ਤੇ ਫ਼ਤਿਹਗੜ੍ਹ ਸਾਹਿਬ ਤੋਂ ਘੱਟ ਗਿਣਤੀ ਸੈੱਲ ਦੇ ਚੇਅਰਮੈਨ ਸੈਫ਼ ਅਹਿਮਦ ਨੇ ਇੱਕ ਸਾਂਝੇ ਪ੍ਰੈੱਸ ਬਿਆਨ ਰਾਹੀਂ ਮੁਸਲਿਮ ਭਾਈਚਾਰੇ ਨੂੰ ਅਪੀਲ ਕਰਦਿਆਂ ਕਿਹਾ ਕਿ ਕਰੋਨਾ ਵਾਇਰਸ ਸਾਰੀ ਦੁਨੀਆ ਲਈ ਮੁਸੀਬਤ ਬਣਿਆਂ ਹੋਇਆ ਹੈ। ਅਜਿਹੇ ਔਖੇ ਸਮੇਂ ਵਿੱਚ ਸਾਨੂੰ ਏਕਤਾ ਦਾ ਸੰਦੇਸ਼ ਦੇਣਾ ਚਾਹੀਦਾ ਹੈ, ਕਿਉਂਕਿ ਇਸ ਨਾ-ਮੁਰਾਦ ਬਿਮਾਰੀ ਤੋਂ ਸੰਜਮ ਅਤੇ ਸਿਆਣਪ ਨਾਲ ਹੀ ਬਚਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਰੋਜ਼ਾਨਾ ਦੀ ਨਮਾਜ਼ ਅਤੇ ਰਮਜ਼ਾਨ ਦੇ ਮਹੀਨੇ ਵਿੱਚ ਤਰਾਵੀਹ ਦੀ ਨਮਾਜ਼ ਆਪਣੇ ਆਪਣੇ ਘਰਾਂ ਦੇ ਅੰਦਰ ਹੀ ਰਹਿ ਕੇ ਅਦਾ ਕਰਨੀ ਚਾਹੀਦੀ ਹੈ ਅਤੇ ਸਾਰੀ ਦੁਨੀਆ ਦਾ ਭਲਾ ਮੰਗਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਆਪਸੀ ਭਾਈਚਾਰਕ ਸਾਂਝ ਵਧੇਗੀ ਅਤੇ ਸਮਾਜਿਕ ਦੂਰੀ ਦੀ ਉਲੰਘਣਾ ਵੀ ਨਹੀਂ ਹੋਵੇਗੀ। ਇਸ ਮੌਕੇ ਦੋਨਾਂ ਆਗੂਆਂ ਨੇ ਰਮਜ਼ਾਨ ਮਹੀਨੇ ਦੀ ਸਮਾਂ ਸਾਰਨੀ ਵੀ ਜਾਰੀ ਕੀਤੀ।
Total Responses : 266