ਮਨਪ੍ਰੀਤ ਸਿੰਘ ਜੱਸੀ
- ਸਾਨੂੰ ਰਾਸ਼ਨ ਜਾਂ ਪੈਸਾ ਨਹੀਂ ਚਾਹੀਦਾ, ਸਿਰਫ ਸਰਕਾਰ ਸਾਡਾ ਹਾਲ ਚਾਲ ਹੀ ਪੁੱਛੇ: ਮਾਤਾ ਸੁਰਜੀਤ ਕੌਰ
- ਕੈਪਟਨ ਅਮਰਿੰਦਰ ਸਿੰਘ ਪਿਛਲੇ ਸਾਲ ਖੁਦ ਮਾਤਾ ਸੁਰਜੀਤ ਕੌਰ ਨੂੰ ਵਿਸ਼ੇਸ਼ ਤੌਰ ਤੇ ਮਿਲੇ ਸਨ
- ਪ੍ਰਧਾਨ ਮੰਤਰੀ ਇੰਦਰਾਂ ਗਾਧੀ, ਰਾਜੀਵ ਗਾਂਧੀ, ਰਾਸ਼ਟਰਪਤੀ ਸ੍ਰੀ ਸ਼ੰਕਰ ਦਿਆਲ ਸ਼ਰਮਾ ਨੇ ਵੀ ਵਿਸ਼ੇਸ਼ ਤੌਰ ਤੇ ਸਨਮਾਨਿਆ
ਅੰਮ੍ਰਿਤਸਰ, 23 ਅਪ੍ਰੈਲ 2020 - ਕਹਿੰਦੇ ਨੇ ਜਿੰਨ੍ਹਾਂ ਦੇਸ਼ ਨੂੰ ਆਜ਼ਾਦ ਕਰਵਾਇਆ ਉਨ੍ਹਾਂ ਸ਼ਹੀਦਾਂ, ਫਰੀਡਮ ਫਾਈਟਰਾਂ ਦਾ ਕਰਜ਼ ਅਸੀਂ ਲੋਕ ਨਹੀਂ ਉਤਾਰ ਸਕਦੇ। ਫਰੀਡਮ ਫਾਇਟਰ ਪਰਿਵਾਰਾਂ ਨਾਲ ਸਬੰਧਤ ਕਈ ਪਰਿਵਾਰ ਪੰਜਾਬ ਵਿਚ ਹਨ। ਇਹੋ ਜਿਹਾ ਪਰਿਵਾਰ ਅੰਮ੍ਰਿਤਸਰ ਵਿਚ ਵਸਦਾ ਹੈ ਜਿੰਨ੍ਹਾਂ ਦੇ ਪਰਿਵਾਰ ਨੇ ਦੇਸ਼ ਦੀ ਆਜ਼ਾਦੀ ਲਈ ਆਪਣਾ ਆਪ ਵਾਰ ਦਿੱਤਾ। ਇਹ ਵਿਚਾਰ 102 ਸਾਲਾ ਬਜ਼ੁਰਗ ਮਾਤਾ ਸੁਰਜੀਤ ਕੌਰ ਨੇ ਆਪਣੇ ਧੁਰ ਅੰਦਰੋਂ ਰੱਖੇ। ਮਾਤਾ ਸੁਰਜੀਤ ਕੌਰ ਦੇ ਪਤੀ ਸੁਤੰਤਰਤਾ ਸੈਨਾਨੀ ਤੇ ਪ੍ਰਸਿੱਧ ਪੰਜਾਬੀ ਕਵੀ ਵੀਰ ਸਿੰਘ ਵੀਰ ਜੋ ਕਿ ਜੰਗੇ ਆਜ਼ਾਦੀ ਵਿਚ ਜੂਝਦੇ ਰਹੇ ਤੇ ਜਿੰਨ੍ਹਾਂ ਨੂੰ ਉਸ ਸਮੇਂ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਤਾਮਰ ਪੱਤਰ ਤੇ ਵਿਸ਼ੇਸ਼ ਸਨਮਾਨ ਦੇ ਕੇ ਸਨਮਾਨਿਆ, ਫਿਰ ਭਾਰਤ ਦੇ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੇ ਵੀ ਵਿਸ਼ੇਸ਼ ਤੌਰ 'ਤੇ ਸਨਮਾਨਿਆ।
ਉਸ ਤੋਂ ਬਾਅਦ ਭਾਰਤ ਦੇ ਰਾਸ਼ਟਰਪਤੀ ਸ਼੍ਰੀ ਸ਼ੰਕਰ ਦਿਆਲ ਸ਼ਰਮਾ ਨੇ ਵੀ ਦਿੱਲੀ ਵਿਖੇ ਸਨਮਾਨਿਆ। ਮਾਤਾ ਸੁਰਜੀਤ ਕੌਰ ਦੇ ਜੇਠ ਦੁਰਗਾ ਦਾਸ ਭਾਟੀਆ ਪ੍ਰੇਮ ਸਿੰਘ ਭਾਟੀਆ ਵੀ ਜਲਿਆਂਵਾਲੇ ਬਾਗ ਦੇ ਸਾਕੇ ਦੌਰਾਨ ਗ੍ਰਿਫਤਾਰੀਆਂ ਦੇ ਕੇ ਜੰਗੇ ਆਜ਼ਾਦੀ 'ਚ ਜੂਝਦੇ ਰਹੇ। ਇਥੇ ਇਹ ਕਹਿਣਾ ਵਾਜ਼ਬ ਹੈ ਕਿ ਪਿਛਲੇ ਸਾਲ ਮਾਤਾ ਸੁਰਜੀਤ ਕੌਰ ਨੂੰ 13 ਅਪ੍ਰੈਲ ਨੂੰ ਜਲਿਆਵਾਲੇ ਬਾਗ ਵਿਖੇ ਵਿਸ਼ੇਸ਼ ਤੌਰ ਬੁਲਾ ਕੇ ਮਿਲੇ ਸਨ। ਉਨ੍ਹਾਂ ਦੇ ਨਾਲ ਮੈਂਬਰ ਪਾਰਲੀਮੈਂਟ ਗੁਰਜੀਤ ਔਜਲਾ ਤੇ ਕਾਂਗਰਸ ਪ੍ਰਧਾਨ ਸ੍ਰੀ ਬਲਰਾਮ ਜਾਖੜ ਸਨ ਪਰ ਅੱਜ ਇਸ ਔਖੀ ਘੜੀ ਵਿਚ ਕੋਈ ਵੀ ਸਾਰ ਲੈਣ ਨਹੀਂ ਪਹੁੰਚਿਆ।
ਮਾਤਾ ਸੁਰਜੀਤ ਕੌਰ ਦਾ ਕਹਿਣਾ ਹੈ ਕਿ ਪੰਜਾਬ 'ਚ ਪਿਛਲੇ ਇਕ ਮਹੀਨੇ ਤੋਂ ਕਰਫਿਊ ਤੇ ਲਾਕਡਾਊਨ ਚੱਲ ਰਿਹਾ ਹੈ ਪਰ ਇਸ ਮਹੀਨੇ ਦੌਰਾਨ ਅੱਜ ਤੱਕ ਕੋਈ ਵੀ ਜ਼ਿਲਾ ਪ੍ਰਸ਼ਾਸਨ ਤੋਂ ਉਨ੍ਹਾਂ ਦਾ ਹਾਲ ਚਾਲ ਪੁੱਛਣ ਨਹੀਂ ਆਇਆ। ਉਨ੍ਹਾਂ ਕਿਹਾ ਕਿ ਸਾਨੂੰ ਰਾਸ਼ਨ, ਪੈਸੇ, ਕਿਸੇ ਵੀ ਪਦਾਰਥ ਦੀ ਲੋੜ ਨਹੀਂ। ਸਿਰਫ ਸਾਡੀ ਬਜ਼ੁਰਗਾਂ ਦੀ ਸਾਰ ਤੇ ਹਾਲ ਚਾਲ ਪੁੱਛਣ ਲਈ ਕੋਈ ਤੇ ਜਿਲਾ ਪ੍ਰਸ਼ਾਸ਼ਨ ਤੋਂ ਪਹੁੰਚੇ।