ਹਰਿੰਦਰ ਨਿੱਕਾ
- ਕਣਕ ਦੀ ਨਿਰਵਿਘਨ ਖਰੀਦ ਦਾ ਦਿੱਤਾ ਭਰੋਸਾ
- ਮੁੱਖ ਮੰਤਰੀ ਨੇ ਕੋਵਿਡ -19 ਦੇ ਮੁਸ਼ਕਿਲ ਸਮੇਂ ਦੌਰਾਨ ਸੁਚਾਰੂ ਤੇ ਨਿਰਵਿਘਨ ਖਰੀਦ ਜਾਰੀ ਰੱਖ ਆਪਣਾ ਵਾਅਦਾ ਨਿਭਾਇਆ : ਵਿਜੈ ਇੰਦਰ ਸਿੰਗਲਾ
ਸੰਗਰੂਰ, 24 ਅਪ੍ਰੈਲ 2020 - ਪੰਜਾਬ ਦੇ ਸਿੱਖਿਆ ਅਤੇ ਲੋਕ ਨਿਰਮਾਣ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਕਿਹਾ ਕਿ ਪੰਜਾਬ ਵਿਚ ਕੋਵਿਡ-19 ਦੇ ਪ੍ਰਕੋਪ ਕਾਰਨ ਦਰਪੇਸ਼ ਚੁਣੌਤੀਆਂ ਅਤੇ ਮੁਸ਼ਕਿਲਾਂ ਦੇ ਬਾਵਜੂਦ ਸੂਬੇ ’ਚ ਖਰੀਦ ਪ੍ਰਕਿਰਿਆ ਸੁਚਾਰੂ ਢੰਗ ਨਾਲ ਚੱਲ ਰਹੀ ਹੈ ਅਤੇ ਇਸ ਦੌਰਾਨ ਸੰਗਰੂਰ ਜ਼ਿਲਾ ਕਣਕ ਦੀ ਖਰੀਦ ਵਿੱਚ ਇੱਕ ਵਾਰ ਫਿਰ ਮੋਹਰੀ ਬਣ ਕੇ ਉੱਭਰ ਰਿਹਾ ਹੈ। ਉਨ੍ਹਾਂ ਸੂਬੇ ਦੇ ਅੰਨ ਭੰਡਾਰ ਵਿੱਚ ਵੱਡਾ ਹਿੱਸਾ ਪਾਉਣ ਲਈ ਜ਼ਿਲੇ ਦੇ ਕਿਸਾਨਾਂ, ਮਜ਼ਦੂਰਾਂ, ਆੜਤੀਆਂ ਅਤੇ ਖਰੀਦ ਅਮਲੇ ਸਮੇਤ ਹੋਰਨਾਂ ਭਾਈਵਾਲਾਂ ਦੇ ਯਤਨਾਂ ਦੀ ਵੀ ਸ਼ਲਾਘਾ ਕੀਤੀ।
ਉਨਾਂ ਦੱਸਿਆ ਕਿ ਪਹਿਲੇ 9 ਦਿਨਾਂ ’ਚ ਪੰਜਾਬ ’ਚ ਹੋਈ ਕਣਕ ਦੀ ਸਰਕਾਰੀ ਖਰੀਦ ’ਚ ਸੰਗਰੂਰ ਜ਼ਿਲੇ ਨੇ ਲਗਭਗ 10 ਫੀਸਦ ਹਿੱਸਾ ਪਾਇਆ ਹੈ। ਸ਼੍ਰੀ ਸਿੰਗਲਾ ਨੇ ਕਿਹਾ ਕਿ ਸਰਕਾਰ ਦੀਆਂ ਕੋਸ਼ਿਸ਼ਾਂ ਤੋਂ ਇਲਾਵਾ ਕਿਸਾਨਾਂ ਨੇ ਵੀ ਸੰਗਰੂਰ ਜ਼ਿਲੇ ਵਿੱਚ ਸੁਚਾਰੂ ਖਰੀਦ ਪ੍ਰਕਿਰਿਆ ਯਕੀਨੀ ਬਣਾਉਣ ਲਈ ਪ੍ਰਸ਼ਾਸਨ ਨੂੰ ਸਹਿਯੋਗ ਦਿੱਤਾ।
ਵਿਜੈ ਇੰਦਰ ਸਿੰਗਲਾ ਨੇ ਦੱਸਿਆ ਕਿ 23 ਅਪ੍ਰੈਲ ਤੱਕ ਪੰਜਾਬ ਵਿਚ 2,585,860 ਮੀਟਿ੍ਰਕ ਟਨ ਕਣਕ ਦੀ ਖਰੀਦ ਕੀਤੀ ਜਾ ਚੁੱਕੀ ਹੈ ਜਿਸ ’ਚੋਂ ਸੰਗਰੂਰ ਜ਼ਿਲੇ ’ਚ 370,235 ਮੀਟਿ੍ਰਕ ਟਨ ਤੋਂ ਵੱਧ ਜਿਣਸ ਖਰੀਦੀ ਗਈ ਹੈ। ਉਨਾਂ ਕਿਹਾ ਕਿ ਇਸਦੇ ਨਾਲ ਹੀ ਜ਼ਿਲੇ ਦੀਆਂ ਮੰਡੀਆਂ ’ਚੋਂ 235,363 ਮੀਟਿ੍ਰਕ ਟਨ, ਜੋ ਕਿ ਸੰਗਰੂਰ ਦੀ ਕੁੱਲ ਖਰੀਦ ਦੇ 63 ਫੀਸਦੀ ਤੋਂ ਵੀ ਵੱਧ ਹੈ, ਦੀ ਲਿਫ਼ਟਿੰਗ ਕਰ ਲਈ ਗਈ ਹੈ।
ਕੈਬਨਿਟ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਹਰ ਕਾਰਜਕਾਲ ਦੌਰਾਨ ਫਸਲਾਂ ਦੀ ਪ੍ਰੇਸ਼ਾਨੀ ਮੁਕਤ ਖਰੀਦ ਨੂੰ ਯਕੀਨੀ ਬਣਾਇਆ ਹੈ ਅਤੇ ਕੋਰੋਨਾਵਾਇਰਸ ਸੰਕਟ ਦੇ ਮੱਦੇਨਜ਼ਰ ਇਸ ਮਹੱਤਵਪੂਰਨ ਸਮੇਂ ਵਿਚ ਕਿਸਾਨਾਂ ਨਾਲ ਖੜ ਕੇ ਉਨਾਂ ਦੀ ਫਸਲ ਖਰੀਦਣ ਦਾ ਆਪਣਾ ਵਾਅਦਾ ਇੱਕ ਵਾਰ ਫਿਰ ਨਿਭਾਇਆ ਹੈ। ਉਨਾਂ ਕਿਹਾ ਕਿ ਕੋਰੋਨਾਵਾਇਰਸ ਦੇ ਖ਼ਤਰੇ ਦੇ ਬਾਵਜੂਦ, ਖਰੀਦ ਪ੍ਰਕਿਰਿਆ ਤੇਜ਼ੀ ਨਾਲ ਚੱਲ ਰਹੀ ਹੈ ਅਤੇ ਪੰਜਾਬ ਦੇ ਇਤਿਹਾਸ ਵਿਚ ਸਰਕਾਰੀ ਖਰੀਦ ਸ਼ੁਰੂ ਹੋਣ ਦੇ ਪਹਿਲੇ 9 ਦਿਨਾਂ ਦੇ ਅੰਦਰ ਇਹ ਸਭ ਤੋਂ ਤੇਜ਼ ਖਰੀਦ ਹੋ ਸਕਦੀ ਹੈ।
ਵਿਜੈ ਇੰਦਰ ਸਿੰਗਲਾ ਨੇ ਕਿਹਾ ਕਿ ਕੋਵਿਡ-19 ਫੈਲਣ ਕਾਰਨ ਸੂਬਾ ਸਰਕਾਰ ਨੂੰ ਅਨਾਜ ਮੰਡੀਆਂ ਵਿਚ ਸਮਾਜਿਕ ਦੂਰੀ ਬਣਾਈ ਰੱਖਣ ਲਈ ਕੁਝ ਪਾਬੰਦੀਆਂ ਲਾਉਣੀਆਂ ਪਈਆਂ ਹਨ ਪਰ ਕਿਸਾਨਾਂ ਲਈ ਇਸਦੇ ਸਕਾਰਾਤਮਕ ਨਤੀਜੇ ਸਾਹਮਣੇ ਆ ਰਹੇ ਹਨ ਕਿਉਂਕਿ ਉਹ ਬਿਨਾਂ ਕਿਸੇ ਮੁਸ਼ਕਲ ਦੇ ਆਪਣੀ ਉਪਜ ਵੇਚ ਰਹੇ ਹਨ। ਉਨਾਂ ਭਰੋਸਾ ਦਿੱਤਾ ਕਿ ਜਦੋਂ ਤੱਕ ਕਿਸਾਨਾਂ ਵੱਲੋਂ ਮੰਡੀਆਂ ਵਿਚ ਲਿਆਂਦੀ ਫ਼ਸਲ ਦਾ ਦਾਣਾ-ਦਾਣਾ ਖ਼ਰੀਦ ਨਹੀਂ ਲਿਆ ਜਾਂਦਾ ਖਰੀਦ ਪ੍ਰਕਿਰਿਆ ਤੇਜ਼ ਅਤੇ ਪਾਰਦਰਸ਼ੀ ਢੰਗ ਨਾਲ ਜਾਰੀ ਰਹੇਗੀ
ਸਿੰਗਲਾ ਨੇ ਕਿਸਾਨਾਂ ਨੂੰ ਕੋਰੋਨਾਵਾਇਰਸ ਨੂੰ ਹਰਾਉਣ ਲਈ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਨ ਦੀ ਅਪੀਲ ਕਰਦਿਆਂ ਅਨਾਜ ਮੰਡੀਆਂ ਵਿਚ ਇੱਕ ਦੂਜੇ ਤੋਂ ਸਮਾਜਿਕ ਦੂਰੀ ਬਣਾ ਕੇ ਰੱਖਣ ਲਈ ਕਿਹਾ। ਉਨਾਂ ਕਿਹਾ ਕਿ ਸਾਫ਼-ਸਫ਼ਾਈ ਯਕੀਨੀ ਬਣਾਉਣ ਅਤੇ ਕੋਵਿਡ-19 ਦੇ ਫੈਲਾਅ ਨੂੰ ਰੋਕਣ ਲਈ ਮੰਡੀਆਂ ਵਿਚ ਪੀਣਯੋਗ ਪਾਣੀ, ਹੱਥ ਥੋਣ ਦੀ ਸੁਵਿਧਾ ਅਤੇ ਸਿਹਤ ਸੇਵਾਵਾਂ ਸਮੇਤ ਉਚਿਤ ਸਹੂਲਤਾਂ ਵੀ ਉਪਲਬਧ ਕਰਵਾਈਆਂ ਗਈਆਂ ਹਨ।