ਅਸ਼ੋਕ ਵਰਮਾ
ਮਾਨਸਾ, 24 ਅਪ੍ਰੈਲ 2020 - ਕੋਵਿਡ-19 ਮਹਾਂਮਾਰੀ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ ਮਾਨਸਾ ਗੁਰਪਾਲ ਸਿੰਘ ਚਹਿਲ ਨੇ ਮੁਸਲਮਾਨ ਭਾਈਚਾਰੇ ਨੂੰ ਰਮਜ਼ਾਨ ਦਾ ਮਹੀਨਾ ਸੁਰੱਖਿਅਤ ਢੰਗ ਨਾਲ ਮਨਾਉਣ ਦੀ ਅਪੀਲ ਕੀਤੀ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਰਮਜ਼ਾਨ ਮਹੀਨੇ ਦੇ ਮੁਬਾਰਕ ਸਮੇਂ ਦੌਰਾਨ ਸਾਰੇ ਧਾਰਮਿਕ ਆਗੂਆਂ ਨੂੰ ਕਿਸੇ ਵੀ ਪ੍ਰਕਾਰ ਦਾ ਜਨਤਕ ਇਕੱਠ ਨਾ ਕਰਨ ਲਈ ਕਿਹਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਇਸ ਮੌਕੇ ਸਮੂਹ ਮਸਜ਼ਿਦ, ਦਰਗਾਹ, ਇਮਾਮਬਾੜਾ ਅਤੇ ਹੋਰ ਧਾਰਮਿਕ ਸਥਾਨ ਬੰਦ ਰਹਿਣਗੇ ਅਤੇ ਉਥੇ ਨਮਾਜ਼-ਏ-ਬਜ਼ਾਮਾਤ ਦੇ ਨਾਲ ਨਾਲ ਜੁੰਮਾ ਅਤੇ ਤਰਵੀਹ ਨਮਾਜ਼ ਤੇ ਵੀ ਪੂਰਨ ਤੌਰ ਤੇ ਪਾਬੰਦੀ ਲਗਾਈ ਗਈ ਹੈ। ਉਨ੍ਹਾਂ ਲੋਕਾਂ ਨੁੂੰ ਘਰਾਂ ਵਿੱਚ ਹੀ ਨਮਾਜ਼ ਅਦਾ ਕਰਨ ਦੀ ਸਲਾਹ ਦਿੱਤੀ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕਿਸੇ ਤਰ੍ਹਾਂ ਦਾ ਸਮਾਗਮ ਜਿਸ ਵਿਚ ਉਰਸ, ਪਬਲਿਕ ਅਤੇ ਨਿੱਜੀ ਇਫਤਾਰ ਪਾਰਟੀ, ਸਮਾਰੋਹ, ਦਾਅਵਤ-ਏ-ਸ਼ੇਹਰੀ ਅਤੇ ਹੋਰ ਧਾਰਮਿਕ ਸਮਾਰੋਹ, ਹਿਨ੍ਹਆਂ ਵਿਚ ਸ਼ਰਧਾਲੂਆਂ ਦਾ ਇਕੱਠ ਹੁੰਦਾ ਹੈ, ਉਨ੍ਹਾਂ ਤੇ ਵੀ ਸਖਤ ਪਾਬੰਦੀ ਵੀ ਲਗਾਈ ਗਈ ਹੈ।
ਡਿਪਟੀ ਕਮਿਸ਼ਨਰ ਵੱਲੋ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਹਦਾਇਤ ਕੀਤੀ ਕਿ ਇਕ ਦੂਜੇ ਨੂੰ ਮੁਬਾਰਕਬਾਦ ਦੇਣ ਲਈ ਕਿਸੇ ਵੀ ਹਾਲ ਵਿਚ ਗਲੇ ਨਹੀਂ ਮਿਲਣਾ ਅਤੇ ਨਾ ਹੀ ਹੱਥ ਮਿਲਾਉਣਾ ਹੈ ਬਲਕਿ ਹੋਰ ਢੰਗਾਂ ਨਾਲ ਜਿਵੇਂ ਕਿ ਦਿਲ ਉੱਤੇ ਹੱਥ ਰੱਖਣਾ, ਦੁਆ ਸਲਾਮ ਕਰਨਾ ਆਦਿ ਦੀ ਵਰਤੋਂ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਮਸਜਿਦਾਂ ਵਿਚ ਜਨਤਕ ਸੂਚਨਾ ਪ੍ਰਣਾਲੀ ਕੇਵਲ ਸਥਾਨਕ ਪ੍ਰਸ਼ਾਸਨ ਵੱਲੋਂ ਜਾਰੀ ਅਨਾਊਂਸਮੈਟ ਲਈ ਹੀ ਕੀਤਾ ਜਾਵੇ ਅਤੇ ਲੋੜ ਪੈਣ ਤੇ ਸੇਹਰੀ ਖਤਮ ਹੋਣਾ ਅਤੇ ਇਫਤਾਰ ਸਮੇਂ ਦਾ ਸ਼ੁਰੂ ਹੋਣ ਦੇ ਸਬੰਧ ਵਿਚ ਜਾਣਕਾਰੀ ਦਿੱਤੀ ਜਾ ਸਕਦੀ ਹੈ।
ਡਿਪਟੀ ਕਮਿਸ਼ਨਰ ਨੇ ਹਦਾਇਤ ਕੀਤੀ ਕਿ ਸ਼ੂਗਰ , ਦਿਲ ਦੀਆਂ ਬਿਮਾਰੀਆਂ ਅਤੇ ਕੋਵਿਡ-19 ਆਦਿ ਦੇ ਮਰੀਜ਼ ਡਾਕਟਰੀ ਸਲਾਹ ਉਪਰੰਤ ਹੀ ਰੋਜ਼ਾ ਰੱਖਣ। ਉਨ੍ਹਾਂ ਕਿਹਾ ਕਿ ਘਰੋਂ ਬਾਹਰ ਨਿਕਲਣ ਤੇ ਹੀ ਕੱਪੜੇ ਦਾ ਮਾਸਕ, ਸੈਨੀਟਾਈਜ਼ਰ ਦੀ ਵਰਤੋਂ ਅਤੇ ਸਮਾਜਿਕ ਦੂਰੀ ਬਰਕਰਾਰ ਰੱਖਣਾ ਯਕੀਨੀ ਬਣਾਇਆ ਜਾਵੇ।
ਉਹਨਾਂ ਲੋਕਾਂ ਨੂੰ ਇਹ ਵੀ ਅਪੀਲ ਕੀਤੀ ਕਿ ਪੰਜਾਬ ਸਰਕਾਰ ਵੱਲੋ ਬਣਾਈ ਗਈ ਕੋਵਾ ਐੱਪ ਡਾਊਨਲੋਡ ਕੀਤੀ ਜਾਵੇ ਤਾਂ ਜੋ ਉਹ ਕੋਵਿਡ-19 ਸਬੰਧੀ ਸਹੀ ਸਮੇਂ ਉੱਪਰ ਪੁਖਤਾ ਜਾਣਕਾਰੀ ਹਾਸਿਲ ਕੀਤੀ ਜਾ ਸਕੇ ਅਤੇ ਝੂਠੀਆਂ ਅਫਵਾਹਾਂ ਤੋਂ ਬਚ ਸਕਣ।