ਅਸ਼ੋਕ ਵਰਮਾ
ਬਠਿੰਡਾ, 24 ਅਪਰੈਲ 2020 - ਅੱਜ ਸਰਕਾਰੀ ਪਾਲੀਟੈਕਨਿਕ ਕਾਲਜ ਬਠਿੰਡਾ ਵਿਖੇ ਅੰਤਰ ਵਿਭਾਗੀ ਆਨ ਲਾਈਨ ਕੁਇੱਜ ਮੁਕਾਬਲਾ ਜੂਮ ਐਪ ਰਾਹੀਂ ਕਰਵਾਇਆ ਗਿਆ ਜਿਸ ਵਿੱਚ ਕਾਲਜ ਦੇ ਸਾਰੇ 09 ਵਿਭਾਗਾਂ ਦੀਆਂ ਟੀਮਾਂ ਨੇ ਭਾਗ ਲਿਆ। ਇਸ ਮੁਕਾਬਲੇ ਦਾ ਵਿਸ਼ਾ ਕਰੋਨਾਵਾਇਰਸ ਮਹਾਂਮਾਰੀ-ਕੋਵਿਡ-19 ਸੀ। ਇਹ ਮੁਕਾਬਲਾ ਕਾਲਜ ਦੇ ਲਿਟਰੇਰੀ ਕਲੱਬ ਵੱਲੋਂ ਵਿਦਿਆਰਥੀਆਂ ਨੂੰ ਇਸ ਕੋਰੋਨਾ ਵਾਇਰਸ ਮਹਾਂਮਾਰੀ ਸਬੰਧੀ ਵਧੇਰੇ ਜਾਗਰੂਕ ਕਰਨ ਦੇ ਮੰਤਵ ਨਾਲ ਕਰਵਾਇਆ ਗਿਆ ਸੀ। ਇਸ ਮੁਕਾਬਲੇ ਵਿੱਚ ਫਾਰਮੇਸੀ ਵਿਭਾਗ ਦੀ ਟੀਮ ਨੇ 70 ਨੰਬਰ ਲੈ ਕੇ ਪਹਿਲਾ, ਆਈ.ਟੀ ਵਿਭਾਗ ਦੀ ਟੀਮ ਨੇ 65 ਨੰਬਰ ਲੈ ਕੇ ਦੂਜਾ ਅਤੇ ਆਰਕੀਟੈਕਚਰਲ ਅਸਿਸਟੈਂਸ਼ਿਪ ਵਿਭਾਗ ਦੀ ਟੀਮ ਨੇ 45 ਨੰਬਰ ਲੈ ਕੇ ਤੀਜਾ ਸਥਾਨ ਹਾਸਿਲ ਕੀਤਾ।
ਇਸ ਮੌਕੇ ਕਾਲਜ ਦੇ ਪਿ੍ਰੰਸੀਪਲ ਯਾਦਵਿੰਦਰ ਸਿੰਘ ਨੇ ਆਨ ਲਾਈਨ ਸ਼ਾਮਿਲ ਹੋ ਕਿ ਵਿਦਿਆਰਥੀਆਂ ਦੀ ਹੌਸਲਾ ਅਫਜਾਈ ਕੀਤੀ। ਉਹਨਾਂ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਵਿਦਿਆਰਥੀਆਂ ਦੇ ਕੋਵਿਡ-19 ਸਬੰਧੀ ਆਮ ਗਿਆਨ ਦੀ ਪ੍ਰਸੰਸਾ ਵੀ ਕੀਤੀ। ਉਹਨਾਂ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਜਿੰਮੇਵਾਰ ਨਾਗਰਿਕ ਦੀ ਤਰਾਂ ਲਾਕਡਾਊਨ ਦੀ ਪੂਰਨ ਤੌਰ ਤੇ ਪਾਲਣਾ ਕਰਨ ਅਤੇ ਆਪਣੇ ਪ੍ਰੀਵਾਰ ਨੂੰ ਵੀ ਇਸ ਲਈ ਪ੍ਰੇਰਿਤ ਕਰਨ। ਉਹਨਾਂ ਦੱਸਿਆ ਕਿ ਕਾਲਜ ਵੱਲੋਂ ਵਿਦਿਆਰਥੀਆਂ ਨੂੰ ਜੂਮ ਐਪ, ਵੱਟਸ ਐਪ, ਯੂ-ਟਿਊਬ ਅਤੇ ਹੋਰ ਆਨ ਲਾਈਨ ਤਰੀਕਿਆਂ ਰਾਹੀਂ ਲਗਾਤਾਰ ਪੜਾਈ ਕਰਵਾਈ ਜਾ ਰਹੀ ਹੈ।
ਉਹਨਾਂ ਵਿਦਿਆਰਥੀਆਂ ਨੂੰ ਦੱਸਿਆ ਕਿ ਲਾਕਡਾਊਨ ਖਤਮ ਹੋਣ ਤੋਂਂ ਬਾਅਦ ਹੀ ਵਿਦਿਆਰਥੀਆਂ ਦੀਆਂ ਬੋਰਡ ਪ੍ਰੀਖਿਆਵਾਂ ਹੋਣਗੀਆਂ। ਇਸ ਲਈ ਉਹ ਆਪਣਾ ਰੈਗੂਲਰ ਟਾਈਮ ਟੇਬਲ ਬਣਾ ਕੇ ਪੜਾਈ ਕਰਨ ਅਤੇ ਆਪਣੇ ਟੀਚਰਾਂ ਨਾਲ ਆਨ ਲਾਈਨ ਤਰੀਕਿਆਂ ਨਾਲ ਲਗਤਾਰ ਜੁੜੇ ਰਹਿਣ। ਉਹਨਾਂ ਵਿਦਿਆਰਥੀਆਂ ਨੂੰ ਇਹ ਅਪੀਲ ਵੀ ਕੀਤੀ ਕਿ ਉਹ ਲਾਕਡਾਊਨ ਦੌਰਾਨ ਘਰ ਦੇ ਅੰਦਰ ਰਹਿ ਕੇ ਸਮਾਜਿਕ ਦੂਰੀ ਨਿਯਮ ਦੀ ਪਾਲਣਾ ਕਰਦੇ ਹੋਏ ਸਰਕਾਰ ਨੂੰ ਸਹਿਯੋਗ ਦੇਣ ਤਾਂ ਜੋ ਇਸ ਮਹਾਂਮਾਰੀ ਤੋਂ ਬਚਿਆ ਜਾ ਸਕੇ। ਉਹਨਾਂ ਵਿਦਿਆਰਥੀਆਂ ਨੂੰ ਚੰਗੀ ਸੰਤੁਲਤ ਖੁਰਾਕ ਖਾਣ ਦੇ ਨਾਲ-ਨਾਲ ਕਸਰਤ ਜਾਂ ਯੋਗਾ ਆਦਿ ਕਰਨ ਲਈ ਵੀ ਪ੍ਰੇਰਿਆ ਤਾਂ ਕਿ ਉਹ ਸਰੀਰਕ ਅਤੇ ਮਾਨਸਿਕ ਤੌਰ ਤੇ ਤੰਦਰੁਸਤ ਰਹਿ ਸਕਣ।
ਇਹ ਮੁਕਾਬਲਾ ਕਾਲਜ ਦੇ ਲਿਟਰੇਰੀ ਕੱਲਬ ਦੇ ਇੰਚਾਰਜ ਸ੍ਰੀਮਤੀ ਮੀਨਾ ਗਿੱਲ, ਲੈਕਚਰਾਰ ਅਤੇ ਮਿਸ ਨਵਰੀਤ ਕੌਰ ਗਰੇਵਾਲ, ਲੈਕਚਰਾਰ ਦੀ ਦੇਖ ਰੇਖ ਹੇਠ ਕਰਵਾਇਆ ਗਿਆ। ਇਸ ਆਨ ਲਾਈਨ ਮੁਕਾਬਲੇ ਦੌਰਾਨ ਕਾਲਜ ਦੇ ਵੱਖ-ਵੱਖ ਮੁਖੀ ਵਿਭਾਗਾਂ ਤੋਂ ਇਲਾਵਾ ਹੋਰ ਸਟਾਫ ਮੈਂਬਰ ਵੀ ਮੌਜੂਦ ਸਨ।