ਮੁੱਖ ਮੰਤਰੀ ਨੇ ‘ਰਿਮੈਂਬਰੈਂਸ ਵਾਲ’ `ਤੇ ਆਪਣਾ ਸੰਦੇਸ਼ ਪੋਸਟ ਕਰਕੇ ਏ.ਸੀ.ਪੀ. ਕੋਹਲੀ ਵੱਲੋਂ ਨਿਭਾਈਆਂ ਸ਼ਾਨਦਾਰ ਸੇਵਾਵਾਂ ਨੂੰ ਚੇਤੇ ਕੀਤਾ
ਚੰਡੀਗੜ੍ਹ, 25 ਅਪ੍ਰੈਲ 2020: ਪੰਜਾਬ ਪੁਲੀਸ ਵੱਲੋਂ ਅੱਜ ਡਿਜੀਟਲ ਰਿਮੈਂਬਰੈਂਸ ਵਾਲ ਲਾਂਚ ਕੀਤੀ ਗਈ ਹੈ ਜਿਸ `ਤੇ ਸਵਰਗਵਾਸੀ ਏ.ਸੀ.ਪੀ. ਅਨਿਲ ਕੋਹਲੀ ਦੇ ਸਾਥੀ ਕਰਮਚਾਰੀ, ਪਰਿਵਾਰਕ ਮੈਂਬਰ, ਦੋਸਤ ਅਤੇ ਪ੍ਰਸ਼ੰਸਕ ਕਰੋਨਾ ਜੰਗ ਦੇ ਇਸ ਬਹਾਦਰ ਯੋਧੇ, ਜਿਨ੍ਹਾਂ ਦੀ ਮੌਜੂਦਾ ਕੋਵਿਡ ਸੰਕਟ ਦੌਰਾਨ ਡਿਊਟੀ ਕਰਦਿਆਂ ਮੌਤ ਹੋ ਗਈ, ਨੂੰ ਸਤਿਕਾਰ ਅਤੇ ਸ਼ਰਧਾਂਜਲੀ ਭੇਟ ਕਰ ਸਕਦੇ ਹਨ।
ਜ਼ਿਕਰਯੋਗ ਹੈ ਕਿ ਏਸੀਪੀ ਅਨਿਲ ਕੋਹਲੀ ਦੇਸ਼ ਦੇ ਪਹਿਲੇ ਪੁਲੀਸ ਅਧਿਕਾਰੀ ਸਨ ਜਿਨ੍ਹਾਂ ਦੀ 18 ਅਪ੍ਰੈਲ, 2020 ਨੂੰ ਲੁਧਿਆਣਾ ਵਿਖੇ ਕੋਵਿਡ-19 ਕਰਕੇ ਮੌਤ ਹੋ ਗਈ।
ਪੰਜਾਬ ਪੁਲਿਸ ਵੱਲੋਂ ਡਿਜੀਟਲ ‘ਰਿਮੈਂਬਰੈਂਸ ਵਾਲ’ ਲਾਂਚ ਕਰਨ ਮੌਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਸੰਦੇਸ਼ ਵਿੱਚ ਏਸੀਪੀ ਅਨਿਲ ਕੋਹਲੀ, ਜਿਨ੍ਹਾਂ ਨੇ ਦੇਸ਼ ਵਿੱਚ ਕਰੋਨਾਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਡਿਊਟੀ ਕਰਦਿਆਂ ਆਪਣੀ ਜਾਨ ਦੇ ਦਿੱਤੀ, ਦੀ ਯਾਦ ਵਿੱਚ ਇੱਕ ਡਿਜੀਟਲ ‘ਰਿਮੈਂਬਰੈਂਸ ਵਾਲ’ ਬਣਾਉਣ ਅਤੇ ਲਾਂਚ ਕਰਨ ਦੀ ਪੰਜਾਬ ਪੁਲੀਸ ਦੀ ਪਹਿਲਕਦਮੀ ਦੀ ਸ਼ਲਾਘਾ ਕੀਤੀ ਹੈ।
ਏਸੀਪੀ ਅਨਿਲ ਕੋਹਲੀ ਦੀ ਯਾਦ ਵਿਚ ਬਣਾਈ ਗਈ ਡਿਜੀਟਲ ਰਿਮੈਂਬਰੈਂਸ ਵਾਲ ਨੂੰ ਭਾਰਤ ਦੇ ਵੱਖ ਵੱਖ ਪੁਲੀਸ ਬਲਾਂ ਨਾਲ ਸਬੰਧਤ ਕਰੋਨਾ ਜੰਗ ਦੇ ਯੋਧਿਆਂ ਨੂੰ ਸਮਰਪਿਤ ਕਰਦਿਆਂ ਸ੍ਰੀ ਗੁਪਤਾ ਨੇ ਕਿਹਾ ਕਿ ਕੋਵਿਡ -19 ਵਿਰੁੱਧ ਜੰਗ ਵਿੱਚ ਪੰਜਾਬ ਪੁਲੀਸ ਦੇ ਏ.ਸੀ.ਪੀ. ਅਨਿਲ ਕੋਹਲੀ ਅਤੇ ਇੰਦੌਰ ਤੇ ਉਜੈਨ, ਮੱਧ ਪ੍ਰਦੇਸ਼ ਦੇ 2 ਐਚ.ਐਚ.ਓਜ਼ ਸਮੇਤ ਕਈ ਬਹਾਦਰ ਪੁਲੀਸ ਅਧਿਕਾਰੀਆਂ ਨੇ ਆਪਣੀ ਜਾਨ ਗੁਆ ਦਿੱਤੀ ਜਦਕਿ ਕੋਵਿਡ ਸੰਕਟ ਦੌਰਾਨ ਡਿਊਟੀ ਕਰਦਿਆਂ ਕਈਆਂ ਦੇ ਟੈਸਟ ਪਾਜ਼ੇਟਿਵ ਪਾਏ ਗਏ ਅਤੇ ਵੱਖ ਵੱਖ ਰਾਜਾਂ ਨਾਲ ਸਬੰਧਤ ਸੈਂਕੜੇ ਪੁਲੀਸ ਕਰਮੀ ਇਕਾਂਤਵਾਸ ਅਧੀਨ ਹਨ।
ਡੀਜੀਪੀ ਦਿਨਕਰ ਗੁਪਤਾ ਅਨੁਸਾਰ ਡਿਜੀਟਲ ਵਾਲ ਯੂ.ਆਰ.ਐਲ. www.inthelineofduty.in. `ਤੇ ਹੋਸਟ ਕੀਤੀ ਗਈ ਹੈ। ਇਸ ਵਾਲ `ਤੇ ਆਉਣ ਵਾਲੇ ਲੋਕ ਬਹਾਦਰ ਪੁਲੀਸ ਅਧਿਕਾਰੀ ਦੀ ਯਾਦ ਵਿੱਚ ਆਪਣਾ ਸੰਦੇਸ਼ ਪੋਸਟ ਕਰ ਸਕਦੇ ਹਨ।
ਆਪਣਾ ਸੰਦੇਸ਼ ਪੋਸਟ ਕਰਦਿਆਂ ਡੀਜੀਪੀ ਦਿਨਕਰ ਗੁਪਤਾ ਨੇ ਕਿਹਾ, “ਪਿਆਰੇ ਅਨਿਲ, ਤੁਸੀਂ ਸਮੁੱਚੀ ਪੰਜਾਬ ਪੁਲਿਸ ਲਈ ਪ੍ਰੇਰਣਾ ਹੋ। ਤੁਹਾਡੀ ਡਿਊਟੀ ਪ੍ਰਤੀ ਸਮਰਪਣ, ਤੁਹਾਡੀ ਨਿਰਸਵਾਰਥ ਸੇਵਾ ਅਤੇ ਮਨੁੱਖਤਾ ਦੀ ਭਲਾਈ ਲਈ ਕੀਤੇ ਨਿਰੰਤਰ ਕਾਰਜਾਂ ਨੇ ਸਮੁੱਚੇ ਪੰਜਾਬ ਨੂੰ ਕੀਲ ਕੇ ਰੱਖ ਦਿੱਤਾ ਹੈ। ਡਿਊਟੀ ਦੌਰਾਨ ਤੁਹਾਡੀ ਕੁਰਬਾਨੀ ਸਾਨੂੰ ਸਾਰਿਆਂ ਨੂੰ ਇਸ ਭਿਆਨਕ ਬਿਮਾਰੀ ਵਿਰੁੱਧ ਨਿਰੰਤਰ ਲੜਾਈ ਲਈ ਪ੍ਰੇਰਦੀ ਰਹੇਗੀ। ਤੁਸੀਂ ਪੰਜਾਬ ਪੁਲਿਸ ਵਿਚ ਸਾਡੇ ਸਾਰਿਆਂ ਲਈ ਮਾਰਗਦਰਸ਼ਕ ਬਣ ਗਏ ਹੋ। ਪ੍ਰਮਾਤਮਾ ਤੁਹਾਡੀ ਆਤਮਾ ਨੂੰ ਸ਼ਾਂਤੀ ਦੇਵੇ। ”
ਸ੍ਰੀ ਗੁਪਤਾ ਨੇ ਅੱਗੇ ਦੱਸਿਆ ਕਿ ਡਿਜੀਟਲ ‘ਰਿਮੈਂਬਰੈਂਸ ਵਾਲ’ `ਤੇ ਪੰਜਾਬ ਦਾ ਇੱਕ ਲਾਈਵ ਮੈਪ ਵੀ ਹੈ ਜਿਸ ਜ਼ਰੀਏ ਇਸ ਵਾਲ `ਤੇ ਆਉਣ ਵਾਲੇ ਲੋਕ ਕਿਸੇ ਵੀ ਜ਼ਿਲ੍ਹੇ `ਤੇ ਕਲਿੱਕ ਕਰਕੇ ਪੰਜਾਬ ਪੁਲੀਸ ਵੱਲੋਂ ਸੂਬੇ ਦੇ ਲੋਕਾਂ ਦੀ ਸੇਵਾ ਵਿੱਚ ਕੀਤੇ ਜਾ ਰਹੇ ਕੰਮਾਂ ਬਾਰੇ ਲਾਈਵ ਅਪਡੇਟਸ ਅਤੇ ਵੀਡਿਓਜ਼ ਵੇਖ ਸਕਦੇ ਹਨ।
ਸ੍ਰੀ ਦਿਨਕਰ ਗੁਪਤਾ ਨੇ ਕਿਹਾ ਕਿ ਏਸੀਪੀ ਅਨਿਲ ਕੋਹਲੀ ਨੂੰ ਗੁਆਉਣ ਤੋਂ ਇਲਾਵਾ ਪੰਜਾਬ ਪੁਲੀਸ ਨੂੰ ਉਸ ਵੇਲੇ ਵੀ ਇੱਕ ਵੱਡਾ ਝਟਕਾ ਲੱਗਾ ਜਦੋਂ 19 ਅਪ੍ਰੈਲ ਨੂੰ ਪਟਿਆਲਾ ਵਿਖੇ ਡਿਊਟੀ ਦੌਰਾਨ ਕੁਝ ਅਖੌਤੀ ਨਿਹੰਗਾਂ ਨੇ ਏ.ਐਸ.ਆਈ ਹਰਜੀਤ ਸਿੰਘ ਦਾ ਹੱਥ ਵੱਢ ਦਿੱਤਾ।
ਡੀ.ਜੀ.ਪੀ ਨੇ ਕਿਹਾ “ਸੂਬੇ ਵਿੱਚ ਕਰਫਿਊ ਲਗਾਉਣ ਤੋਂ ਲੈ ਕੇਂ ਸਾਡੀ ਫੋਰਸ `ਤੇ ਕਾਫ਼ੀ ਦਬਾਅ ਰਿਹਾ ਹੈ। ਪਰ ਸਾਡੇ ਅਧਿਕਾਰੀਆਂ ਨੇ ਕਾਨੂੰਨ ਤੇ ਵਿਵਸਥਾ ਬਣਾਏ ਰੱਖਣ ਅਤੇ ਵੱਖ ਵੱਖ ਸਮਾਜਿਕ ਅਤੇ ਧਾਰਮਿਕ ਜਥੇਬੰਦੀਆਂ ਦੇ ਸਹਿਯੋਗ ਨਾਲ ਪੰਜਾਬ ਦੇ ਗਰੀਬ ਅਤੇ ਦੱਬੇ-ਕੁਚਲੇ ਲੋਕਾਂ ਵਿਸ਼ੇਸ਼ ਤੌਰ `ਤੇ ਬੇਘਰੇ, ਦਿਹਾੜੀਦਾਰ ਮਜ਼ਦੂਰਾਂ ਅਤੇ ਦੇਸ਼ ਦੇ ਵੱਖ ਵੱਖ ਰਾਜਾਂ ਦੇ ਪ੍ਰਵਾਸੀਆਂ ਨੂੰ 4 ਹਫਤਿਆਂ ਵਿੱਚ 7 ਕਰੋੜ, 60 ਲੱਖ ਮੀਲ (ਭੋਜਨ) ਮੁਹੱਈਆ ਕਰਵਾ ਕੇ ਸ਼ਲਾਘਾਯੋਗ ਕੰਮ ਕੀਤਾ ਹੈ।``
ਕਾਬਿਲੇਗੌਰ ਹੈ ਕਿ ‘ਰਿਮੈਂਬਰੈਂਸ ਵਾਲ’ ਅਪੂਰਵ ਅਭੈ ਮੋਦੀ ਅਤੇ ਅਭਿਨਵ ਜੈਨ ਦੁਆਰਾ ਚਲਾਈ ਜਾ ਰਹੀ ਗੁੜਗਾਉਂ ਅਧਾਰਤ ਇਕ ਟੈਕਨੋ-ਮੀਡੀਆ ਕੰਪਨੀ ‘ਏ ਟੈਕਨੋਸ’ ਵੱਲੋਂ ਪੰਜਾਬ ਪੁਲੀਸ ਨੂੰ ਤੋਹਫ਼ੇ ਵਜੋਂ ਦਿੱਤੀ ਗਈ ਹੈ। ਇਸ ਪ੍ਰਾਜੈਕਟ ਦੀ ਸਿਰਜਣਾ ਕੈਰੋਲ ਗੋਇਲ ਮੋਗ੍ਹੇ ਮੀਡੀਆ ਵੱਲੋਂ ਕੀਤੀ ਗਈ।