ਹਰਿੰਦਰ ਨਿੱਕਾ
- www.esanjeevaniopd.in ਵੈਬਸਾਈਟ ਰਾਹੀਂ ਸੂਬੇ ਦੇ ਮਾਹਿਰ ਡਾਕਟਰਾਂ ਤੋਂ ਲਈ ਜਾ ਸਕਦੀ ਹੈ ਸਿਹਤ ਸਲਾਹ
- ਸੋਮਵਾਰ ਤੋਂ ਸ਼ਨਿਚਰਵਾਰ ਸਵੇਰੇ 10 ਤੋਂ ਦੁਪਹਿਰ ਦੇ 1 ਵਜੇ ਤੱਕ ਹੋਵੇਗੀ ਓਪੀਡੀ
ਬਰਨਾਲਾ, 25 ਅਪਰੈਲ 2020 - ਹੁਣ ਜ਼ਿਲ੍ਹਾ ਵਾਸੀ ਘਰ ਬੈਠੇ ਹੀ ਆਨਲਾਈਨ ਪ੍ਰਣਾਲੀ ਰਾਹੀਂ ਸੂਬੇ ਦੇ ਮਾਹਿਰ ਡਾਕਟਰਾਂ ਤੋਂ ਆਪਣੀ ਬਿਮਾਰੀ ਦੇ ਇਲਾਜ ਸਬੰਧੀ ਮੁਫ਼ਤ ਸਲਾਹ ਲੈ ਸਕਣਗੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਨੇ ਦੱਸਿਆ ਕਿ ਨੈਸ਼ਨਲ ਹੈਲਥ ਮਿਸ਼ਨ ਤਹਿਤ ਪੰਜਾਬ ਸਰਕਾਰ ਵੱਲੋਂ ਪ੍ਰਸ਼ਾਸ਼ਨਿਕ ਸੁਧਾਰ ਵਿਭਾਗ ਦੇ ਸਹਿਯੋਗ ਸਦਕਾ ਇਹ ਸਹੂਲਤ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਦਾ ਲਾਭ ਲੈਣ ਲਈ ਵੈਬਸਾਈਟ https://www.esanjeevaniopd.in ’ਤੇ ਜਾ ਕੇ ਪੇਸ਼ੈਂਟ ਰਜਿਸਟ੍ਰੇਸ਼ਨ ’ਤੇ ਜਾਣਾ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕਰੋਨਾ ਵਾਇਰਸ (ਕੋਵਿਡ-19) ਦੇ ਚੱਲਦਿਆਂ ਸੂਬੇ ਅੰਦਰ ਕਰਫਿਊ ਲੱਗਾ ਹੋਇਆ ਹੈ, ਇਸ ਤਹਿਤ ਸਰਕਾਰ ਵੱਲੋਂ ਲੋਕਾਂ ਦੀ ਸਹੂਲਤ ਲਈ ਆਨ-ਲਾਈਨ ਓ.ਪੀ.ਡੀ. ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਦੇ ਮਾਹਿਰ ਡਾਕਟਰਾਂ ਦਾ ਇੱਕ ਪੈਨਲ ਸੋਮਵਾਰ ਤੋਂ ਸ਼ਨੀਵਾਰ ਤੱਕ ਰੋਜ਼ਾਨਾ ਸਵੇਰੇ 10 ਵਜੇ ਤੋਂ ਲੈ ਕੇ ਦੁਪਹਿਰ ਦੇ 1 ਵਜੇ ਤੱਕ ਮਰੀਜ਼ਾਂ ਨੂੰ ਆਨ-ਲਾਈਨ ਸਲਾਹ ਦੇਣ ਲਈ ਉਪਲੱਬਧ ਰਹੇਗਾ। ਉਨ੍ਹਾਂ ਦੱਸਿਆ ਕਿ ਫਿਲਹਾਲ ਹਾਲੇ ਜਨਰਲ ਫਿਜ਼ੀਸ਼ੀਅਨ (ਐਮ.ਡੀ. ਡਾਕਟਰ) ਦੀ ਓ.ਪੀ.ਡੀ. ਸ਼ੁਰੂ ਕਰਵਾਈ ਗਈ ਹੈ, ਪਰ ਜਲਦ ਹੀ ਹੋਰ ਵੀ ਮਾਹਿਰ ਡਾਕਟਰ ਇਸ ਵਿੱਚ ਸ਼ਾਮਿਲ ਕੀਤੇ ਜਾਣਗੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਆਨ-ਲਾਈਨ ਓ.ਪੀ.ਡੀ. ਦੀ ਪ੍ਰਣਾਲੀ ਬਹੁਤ ਹੀ ਆਸਾਨ ਹੈ। ਉਨ੍ਹਾਂ ਦੱਸਿਆ ਕਿ ਇਸ ਵਿੱਚ ਸਭ ਤੋਂ ਪਹਿਲਾਂ ਵਿਅਕਤੀ ਇਸ ਵੈਬਸਾਈਟ ’ਤੇ ਆਪਣੇ ਮੋਬਾਇਲ ਸਮੇਤ ਆਪਣਾ ਵੇਰਵਾ ਤਸਦੀਕ ਕਰੇਗਾ। ਉਸ ਉਪਰੰਤ ਮਰੀਜ਼ ਇਸ ’ਤੇ ਰਜਿਸਟਰ ਹੋ ਜਾਵੇਗਾ ਅਤੇ ਉਸਦਾ ਟੋਕਨ ਬਣ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਉਪਰੰਤ ਜੋ ਟੋਕਨ ਨੰਬਰ ਅਤੇ ਪੇਸ਼ੈਂਟ ਆਈ.ਡੀ. ਸਬੰਧਤ ਵਿਅਕਤੀ ਦੇ ਮੋਬਾਇਲ ਨੰਬਰ ’ਤੇ ਆਵੇਗੀ ਉਸ ਰਾਹੀਂ ਪੇਸ਼ੈਂਟ ਆਪਣੀ ਆਈ.ਡੀ. ਲਾਗਇਨ ਕਰੇਗਾ ਅਤੇ ਆਪਣੀ ਵਾਰੀ ਦਾ ਇੰਤਜ਼ਾਰ ਕਰਕੇ ਡਾਕਟਰ ਨਾਲ ਸਲਾਹ ਕਰ ਸਕਦਾ ਹੈ। ਉਨ੍ਹਾਂ ਦੱਸਿਆ ਕਿ ਇਸ ਪ੍ਰਕ੍ਰਿਆ ਤੋਂ ਬਾਅਦ ਡਾਕਟਰ ਜੋ ਦਵਾਈਆਂ ਲਿਖਦਾ ਹੈ ਉਨ੍ਹਾਂ ਨੂੰ ਡਾਊਨਲੋਡ ਕਰਕੇ ਦਵਾਈਆਂ ਦੀ ਦੁਕਾਨ ਤੋਂ ਦਵਾਈਆਂ ਲੈ ਸਕਦਾ ਹੈ।