ਅਸ਼ੋਕ ਵਰਮਾ
ਬਠਿੰਡਾ, 25 ਅਪਰੈਲ 2020 - ਕੋਰੋਨਾ ਕਾਰਨ ਲੱਗੇ ਕਰਫਿਊ ਕਾਰਨ ਜਿੱਥੇ ਸਭ ਕੁਝ ਬੰਦ ਹੈ ਉਥੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਨੇ ਜ਼ਿਲੇ ਵਿਚ ਛੋਟੇ ਬੱਚਿਆਂ, ਗਰਭਵਤੀ ਔਰਤਾਂ ਤੇ ਦੁੱਧ ਪਿਲਾਉਣ ਵਾਲੀਆਂ ਮਾਂਵਾਂ ਨੂੰ ਘਰਾਂ ਤੱਕ ਸੁੱਕਾ ਰਾਸ਼ਨ ਪੁਜਦਾ ਕੀਤਾ ਹੈ ਤਾਂ ਜੋ ਇਸ ਕਰੋਨਾ ਸੰਕਟ ਵਿਚ ਬੱਚੇ, ਗਰਭਵਤੀ ਔਰਤਾਂ ਅਤੇ ਮਾਂਵਾਂ ਨੂੰ ਚੰਗਾ ਭੋਜਨ ਮਿਲ ਸਕੇ ਤੇ ਉਨਾਂ ਦੇ ਕੁਪੋਸ਼ਣ ਦਾ ਕੋਈ ਅਸਰ ਨਾ ਹੋਵੇ। ਇਹ ਜਾਣਕਾਰੀ ਜ਼ਿਲੇ ਦੇ ਡਿਪਟੀ ਕਮਿਸ਼ਨਰ ਸ੍ਰੀ ਬੀ ਸ੍ਰੀਨਿਵਾਸਨ ਨੇ ਦਿੱਤੀ ਹੈ। ਉਨਾਂ ਨੇ ਦੱਸਿਆ ਕਿ ਦੋ ਵਾਰ ਵਿਚ ਇੰਨਾਂ ਲਈ ਲੌੜੀਂਦੀ ਖੁਰਾਕ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੇ ਘਰ-ਘਰ ਪੁੱਜਦੀ ਕੀਤੀ ਹੈ। ਇਸ ਤਹਿਤ ਜ਼ਿਲੇ ਵਿਚ ਕੁੱਲ 43071 ਲੋਕਾਂ ਤੱਕ ਸੁੱਕਾ ਰਾਸ਼ਨ ਪੁੱਜਦਾ ਕੀਤਾ ਗਿਆ ਹੈ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਜ਼ਿਲਾ ਪ੍ਰੋਗਰਾਮ ਅਫ਼ਸਰ ਸ੍ਰੀਮਤੀ ਅਵਤਾਰ ਕੌਰ ਨੇ ਦੱਸਿਆ ਕਿ ਉਨਾਂ ਦੇ ਵਿਭਾਗ ਵੱਲੋਂ ਛੋਟੇ ਬੱਚਿਆਂ ਨੂੰ ਕੁਪੋਸ਼ਣ ਤੋਂ ਬਚਾਉਣ ਲਈ ਵਿਸੇਸ਼ ਤੌਰ ਤੇ ਆਂਗਣਵਾੜੀਆਂ ਚਲਾਈਆਂ ਜਾ ਰਹੀਆਂ ਹਨ ਜਿੱਥੇ ਬੱਚਿਆਂ ਨੂੰ ਖੁਰਾਕ ਦੇ ਨਾਲ-ਨਾਲ ਉਨਾਂ ਦੇ ਟੀਕਾਕਰਨ ਤੇ ਉਨਾਂ ਨੂੰ ਸਕੂਲਿੰਗ ਦੀਆਂ ਅਦਤਾਂ ਪਾਉਣ ਦਾ ਕੰਮ ਵੀ ਕੀਤਾ ਜਾਂਦਾ ਹੈ। ਇਸ ਤੋਂ ਬਿਨਾਂ ਵਿਭਾਗ ਗਰਭਵਤੀ ਔਰਤਾਂ ਅਤੇ ਦੁੱਧ ਪਿਲਾਉਣ ਵਾਲੀਆਂ ਮਾਂਵਾਂ ਨੂੰ ਵੀ ਖੁਰਾਕ ਪਹੁੰਚਾਉਣ ਦਾ ਕੰਮ ਕਰਦਾ ਹੈ। ਪਰ ਕਰਫਿਊ ਕਾਰਨ ਆਂਗਣਵਾੜੀ ਬੰਦ ਹੋ ਜਾਣ ਤੋਂ ਬਾਅਦ ਇੰਨਾਂ ਸਭ ਨੂੰ ਘਰੋ-ਘਰੀ ਖੁਰਾਕ ਪਹੁੰਚਾਈ ਗਈ ਹੈ।
ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਨੇ ਦੱਸਿਆ ਕਿ ਵਿਭਾਗ ਵੱਲੋਂ 6 ਮਹੀਨਿਆਂ ਤੋਂ 3 ਸਾਲ ਤੱਕ ਦੇ 25684 ਬੱਚਿਆਂ ਨੂੰ, 3 ਸਾਲ ਤੋਂ 6 ਸਾਲ ਦੇ 6989 ਬੱਚਿਆਂ ਨੂੰ, 4688 ਗਰਭਵਤੀ ਔਰਤਾਂ ਤੇ 5710 ਦੁੱਧ ਪਿਲਾਉਣ ਵਾਲੀਆਂ ਮਾਂਵਾਂ ਨੂੰ ਘਰੋ ਘਰੀ ਰਸਦ ਪਹੁੰਚਾਈ ਗਈ ਹੈ। ਇਸ ਤਹਿਤ 438 ਕੁਇੰਟਲ ਕਣਕ, 477.5 ਕੁਇੰਟਲ ਚਾਵਲ, 346.6 ਕੁਇੰਟਲ ਚੀਨੀ, 146.9 ਕੁਇੰਟਲ ਸੁੱਕਾ ਦੁੱਧ, 357.5 ਕੁਇੰਟਲ ਪੰਜੀਰੀ ਅਤੇ 4.4 ਕੁਇੰਟਲ ਘਿਓ ਲਾਭਪਾਤਰੀਆਂ ਨੂੰ ਘਰਾਂ ਵਿਚ ਜਾ ਕੇ ਮੁਹਈਆ ਕਰਵਾਇਆ ਗਿਆ ਹੈ। ਇਸ ਤੋਂ ਬਿਨਾਂ ਆਂਗਣਵਾੜੀ ਵਰਕਰਾਂ ਵੱਲੋਂ ਆਪਣੇ ਪੱਧਰ ਤੇ ਮਾਸਕ ਤਿਆਰ ਕਰਕੇ ਵੀ ਵੰਡੇ ਜਾ ਰਹੇ ਹਨ।