ਅਸ਼ੋਕ ਵਰਮਾ
ਬਠਿੰਡਾ, 25 ਅਪਰੈਲ 2020 - ਬਠਿੰਡਾ ਜ਼ਿਲ੍ਹੇ ’ਚ ਪੰਜਾਬ ਦੀਆਂ 16 ਕਿਸਾਨ ,ਮਜਦੂਰ,ਠੇਕਾ ਕਾਮੇ , ਬਿਜਲੀ ਮੁਲਾਜਮਾਂ ,ਨੌਜਵਾਨਾਂ ਤੇ ਵਿਦਿਆਰਥੀ ਜੱਥੇਬੰਦੀਆਂ ਵੱਲੋਂ ਕੇਂਦਰ ਦੀ ਭਾਜਪਾ ਤੇ ਪੰਜਾਬ ਦੀ ਕਾਂਗਰਸ ਹਕੂਮਤ ਵਿਰੁੱਧ ਦਿੱਤੇ ਸੱਦੇ ਨੂੰ ਤਹਿਤ 45 ਪਿੰਡਾਂ ਵਿੱਚ ਕੋਠਿਆਂ ਤੇ ਚੜਕੇ ਸਰਕਾਰ ਵਿਰੁੱਧ ਜੋਰਦਾਰ ਨਾਅਰੇਬਾਜੀ ਕਰਕੇ ਤਿੱਖੇ ਰੋਹ ਦਾ ਪ੍ਰਗਟਾਵਾ ਕੀਤਾ ਗਿਆ।
ਪ੍ਰੈਸ ਦੇ ਨਾ ਬਿਆਨ ਜਾਰੀ ਕਰਦਿਆਂ ਜਿਲਾ ਕਿਸਾਨ ਆਗੂ ਸ਼ਿੰਗਾਰਾ ਸਿੰਘ ਮਾਨ ਤੇ ਮਜਦੂਰ ਆਗੂ ਜੋਰਾ ਸਿੰਘ ਨਸਰਾਲੀ ਨੇ ਕਿਹਾ ਕਿ ਲਾਕਡਾਉਨ ਹੋਣ ਕਾਰਨ ਦਿਹਾੜੀਦਾਰ ਮਜਦੂਰਾਂ ਨੂੰ ਰੋਟੀ ਰੋਜੀ ਦੇ ਲਾਲੇ ਪਏ ਹੋਏ ਹਨ । ਉਨਾਂ ਦੇ ਕੰਮ ਰੁਕਣ ਕਾਰਨ ਉਨਾਂ ਦਾ ਜੂਨ ਗੁਜਾਰਾ ਬੜੀ ਮੁਸਕਲ ਨਾਲ ਲੰਘ ਰਿਹਾ ਹੈ ਪਰ ਸਰਕਾਰ ਉਨਾਂ ਦੀਆਂ ਮੁਸਕਲਾਂ ਨੂੰ ਹੱਲ ਨਹੀ ਕਰ ਰਹੀ ਹੈ । ਅੱਜ ਕੀਤੀਆਂ ਛੱਤ ਰੈਲੀਆਂ ਨੂੰ ਕਿਸਾਨ ਆਗੂ ਹਰਿੰਦਰ ਕੌਰ ਬਿੰਦੂ,ਅਮਰੀਕ ਸਿੰਘ ਸਿਬੀਆਂ ,ਹਰਜਿੰਦਰ ਸਿੰਘ ਬੱਗੀ,ਜਗਸੀਰ ਸਿੰਘ ਝੁੰਬਾ,ਕੁਲਵੰਤ ਰਾਏ ਸ਼ਰਮਾਂ,ਜੱਗਾ ਸਿੰਘ ਜੋਗੇਵਾਲਾ,ਘਾਣਾ ਸਿੰਘ ਸਧਾਣਾ ਤੇ ਮਜਦੂਰ ਆਗੂ ਜੋਰਾ ਸਿੰਘ ਨਸਰਾਲੀ,ਤੀਰਥ ਸਿੰਘ ਕੋਠਾਗੁਰੂ, ਸੇਵਕ ਸਿੰਘ ਮਹਿਮਾਂ ਸਰਜਾ ਆਦਿ ਆਗੂਆਂ ਨੇ ਸਬੋਧਨ ਕਰਦਿਆਂ ਕਿਹਾ ਕਿ ਕੇਂਦਰ ਤੇ ਪੰਜਾਬ ਦੀਆਂ ਹਕੂਮਤਾਂ ਲੋਕਾਂ ਨੂੰ ਰਾਸ਼ਨ, ਦਵਾਈਆਂ ਦੇਣ ਵਿੱਚ ਬੂਰੀ ਤਰਾਂ ਫੇਲ ਹੋਈਆਂ ਹਨ।
ਉਨ੍ਹਾਂ ਕਿਹਾ ਕਿ ਕੋਰੋਨਾ ਦੀ ਆੜ ਹੇਠ ਜਮਹੂਰੀ ਹੱਕਾਂ ਦੀ ਗੱਲ ਕਰਨ ਵਾਲੇ ਬੁੱਧੀਜੀਵੀਆਂ ਅਤੇ ਸੀ.ਏ.ਏ. ਅਤੇ ਐਨ.ਪੀ ਆਰ ਦਾ ਵਿਰੋਧ ਕਰਨ ਵਾਲਿਆਂ ਨੂੰ ਗ੍ਰਿਫਤਾਰ ਕਰਕੇ ਜੇਲ੍ਹਾਂ ਵਿੱਚ ਸੁੱਟਿਆ ਜਾ ਰਿਹਾ ਹੈ । ਬੁਲਾਰਿਆਂ ਨੇ ਸਰਕਾਰ ਤੋਂ ਲੋਕਾਂ ਨੂੰ ਖਾਦ-ਖੁਰਾਕ ਸਪਲਾਈ ਕਰਨ, ਪ੍ਰਾਈਵੇਟ ਹਸਪਤਾਲਾਂ ਨੂੰ ਸਰਕਾਰੀ ਹੱਥਾਂ ਚੌਂ ਲੈਣ,ਡਾਕਟਰਾਂ,ਨਰਸਾਂ ਤੇ ਸਫਾਈ ਕਰਮਚਾਰੀਆਂ ਨੂੰ ਮੈਡੀਕਲ ਕਿੱਟਾਂ ਦੇਣ,ਜੇਲਾਂ ਵਿੱਚ ਬੰਦ ਵਿਅਕਤੀਆਂ ਨੂੰ ਰਿਹਾ ਕਰਨ ਅਤੇ ਕਣਕ ਦੀ ਖਰੀਦ ਦੇ ਪੁਖਤਾ ਪ੍ਰਬੰਧ ਕਰਨ ਅਤੇ ਮਹਾਂਮਾਰੀ ਦੀ ਰੋਕਥਾਮ ਲਈ ਉਦਯੋਗਪਤੀਆਂ ਤੇ ਜਗੀਰਦਾਰਾਂ ਤੇ ਉੱਚੇ ਟੈਕਸ ਲਾਉਣ ਦੀ ਮੰਗ ਕੀਤੀ ਅਤੇ ਸਰਕਾਰ ਦੀਆਂ ਫਿਰਕੂ ਤੇ ਜਾਬਰ ਨੀਤੀਆਂ ਵਿਰੁੱਧ ਇੱਕਜੁੱਟ ਹੋਕੇ ਸੰਘਰਸ਼ ਕਰਨ ਦਾ ਸੱਦਾ ਦਿੱਤਾ।