ਅਸ਼ੋਕ ਵਰਮਾ
- ਸਰਕਾਰ ’ਤੇ ਗੱਲ ਨਾ ਸੁਣਨ ਦੇ ਲਾਏ ਦੋਸ਼
ਬਠਿੰਡਾ, 25 ਅਪ੍ਰੈਲ 2020 - ਕੋਰੋਨਾ ਡਿਊਟੀ ’ਚ ਲੱਗੇ ਕਰਮਚਾਰੀਆਂ ਨੂੰ ਭਾਵੇਂ ਹੀ ਸਰਕਾਰ ਸਮੇਤ ਆਮ ਲੋਕਾਂ ਵੱਲੋਂ ਵੀ ‘ਜੰਗ ਦੇ ਯੋਧੇ’ ਆਦਿ ਕਹਿ ਕੇ ਹੌਂਸਲਾ ਵਧਾਇਆ ਜਾ ਰਿਹਾ ਹੈ ਪਰ ਸਰਕਾਰ ਵੱਲੋਂ ਸੁਣਵਾਈ ਨਾ ਕਰਨ ਤੇ ਇਨਾਂ ਯੋਧਿਆਂ ’ਚ ਸ਼ਾਮਿਲ ਕੌਮੀ ਸਿਹਤ ਮਿਸ਼ਨ ਤਹਿਤ ਸਿਹਤ ਵਿਭਾਗ ’ਚ ਕੰਮ ਕਰਦੇ ਵੱਡੀ ਗਿਣਤੀ ਕੱਚੇ ਮੁਲਾਜ਼ਮਾਂ ਨੇ ਸਿਵਲ ਹਸਪਤਾਲ ’ਚ ਹੀ ਸਰਕਾਰ ਖਿਲਾਫ਼ ਜੋਰਦਾਰ ਨਾਅਰੇਬਾਜ਼ੀ ਕੀਤੀ। ਪ੍ਰਦਰਸ਼ਨਕਾਰੀ ਸਿਹਤ ਕਾਮਿਆਂ ਨੇ ਆਖਿਆ ਕਿ ਉਹ ਕੋਰੋਨਾ ਖਿਲਾਫ਼ ਜੰਗ ’ਚ ਭਾਵੇਂ ਹੀ ਆਪਣੀਆਂ ਪੁਰਾਣੀਆਂ ਮੰਗਾਂ ਪੂਰੀਆਂ ਨਾ ਹੋਣ ਦੇ ਬਾਵਜ਼ੂਦ ਤਨਦੇਹੀ ਨਾਲ ਡਿਊਟੀ ਨਿਭਾਅ ਰਹੇ ਹਨ ਪਰ ਸਰਕਾਰ ਉਨਾਂ ਦੀ ਗੱਲ ਨਹੀਂ ਸੁਣ ਰਹੀ। ਕੋਰੋਨਾ ਕੰਟਰੋਲ ਰੂਮ ’ਚ ਡਿਊਟੀ ਨਿਭਾਉਣ ਵਾਲੇ ਅਤੇ ਬੀਸੀਸੀ ਜ਼ਿਲਾ ਕੁਆਰਡੀਨੇਟਰ ਨਰਿੰਦਰ ਕੁਮਾਰ ਨੇ ਆਖਿਆ ਕਿ ਤਨਖਾਹਾਂ ਸਬੰਧੀ ਉਨਾਂ ਦੀ ਸਰਕਾਰ ਨਾਲ ਕਈ ਵਾਰ ਗੱਲਬਾਤ ਹੋਈ ਪਰ ਭਰੋਸੇ ਤੋਂ ਬਿਨਾਂ ਕੁੱਝ ਨਹੀਂ ਮਿਲਿਆ। ਉਨਾਂ ਆਖਿਆ ਕਿ ਹੁਣ ਕੁੱਝ ਦਿਨ ਪਹਿਲਾਂ ਸਰਕਾਰ ਨੇ ਸਿਰਫ 100 ਮੁਲਾਜ਼ਮਾਂ ਦੀ ਤਨਖਾਹ ਵਧਾ ਕੇ ਆਖ ਦਿੱਤਾ ਕਿ ਐਨਐਚਐਮ ਕਾਮਿਆਂ ਦੀ ਤਨਖਾਹ ਵਧਾ ਦਿੱਤੀ ਜੋ ਕਿ ਗਲਤ ਹੈ।
ਉਨਾਂ ਸਪੱਸ਼ਟ ਕੀਤਾ ਕਿ ਇਹ ਤਨਖਾਹ ਸਿਰਫ ਆਈਡੀਐਸਪੀ ਵਿੰਗ ਜੋ ਐਨਐਚਐਮ ਦੇ ਹੀ ਅਧੀਨ ਹੈ ਉਸ ’ਚ ਕੰਮ ਕਰਦੇ ਸਟਾਫ਼ ਦੀ ਹੀ ਵਧਾਈ ਹੈ ਜਦੋਂਕਿ ਬਾਕੀ ਮੁਲਾਜ਼ਮਾਂ ਏਐਨਮਐਮ, ਆਸ਼ਾ ਵਰਕਰਾਂ, ਸਟਾਫ ਨਰਸ ਆਦਿ ਦੀ ਨਹੀਂ। ਸਿਹਤ ਵਿਭਾਗ ’ਚ ਕੌਂਸਲਰ ਵਜੋਂ ਸੇਵਾਵਾਂ ਨਿਭਾਉਂਦੀ ਜੋਤੀ ਨੇ ਦੱਸਿਆ ਕਿ ਉਹ ਕੋਰੋਨਾ ਖਿਲਾਫ਼ ਜੰਗ ’ਚ ਲੱਗੀ ਡਿਊਟੀ ਤਾਂ ਨਿਭਾਅ ਰਹੇ ਹਨ ਪਰ ਉਨਾਂ ਨੂੰ ਕੋਈ ਕਿੱਟ ਆਦਿ ਵੀ ਨਹੀਂ ਮਿਲੀ। ਉਨਾਂ ਸਰਕਾਰ ਨੂੰ ਸਵਾਲ ਕੀਤਾ ਕਿ ਜੇਕਰ ਇਸ ਕੋਰੋਨਾ ਡਿਊਟੀ ਦੌਰਾਨ ਕਿਸੇ ਵੀ ਕਰਮਚਾਰੀ ਨੂੰ ਕੁੱਝ ਹੁੰਦਾ ਹੈ ਤਾਂ ਸਰਕਾਰ ਕੁੱਝ ਕਰੇਗੀ ? ਉਨਾਂ ਆਖਿਆ ਕਿ ਉਹ ਇਕੱਲੀ ਕੋਰੋਨਾ ਹੀ ਨਹੀਂ ਐਚਆਈਵੀ ਪੌਜਟਿਵ ਮਰੀਜ਼ਾਂ ’ਚ ਵੀ ਆਪਣੀ ਡਿਊਟੀ ਕਰਦੇ ਹਨ। ਉਨ੍ਹਾਂ ਮੰਗ ਕੀਤੀ ਕਿ ਸਾਰੇ ਸਟਾਫ ਨੂੰ ਰੈਗੂਲਰ ਕਰਕੇ ਤਨਖਾਹਾਂ ’ਚ ਵਾਧਾ ਕੀਤਾ ਜਾਵੇ।
ਇਸ ਮੌਕੇ ਸੰਬੋਧਨ ਦੌਰਾਨ ਨਰਿੰਦਰ ਕੁਮਾਰ ਨੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਐਨਐਚਐਮ ਦੇ ਸਾਰੇ ਮੁਲਾਜ਼ਮਾਂ ਦੀ ਤਨਖਾਹ ਬਰਾਬਰ ਅਨੁਪਾਤ ’ਚ ਨਾ ਵਧਾਈ ਗਈ ਤਾਂ ਸੰਘਰਸ਼ ਨੂੰ ਤੇਜ਼ ਕੀਤਾ ਜਾਵੇਗਾ ਉਨਾਂ ਇਹ ਵੀ ਆਖਿਆ ਕਿ ਹੋ ਸਕਦਾ ਹੈ ਕਿ ਇਸ ਸੰਘਰਸ਼ ਦੇ ਚਲਦਿਆਂ ਉਨਾਂ ਨੂੰ ਆਪਣਾ ਕੰਮ ਵੀ ਬੰਦ ਕਰਨਾ ਪਵੇ ਕਿਉਂਕਿ ਕੰਮ ਬੰਦ ਕੀਤੇ ਬਿਨਾਂ ਸਰਕਾਰ ਦੇ ਕੰਨਾਂ ’ਤੇ ਜੂੰ ਨਹੀਂ ਸਰਕਦੀ ਨਰਿੰਦਰ ਕੁਮਾਰ ਨੇ ਆਖਿਆ ਕਿ ਸਰਕਾਰ ਉਨਾਂ ਦੀ ਅਹਿਮਤੀ ਨੂੰ ਸਮਝੇ ਕਿਉਂਕਿ ਐਨਐਚਐਮ ਤਹਿਤ ਕੰਮ ਕਰਦੇ ਸਿਹਤ ਕਰਮਚਾਰੀ ਹਰ ਮਿਸ਼ਨ ’ਚ ਮੋਹਰੀ ਹੋ ਕੇ ਡਿਊਟੀ ਕਰਦੇ ਹਨ ਇਸ ਲਈ ਉਨਾਂ ਦੀਆਂ ਮੰਗਾਂ ਪੂਰੀਆਂ ਕੀਤੀਆਂ ਜਾਣ।