ਜਵਾਹਰ ਨਵੋਦਿਆ ਵਿਦਿਆਲਿਆ ਵਿਖੇ ਬਣ ਰਿਹੈ ਕੋਵਿਡ ਕੇਅਰ ਸੈਂਟਰ
ਕਰੋਨਾ ਵਾਇਰਸ ਦੇ ਟਾਕਰੇ ਲਈ ਜ਼ਿਲ੍ਹੇ ’ਚ ਪੁਖਤਾ ਸਹੂਲਤਾਂ ਬਣਾਈਆਂ ਯਕੀਨੀ: ਡਿਪਟੀ ਕਮਿਸ਼ਨਰ
ਹਰਿੰਦਰ ਨਿੱਕਾ
ਬਰਨਾਲਾ 26 ਅਪਰੈਲ 2020: ਕੋਵਿਡ 19 ਦੀ ਰੋਕਥਾਮ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੇ ਜਾ ਰਹੇ ਯਤਨਾਂ ਤਹਿਤ ਜਵਾਹਰ ਨਵੋਦਿਆ ਵਿਦਿਆਲਿਆ, ਢਿੱਲਵਾਂ ਨੂੰ ਕੋਵਿਡ ਕੇਅਰ ਸੈਂਟਰ ਵਜੋਂ ਨੋਟੀਫਾਈ ਕੀਤਾ ਗਿਆ ਹੈ, ਜਿਸ ਦਾ ਨਿਰੀਖਣ ਅੱਜ ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਵੱਲੋਂ ਕੀਤਾ ਗਿਆ। ਇਸ ਮੌਕੇ ਸਿਵਲ ਸਰਜਨ ਡਾ. ਗੁੁਰਿੰਦਰਬੀਰ ਸਿੰਘ ਵੀ ਨਾਲ ਸਨ। ਇਸ ਦੇ ਨਾਲ ਹੀ ਉਨ੍ਹਾਂ ਮੁੜ ਵਸੇਬਾ ਕੇਂਦਰ ਪੱਤੀ ਸੋਹਲ (ਖੁੱਡੀ ਕਲਾਂ, ਰੋਡ) ਵਿਖੇ ਆਈਸੋਲੇਸ਼ਨ ਫੈਸਿਲਟੀ ਦਾ ਵੀ ਨਿਰੀਖਣ ਕੀਤਾ, ਜਿੱਥੇ 50 ਬਿਸਤਰਿਆਂ ਦੀ ਸਹੂਲਤ ਹੈ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕਰੋਨਾ ਵਾਇਰਸ ਦੇ ਮੱਦੇਨਜ਼ਰ ਆਈਸੋਲੇਸ਼ਨ ਦੀ ਵਧੇਰੇ ਸਹੂਲਤ ਯਕੀਨੀ ਬਣਾਉਣ ਲਈ ਢੁਕਵੇਂ ਪ੍ਰਬੰਧ ਕੀਤੇ ਗਏ ਹਨ। ਇਸੇ ਤਹਿਤ ਜਵਾਹਰ ਨਵੋਦਿਆ ਵਿਦਿਆਲਿਆ, ਢਿੱਲਵਾਂ ਨੂੰ ਕੋਵਿਡ ਕੇਅਰ ਸੈਂਟਰ ਨੋਟੀਫਾਈ ਕੀਤਾ ਜਾ ਚੁੱਕਾ ਹੈ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਲੋੜ ਪੈਣ ’ਤੇ ਇਸ ਸਹੂਲਤ ਦਾ ਲਾਹਾ ਲਿਆ ਜਾ ਸਕੇ। ਉਨ੍ਹਾਂ ਦੱਸਿਆ ਕਿ ਕੋਵਿਡ ਕੇਅਰ ਸੈਂਟਰ ਦਾ ਕੰਮ ਜਾਰੀ ਹੈ ਤੇ ਇਸ ਵਿਚ 240 ਬਿਸਤਰਿਆਂ ਦੀ ਸਹੂਲਤ ਹੋਵੇਗੀ। ਇਸ ਤੋਂ ਇਲਾਵਾ ਪੰਜਾਬ ਮਲਟੀਪਰਪਜ਼ ਮੈਡੀਕਲ ਇੰਸਟੀਚਿਊਟ ਸਹਿਣਾ ਅਤੇ ਗੁਰੂ ਗੋਬਿੰਦ ਸਿੰਘ ਕਾਲਜ ਆਫ ਨਰਸਿੰਗ ਬਰਨਾਲਾ ਨੂੰ ਕੋਵਿਡ ਕੇਅਰ ਸੈਂਟਰ ਨੋਟੀਫਾਈ ਕੀਤਾ ਗਿਆ ਹੈ, ਜਿੱਥੇ ਆਈਸੋਲੇਸ਼ਨ ਦੀ ਸਹੂਲਤ ਹੋਵੇਗੀ ਅਤੇ ਇਸ ਦੀ ਪ੍ਰਕਿਰਿਆ ਜਾਰੀ ਹੈ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਕੋਵਿਡ ਕੇਅਰ ਸੈਂਟਰ, ਢਿੱਲਵਾਂ ਵਿਚ ਸਾਰੀਆਂ ਲੋੜੀਂਦੀਆਂ ਸਹੂਲਤਾਂ ਦਾ ਜਾਇਜ਼ਾ ਲਿਆ। ਇਸ ਮੌਕੇ ਵਿਦਿਆਲਿਆ ਦੇ ਪ੍ਰਿੰਸੀਪਲ ਨਰੇਸ਼ ਕੁਮਾਰ ਤੇ ਹੋਰ ਅਧਿਕਾਰੀ, ਕਰਮਚਾਰੀ ਵੀ ਹਾਜ਼ਰ ਸਨ।
ਪੱਤੀ ਸੋਹਲ, ਖੁੱਡੀ ਕਲਾਂ ਰੋਡ ਆਈਸੋਲੇਸ਼ਨ ਫੈਸਿਲਟੀ ਦੇ ਨਿਰੀਖਣ ਦੌਰਾਨ ਡਿਪਟੀ ਕਮਿਸ਼ਨਰ ਨੇ ਸਾਰੀਆਂ ਸਹੂਲਤਾਂ ਦਾ ਜਾਇਜ਼ਾ ਲਿਆ ਅਤੇ ਅਧਿਕਾਰੀਆਂ ਨੂੰ ਲੋੜੀਂਦੀਆਂ ਹਦਾਇਤਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਰੋਨਾ ਵਾਇਰਸ ਦੇ ਟਾਕਰੇ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ ਅਤੇ ਸਿਹਤ ਸੇਵਾਵਾਂ ਵਿਚ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ।