ਅਸ਼ੋਕ ਵਰਮਾ
ਬਠਿੰਡਾ, 26 ਅਪ੍ਰੈਲ 2020: ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਆਖਿਆ ਹੈ ਕਿ ਸੂਬੇ ਵਿਚ ਕਰਫਿਊ ਵਿਚੋਂ ਢਿੱਲ ਦੇਣ ਸਬੰਧੀ ਅੰਤਮ ਨਿਰਣਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਮੂਚੀ ਕੈਬਨਿਟ ਵੱਲੋਂ ਮਾਹਿਰ ਸਮੂਹ ਦੀ ਰਾਏ ਅਨੁਸਾਰ ਲਿਆ ਜਾਵੇਗਾ। ਉਨਾਂ ਕਿਹਾ ਕਿ ਬੇਸ਼ੱਕ ਕਾਰੋਬਾਰ ਜਰੂਰੀ ਹੈ ਪਰ ਮਨੁੱਖੀ ਜਾਨਾਂ ਦੀ ਕੀਮਤ ਵਪਾਰ ਅਤੇ ਕਾਰੋਬਾਰ ਨਾਲ ਕਿਤੇ ਜਿਆਦਾ ਹੈ। ਉਨਾਂ ਨੇ ਕਿਹਾ ਕਿ ਸੂਬਾ ਸਰਕਾਰ ਨੇ ਪਹਿਲਾਂ ਵੀ ਰਾਜ ਦੇ ਹਿੱਤ ਵਿਚ ਦੂਜਿਆਂ ਤੋਂ ਪਹਿਲਾਂ ਯੋਗ ਫੈਸਲੇ ਲਏ ਹਨ ਅਤੇ ਹੁਣ ਵੀ ਸਹੀ ਸਮੇਂ ਤੇ ਸਹੀ ਨਿਰਣਾ ਪੰਜਾਬ ਦੇ ਲੋਕਾਂ ਦੇ ਹਿੱਤ ਵਿਚ ਲਿਆ ਜਾਵੇਗਾ।
ਉਹ ਐਤਵਾਰ ਨੂੰ ਵਾਲਮੀਕੀ ਨਗਰ, ਬਸੰਤ ਵਿਹਾਰ ਅਤੇ ਅਗਰਵਾਲ ਕਲੋਨੀ ਵਿਚ ਸਹਿਰ ਦੇ ਸਮਾਜ ਸੇਵੀਆਂ ਵੱਲੋਂ ਚਲਾਏ ਜਾ ਰਹੇ ਲੰਗਰ ਅਤੇ ਹੋਰ ਰਾਹਤ ਕਾਰਜਾਂ ਦੀ ਹੌਂਸਲਾਂ ਅਫਜਾਈ ਲਈ ਪੁੱਜੇ ਸਨ।ਇਸ ਤੋਂ ਬਿਨਾਂ ਉਨਾਂ ਨੇ ਸੰਤ ਨਿੰਰਕਾਰੀ ਮਿਸ਼ਨ ਭਵਨ ਵਿਖੇ ਮਾਸਕ ਬਣਾ ਰਹੇ ਵੰਲਟੀਅਰਾਂ ਦੇ ਜਜਬੇ ਨੁੰ ਵੀ ਸਰਾਹਿਆ। ਇੱਥੇ ਗ੍ਰੋਥ ਸੈਂਟਰ ਵੱਲੋਂ 600 ਰਾਸ਼ਨ ਕਿੱਟਾਂ ਵੀ ਸਮਾਜ ਦੇ ਲੋੜਵੰਦ ਲੋਕਾਂ ਨੂੰ ਵੰਡਣ ਹਿੱਤ ਭੇਜੀਆਂ। ਇੱਥੇ ਇਕ ਖੂਨਦਾਨ ਕੈਂਪ ਵੀ ਲਗਾਇਆ ਗਿਆ ਸੀ।
ਇਸ ਤੋਂ ਪਹਿਲਾਂ ਵਿੱਤ ਮੰਤਰੀ ਨੇ ਬੇਅੰਤ ਨੰਬਰ, ਗਲੀ ਨੰਬਰ 20 ਅਜੀਤ ਰੋਡ, ਵਾਰਡ ਨੰਬਰ 17, ਹਾਉਸਫੈਡ ਕਲੋਨੀ ਵਿਖੇ ਪਹੁੰਚ ਕੇ ਵੀ ਸਮਾਜ ਸੇਵਾ ਵਿਚ ਲੱਗੇ ਵਲੰਟੀਅਰਾਂ ਦੀ ਸੇਵਾ ਦੀ ਸਲਾਘਾ ਕੀਤੀ।ਇਸ ਮੌਕੇ ਸਮਾਜ ਸੇਵੀਆਂ ਨੇ ਜਿਲਾ ਕੋਵਿਡ ਰਾਹਤ ਫੰਡ ਲਈ ਦੋ ਲੱਖ ਰੁਪਏ ਦੀ ਸਹਾਇਤਾ ਵੀ ਭੇਂਟ ਕੀਤੀ।
ਇਸ ਮੌਕੇ ਸ: ਬਾਦਲ ਨੇ ਬਠਿੰਡਾ ਵਿਚ ਚੱਲ ਰਹੇ ਰਾਹਤ ਕਾਰਜਾਂ ਦੀ ਗੱਲ ਕਰਦਿਆਂ ਕਿਹਾ ਕਿ ਪਿਛਲੇ ਤਿੰਨ ਦਿਨਾਂ ਵਿਚ ਹੀ 2593 ਰਾਯ.ਨ ਦੀਆਂ ਕਿੱਟਾਂ ਵਾਰਡ ਨੰਬਰ 17 ਤੋਂ 21, ਗੋਪਾਲ ਨਗਰ, ਸੰਜੈ ਨਗਰ, ਨਰੂਆਣਾ ਰੋਡ, ਜੋਗੀ ਨਗਰ, ਖੱਦਰ ਭੰਡਾਰ ਗਲੀ, ਨਵੀਂ ਬਸਤੀ, ਪਾਰਸਰਾਮ ਨਗਰ, ਬੇਅੰਤ ਨਗਰ, ਬਸਤੀ ਅਮਰਪੁਰਾ ਆਦਿ ਵਿਚ ਵੰਡੀਆਂ ਗਈਆਂ ਹਨ। ਇਸ ਮੌਕੇ ਜੈਜੀਤ ਸਿੰਘ ਜੋਹਲ, ਕੇਕੇ ਅਗਰਵਾਲ, ਸਪਵਨ ਮਾਨੀ, ਅਰੁਣ ਵਧਾਵਨ, ਅਨਿੱਲ ਭੋਲਾ,ਮਾਸਟਰ ਹਰਮੰਦਰ ਸਿੰਘ ਅਤੇ ਰਾਜਨ ਗਰਗ, ਆਦਿ ਵੀ ਹਾਜਰ ਸਨ।