ਅਸ਼ੋਕ ਵਰਮਾ
- ਡਰਾਈਵਰ ਅਤੇ ਟਰੱਕ ਮਾਲਕ ਖਿਲਾਫ ਕੇਸ ਦਰਜ
ਬਠਿੰਡਾ, 26 ਅਪਰੈਲ 2020 - ਬਠਿੰਡਾ ’ਚ ਅੱਜ ਸਵੇਰੇ ਗਵਾਲੀਅਰ ਤੋਂ ਛੇ ਦਰਜਨ ਦੇ ਕਰੀਬ ਬੰਦਿਆਂ ਨੂੰ ਲੈਕੇ ਆਏ ਇੱਕ ਟਰੱਕ ਚਾਲਕ ਨੇ ਪੁਲਿਸ ਨੂੰ ਭਾਜੜਾਂ ਪਾ ਦਿੱਤੀਆਂ। ਹਾਲਾਂਕਿ ਇੰਨਾਂ ਬੰਦਿਆਂ ਨੂੰ ਬੱਸਾਂ ਰਾਹੀਂ ਉਨਾਂ ਦੇ ਜਿਲ੍ਹਿਆਂ ’ਚ ਭੇਜਣ ਉਪਰੰਤ ਪ੍ਰਸ਼ਾਸਨ ਨੇ ਸੁੱਖ ਦਾ ਸਾਹ ਲਿਆ ਪਰ ਜਾਣ ਤੱਕ ਅਧਿਕਾਰੀ ਪੱਬਾਂ ਭਾਰ ਰਹੇ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸਵੇਰੇ ਇੱਕ ਟਰੱਕ ਗਵਾਲੀਅਰ ਤੋਂ ਬੰਦਿਆਂ ਨੂੰ ਲਿਆਇਆ ਸੀ। ਜਦੋਂ ਡਰਾਈਵਰ ਇੰਨਾਂ ਬੰਦਿਆਂ ਨੂੰ ਜਬਰੀ ਬਠਿੰਡਾ ਦੇ ਆਦਰਸ਼ ਨਗਰ ’ਚ ਉਤਾਰ ਰਿਹਾ ਸੀ ਤਾਂ ਦੋਵਾਂ ਧਿਰਾਂ ’ਚ ਝਗੜਾ ਹੋ ਗਿਆ। ਇੰਨਾਂ ਸਵਾਰੀਆਂ ’ਚ ਕੁੱਝ ਕੰਬਾਈਨ ਚਾਲਕ ਤੇ ਉਨਾਂ ਦੇ ਹੈਲਪਰਾਂ ਤੋਂ ਇਲਾਵਾ ਲੁਧਿਆਣਾ ਜਾਣ ਵਾਲੇ ਬੰਦੇ ਸਨ।
ਦੋਵਾਂ ਧਿਰਾਂ ’ਚ ਤਕਰਾਰ ਵਧ ਗਈ ਤਾਂ ਨਜ਼ਦੀਕ ਪੈਂਦੀਆਂ ਕਲੋਨੀਆਂ ਵਾਲੇ ਆ ਗਏ ਜਿੰਨਾਂ ਪੁਲਿਸ ਨੂੰ ਸੂਚਤ ਕਰ ਦਿੱਤਾ। ਇਸੋ ਮੌਕੇ ਸਵਾਰੀਆਂ ਨੇ ਦੱਸਿਆ ਕਿ ਟਰੱਕ ਚਾਲਕ ਨੇ ਉਨਾਂ ਕੋਲੋਂ ਪ੍ਰਤੀ ਸਵਾਰੀ 25-25 ਸੌ ਰੁਪਏ ਵਸੂਲ ਲਏ ਅਤੇ ਲੁਧਿਆਣਾ ਛੱਡਣ ਦੀ ਗੱਲ ਆਖੀ ਸੀ ਜਦੋਂਕਿ ਹੁਣ ਉਹ ਬਠਿੰਡਾ ਉੱਤਰਨ ਦੀ ਗੱਲ ਕਹਿ ਰਿਹਾ ਹੈ। ਉਨਾਂ ਦੱਸਿਆ ਕਿ ਚਾਲਕ ਨੇ ਉਨਾਂ ਨੂੰ ਟਰੱਕ ’ਚ ਤਾੜ ਕੇ ਤਿਰਪਾਲ ਪਾ ਦਿੱਤੀ ਜਿਸ ਕਰਕੇ ਉਹ ਭੁੱਖੇ ਪਿਆਸੇ ਬੈਠੇ ਰਹੇ। ਉਨਾਂ ਆਖਿਆ ਕਿ ਉਨਾਂ ਨੂੰ ਸਿਰਫ ਇਹੋ ਰਾਹਤ ਸੀ ਕਿ ਉਹ ਘਰੋ ਘਰੀਂ ਚਲੇ ਜਾਣਗੇ ਪਰ ਡਰਾਈਵਰ ਉਨਾਂ ਨੂੰ ਧੱਕੇ ਨਾਲ ਉਤਾਰ ਰਿਹਾ ਹੈ। ਉਨਾਂ ਦੱਸਿਆ ਕਿ ਡਰਾਈਵਰ ਨੇ ਬਠਿੰਡਾ ਦੇ ਟਰਾਂਸਪੋਰਟ ਨਗਰ ਅਤੇ ਆਦਰਸ਼ ਨਗਰ ’ਚ ਕਰੀਬ ਡੇਢ ਦਰਜਨ ਬੰਦਿਆਂ ਨੂੰ ਵੱਖ ਵੱਖ ਥਾਵਾਂ ਤੇ ਉਤਾਰ ਦਿੱਤਾ ਹੈ।
ਇਸ ਮੌਕੇ ਸਮਾਜਸੇਵੀ ਮਨੀਸ਼ ਪਾਂਧੀ ਸਮੇਤ ਵੱਡੀ ਗਿਣਤੀ ਕਲੋਨੀ ਵਾਸੀਆਂ ਨੇ ਵਿਰੋਧ ਕੀਤਾ ਕਿ ਜੇਕਰ ਕੋਈ ਕਰੋਨਾ ਪੀੜਤ ਹੋਇਆ ਤਾਂ ਉਨਾਂ ਲਈ ਸਮੱਸਿਆ ਖੜੀ ਹੋ ਜਾਏਗੀ। ਕਲੋਨੀ ਵਾਸੀਆਂ ਨੇ ਕਿਹਾ ਕਿ ਕੋਰੋਨਾ ਵਾਇਰਸ ਦੀ ਮਹਾਂਮਾਰੀ ਨੂੰ ਵਧਣ ਤੋਂ ਰੋਕਣ ਲਈ ਪੰਜਾਬ ਸਰਕਾਰ ਵੱਲੋਂ ਸਰਹੱਦੀ ਸੂਬਿਆਂ ਦੀਆਂ ਸਰਹੱਦਾਂ ਸੀਲ ਕਰਨ ਦੇ ਦਾਅਵਿਆਂ ਦੀ ਪੋਲ ਖੁੱਲ ਗਈ ਹੈ। ਉਨਾਂ ਆਖਿਆ ਕਿ ਸੈਂਕੜੇ ਕਿੱਲੋਮੀਟਰ ਦਾ ਸਫਰ ਤੈਅ ਕਰਕੇ ਮਜ਼ਦੂਰਾਂ ਦਾ ਭਰਿਆ ਹੋਇਆ ਇਕ ਟਰੱਕ ਮੱਧ ਪ੍ਰਦੇਸ਼ ਦੇ ਗਵਾਲੀਅਰ ਸ਼ਹਿਰ ‘ਚੋਂ ਚੱਲ ਕੇ ਬਠਿੰਡਾ ਕਿਵੇਂ ਪਹੁੰਚ ਗਿਆ ਇਸ ਦੀ ਜਾਂਚ ਹੋਣੀ ਚਾਹੀਦੀ ਹੈ। ਉਨਾਂ ਆਖਿਆ ਕਿ ਇਹ ਟਰੱਕ ਤਿੰਨ ਸੂਬਿਆਂ ਦੀਆਂ ਸਰਹੱਦਾਂ ਪਾਰ ਕਰ ਕੇ ਪੰਜਾਬ ਪਹੁੰਚ ਗਿਆ, ਪਰ ਕਿਸੇ ਵੀ ਸੂਬੇ ਦੀ ਸਰਹੱਦ ‘ਤੇ ਲੱਗੇ ਪੁਲਿਸ ਨਾਕੇ ‘ਤੇ ਟਰੱਕ ਨੂੰ ਰੋਕਿਆ ਨਹੀਂ ਵੱਡੀ ਹੈਰਾਨੀ ਵਾਲੀ ਗੱਲ ਹੈ।
ਉੱਧਰ ਮੌਕੇ ‘ਤੇ ਪਹੁੰਚੇ ਡੀਐੱਸਪੀ ਸਿਟੀ ਗੁਰਜੀਤ ਸਿੰਘ ਰੋਮਾਣਾ ਅਤੇ ਥਾਣਾ ਥਰਮਲ ਦੇ ਐੱਸਐੱਚਓ ਬਲਵਿੰਦਰ ਸਿੰਘ ਨੇ ਪੁੱਛ ਪੜਤਤਾਲ ਕੀਤੀ। ਜਿੰਨਾਂ ਸਵਾਰੀਆਂ ਨੂੰ ਟਰੱਕ ਚੋਂ ਉਤਾਰਿਆ ਗਿਆ ਸੀ ਉਨਾਂ ਨੂੰ ਵੀ ਪੁਲਿਸ ਨੇ ਲੱਭ ਕੇ ਹਿਰਾਸਤ ’ਚ ਲੈ ਲਿਆ। ਪੁਲਿਸ ਦੀ ਸਖਤ ਸੁਰੱਖਿਆ ਹੇਠ ਟਰੱਕ ਵਿਚ ਸਵਾਰ ਬੰਦਿਆਂ ਨੂੰ ਬਾਦਲ ਰੋਡ ਤੇ ਸਥਿਤ ਮੈਰੀਟੋਰੀਅਸ ਸਕੂਲ ਵਿਚ ਲਿਆਂਦਾ ਜਿੱਥੇ ਉਨਾਂ ਦੇ ਵੇਰਵੇ ਨੋਟ ਕੀਤੇ ਗਏ। ਪਤਾ ਲੱਗਿਆ ਹੈ ਕਿ ਮੈਡੀਕਲ ਟੀਮਾਂ ਨੇ ਉਨਾਂ ਦੀ ਜਾਂਚ ਕੀਤੀ ਜਿਸ ਪਿੱਛੋਂ ਜਿਲਾ ਪ੍ਰਸ਼ਾਸ਼ਨ ਨੇ ਉਨਾਂ ਨੂੰ ਬੱਸਾਂ ਰਾਹੀਂ ਉਨ੍ਹਾਂ ਦੇ ਜਿਲ੍ਹਿਆਂ ’ਚ ਭੇਜ ਦਿੱਤਾ।
ਬਠਿੰਡਾ ’ਚ ਡਰ ਦਾ ਮਹੌਲ ਬਣਿਆ
ਟਰੱਕ ’ਚ ਦਰਜਨਾਂ ਬੰਦਿਆਂ ਦੀ ਕਰੀਬ ਸਾਢੇ ਛੇ ਸੌ ਕਿੱਲੋਮੀਟਰ ਅਤੇ ਤਿੰਨ ਸੂਬਿਆਂ ਰਾਹਂੀਂ ਆਮਦ ਦੀ ਗੱਲ ਬਠਿੰਡਾ ’ਚ ਜੰਗਲ ਦੀ ਅੱਗ ਵਾਂਗ ਫੈਲ ਗਈ ਜਿਸ ਨੂੰ ਲੈਕੇ ਆਮ ਲੋਕ ਫਿਕਰਮੰਦ ਦਿਖਾਈ ਦਿੱਤੇ। ਕੋਈ ਕਰੋਨਾ ਵਾਇਰਸ ਪੀੜਤ ਨਾਂ ਨਿਕਲ ਆਵੇ ਇਸ ਨੂੰ ਸੋਚ ਕੇ ਡਰ ਦਾ ਮਹੌਲ ਬਣ ਗਿਆ ਕਿਉਂਕ ਪੰੰਜਾਬ ਦੇ ਕਈ ਜਿਲਿਆਂ ’ਚ ਕਰੋਨਾਂ ਦਾ ਖਤਤਰਾ ਵਧਿਆ ਹੋਣ ਦੇ ਬਾਵਜੂਦ ਬਠਿੰਡਾ ਗਰੀਨ ਜੋਲ ’ਚ ਬਣਿਆ ਆ ਰਿਹਾ ਸੀ। ਜਿਵੇਂ ਹੀ ਮੁਸਾਫਰਾਂ ਦੇ ਤੁਰ ਜਾਣ ਬਾਰੇ ਪਾ ਲੱਗਿਆ ਤਾਂ ਆਮ ਲੋਕਾਂ ਨੇ ਵੀ ਸ਼ੁਕਰ ਮਨਾਇਆ।
ਪੁਲਿਸ ਕੇਸ ਦਰਜ: ਐਸਐਸਪੀ
ਸੀਨੀਅਰ ਪੁਲਿਸ ਕੀਤਾਨ ਬਠਿੰਡਾ ਡਾ ਨਾਨਕ ਸਿੰਘ ਦਾ ਕਹਿਣਾ ਸੀ ਕਿ ਮੁਢਲੀ ਪੜਤਾਲ ਉਪਰੰਤ ਟਰੱਕ ਦੇ ਮਾਲਕ ਅਤੇ ਡਰਾਈਵਰ ਖਿਲਫਾ ਸਰਕਾਰੀ ਹੁਕਮਾਂ ਦੀ ਉਲੰਘਣਾ ਤਹਿਤ ਪੁਲਿਸ ਕੇਸ ਦਰਜ ਕਰ ਲਿਆ ਹੈ। ਉਨਾਂ ਦੱਸਿਆ ਕਿ ਟਰੱਕ ’ਚ ਜਿੰਨੇ ਵੀ ਬੰਦੇ ਸਨ ਉਨਾਂ ਨੂੰ ਉਨਾਂ ਦੇ ਜਿਲਿਆਂ ’ਚ ਭੇਜ ਦਿੱਤਾ ਹੈ।