ਅਸ਼ੋਕ ਵਰਮਾ
ਮਾਨਸਾ, 27 ਅਪ੍ਰੈਲ 2020: ਕਰੋਨਾ ਮਹਾਂਮਾਰੀ ਦੇ ਸੰਕਟ ਸਮੇਂ ਸਰਕਾਰ ਕਰੋਨਾ ਵਾਰੀਅਰਜ਼ ਜਿੰਨਾਂ ’ਚ ਡਾਕਟਰ , ਨਰਸਾਂ , ਪੈਰਾ ਮੈਡੀਕਲ ਸਟਾਫ ਅਤੇ ਸਫਾਈ ਸੇਵਕਾਂ ਦੇ ਸਨਮਾਨ ਚੰਗੀ ਰਵਾਇਤ ਹੈ ਇਸ ਮਸਲੇ ਵਿੱਚ ਪੱਖਪਾਤ ਕੀਤਾ ਜਾ ਰਿਹਾ ਹੈ । ਸੀਪੀਆਈ ਐਮਐਲ ਲਿਬਰੇਸ਼ਨ ਦੇ ਆਗੂ ਕਾਮਰੇਡ ਨਛੱਤਰ ਸਿੰੰਘ ਖੀਵਾ ਨੇ ਇੱਕ ਬਿਾਨ ਰਾਹੀਂ ਕਿਹਾ ਕਿ ਮੈਡੀਕਲ ਪ੍ਰੈਕਟੀਸਨਰ ਐਸੋਸੀਏਸ਼ਨ ਪੰਜਾਬ ਦੇ ਸੱਦੇ ਹੇਠ ਲੱਖ ਤੋਂ ਵੱਧ ਮੈਂਬਰ ਜੋ ਪਿੰਡਾਂ ਵਿੱਚ ਮੈਡੀਕਲ ਪ੍ਰੈਕਟਿਸ ਕਰ ਰਹੇ ਹਨ ਉਨਾਂ ਵੱਲੋਂ ਵੀ ਦਿਨ ਰਾਤ ਇਸ ਜੰਗ ਲੜੀ ਜਾ ਰਹੀ ਹੈ ਪਰ ਇਸ ਮਾਮਲੇ ’ਚ ਉਨਾਂ ਨੂੰ ਅਣਗੌਲਿਆ ਕੀਤਾ ਜਾ ਰਿਹਾ ਹੈ। ਉਨਾਂ ਆਖਿਆ ਕਿ ਪਿੰਡਾਂ ਵਿੱਚ ਜਦੋਂ ਸਰਕਾਰੀ ਸਿਹਤ ਸੇਵਾਵਾਂ ਨਾ ਮਾਤਰ ਹੀ ਹਨ ਤਾਂ ਉਸ ਸਮੇਂ ਪਿੰਡਾਂ ’ਚ ਸਿਹਤ ਸੇਵਾ ਦੇਣਾ ਵੱਡੀ ਗੱਲ ਹੈ। ਉਨਾਂ ਦੱਸਿਆ ਕਿ ਜੱਥੇਬੰੰਦੀ ਲੋਕਾਂ ਨੂੰ ਪਿੰਡਾਂ ਵਿੱਚ ਲੌਕ ਡਾਓਨ ਦੀਆਂ ਸਾਰੀਆਂ ਹਦਾਇਤਾਂ ਦੀ ਪਾਲਣਾ ,ਸੋਸ਼ਲ ਡਿਸਟੈਸਿੰਗ, ਮਾਸਕ ਪਹਿਨਣਾ, ਸੈਨੇਟਜ਼ ਕਰਨਾ ਅਤੇ ਸਫਾਈ ਆਦਿ ਦੀ ਜਾਣਕਾਰੀ ਦਿੱਤੀ ਜਾ ਰਹੀ ਹੈ ਅਤੇ ਪਿੰਡਾਂ ਵਿੱਚ ਲੋੜਵੰਦਾਂ ਨੂੰ ਰਾਸ਼ਨ ਵੀ ਵੰਡ ਰਹੇ ਹਨ। ਉਨਾਂ ਆਖਿਆ ਕਿ ਅਫਸੋਸ ਦੀ ਗੱਲ ਹੈ ਕਿ ਸਰਕਾਰਾਂ ਵੱਲੋਂ ਇਸ ਤਬਕੇ ਨੂੰ ਅਣਗੌਲਿਆਂ ਕੀਤਾ ਜਾ ਰਿਹਾ ਹੈ ਅਤੇ ਮੁੱਖ ਮੰਤਰੀ ਜਾਂ ਸਰਕਾਰ ਦੇ ਕਿਸੇ ਹੋਰ ਨੁਮਾਇੰਦੇ ਵੱਲੋਂ ਇਨਾਂ ਦੀ ਸ਼ਲਾਘਾ ’ਚ ਇੱਕ ਸ਼ਬਦ ਨਹੀਂ ਬੋਲਿਆ ਗਿਆ ਜਦੋਂਕਿ ਕਈ ਰਾਜਸੀ ਪਾਰਟੀਆਂ, ਜਨਤਕ ਅਤੇ ਜਮਹੂਰੀ ਜਥੇਬੰਦੀਆਂ ਸਰਕਾਰ ਤੋਂ ਇਸ ਸਬੰਧੀ ਮੰਗ ਕਰ ਚੁੱਕੀਆਂ ਹਨ। ਉਨਾਂ ਮੰਗ ਕੀਤੀ ਕਿ ਇਸ ਸੰਕਟ ਦੀ ਘੜੀ ਵਿੱਚ ਪਿੰਡਾਂ ਦੇ ਲੋਕਾਂ ਲਈ ਰੱਬ ਬਣ ਕੇ ਬਹੁੜੇ ਇਨਾਂ ਯੋਧਿਆਂ ਦਾ ਮਾਣ ਸਤਿਕਾਰ ਕੀਤਾ ਜਾਵੇ ਅਤੇ ਇਨਾਂ ਨੂੰ ਬਣਦੀ ਟ੍ਰੇਨਿੰਗ ਦੇ ਕੇ ਪਿੰਡਾਂ ਵਿੱਚ ਕੰਮ ਕਰਨ ਲਈ ਮਾਨਤਾ ਪੱਤਰ ਦਿੱਤੇ ਜਾਣ। ਕਾਮਰੇਡ ਖੀਵਾ ਨੇ ਇਸ ਮਾਮਲੇ ਨੂੰ ਲੈਕੇ ਸਾਰੀਆਂ ਹੀ ਧਿਰਾਂ ਨੂੰ ਅਵਾਜ਼ ਬੁਲੰਦ ਕਰਨ ਦਾ ਸੱਦਾ ਦਿੱਤਾ।