ਤਰਨ ਤਾਰਨ, 27 ਅਪ੍ਰੈਲ 2020 - ਕੋਰੋਨਾ ਵਾਇਰਸ ਤੋਂ ਹੁਣ ਤੱਕ ਮੁਕਤ ਰਿਹਾ ਜ਼ਿਲ੍ਹਾ ਤਰਨ ਤਾਰਨ ਸੋਮਵਾਰ ਨੂੰ ਇਕੱਠੇ ਹੀ 6 ਕੋਰੋਨਾ ਕੇਸਾਂ ਦੇ ਨਾਲ ਗ੍ਰਸਤ ਹੋ ਗਿਆ। ਤਰਨ ਤਾਰਨ ਦੇ ਨਜ਼ਦੀਕੀ ਕਸਬਾ ਸੁਰ ਸਿੰਘ ਦੇ ਪੰਜ ਜਣੇ ਕੋਰੋਨਾ ਵਾਇਰਸ ਦੇ ਪਾਜ਼ੀਟਿਵ ਪਾਏ ਗਏ। ਇਹ ਸਾਰੇ ਕੁਝ ਦਿਨ ਪਹਿਲਾਂ ਹੀ ਹਜ਼ੂਰ ਸਾਹਿਬ ਤੋਂ ਵਾਪਸ ਪਰਤੇ ਸਨ। ਇੰਨ੍ਹਾਂ 'ਚ 4 ਸ਼ਰਧਾਲੂਆਂ ਸਣੇ ਇੱਕ ਡਰਾਈਵਰ ਸ਼ਾਮਲ ਸੀ।
ਇਨ੍ਹਾਂ ਵਿਅਕਤੀਆਂ ਦੇ ਸੈਂਪਲ ਸ਼ਨੀਵਾਰ ਨੂੰ ਜਾਂਚ ਲਈ ਅੰਮ੍ਰਿਤਸਰ ਦੇ ਮੈਡੀਕਲ ਕਾਲਜ ਵਿਖੇ ਭੇਜੇ ਗਏ ਸਨ, ਜਿਸ ਦੀ ਰਿਪੋਰਟ ਅੱਜ ਆਉਣ 'ਤੇ ਪੰਜ ਵਿਅਕਤੀਆਂ ਦੇ ਕੋਰੋਨਾ ਵਾਇਰਸ ਪਾਜ਼ੀਟਿਵ ਹੋਣ ਦੀ ਪੁਸ਼ਟੀ ਕੀਤੀ ਗਈ ਹੈ।
ਇੰਨ੍ਹਾਂ ਪੰਜ ਜਣਿਆਂ ਤੋਂ ਇਲਾਵਾ ਤਰਨਤਾਰਨ ਜ਼ਿਲ੍ਹੇ ਅੰਦਰ ਹੀ ਇੱਕ ਹੋਰ ਔਰਤ ਕੋਰੋਨਾ ਪਾਜ਼ਿਟਿਵ ਆਈ ਹੈ। ਇਸ ਔਰਤ ਦੇ ਬੀਤੇ ਦਿਨੀਂ ਤਰਨਤਾਰਨ ਦੇ ਸਿਵਲ ਹਸਪਤਾਲ 'ਚ ਬੱਚਾ ਹੋਇਆ ਸੀ, ਜਿਸ ਤੋਂ ਬਾਅਦ ਇਸਦੀ ਰਿਪੋਰਟ ਭੇਜੀ ਗਈ ਤਾਂ ਪਾਜ਼ਿਟਿਵ ਪਾਈ ਗਈ।