- ਮਰੀਜ਼ਾਂ ਦੀ ਵੱਧ ਰਹੀ ਗਿਣਤੀ ਨੂੰ ਧਿਆਨ ਵਿਚ ਰੱਖਦੇ ਹੋਏ ਓਟ ਕਲੀਨਿਕਾਂ ਤੇ ਨਸ਼ਾ ਛੁਡਾਊ ਕੇਂਦਰਾਂ ਦੇ ਖੁੱਲਣ ਦਾ ਸਮਾਂ ਸਵੇਰੇ 8 ਵਜੇ ਕੀਤਾ:ਸਿਵਲ ਸਰਜਨ
ਫ਼ਿਰੋਜ਼ਪੁਰ, 28 ਅਪ੍ਰੈਲ 2020 : ਕਰਫ਼ਿਊ ਦੌਰਾਨ ਹਜ਼ਾਰਾਂ ਦੀ ਗਿਣਤੀ ਵਿਚ ਨਸ਼ਾ ਪੀੜਿਤ ਮਰੀਜ਼ਾਂ ਨੇ ਓਟ ਕਲੀਨਿਕਾਂ ਦਾ ਰੁੱਖ ਕੀਤਾ ਹੈ।ਜਿਸ ਨੂੰ ਦੇਖਦੇ ਹੋਏ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਓਟ ਕਲੀਨਿਕਾਂ ਤੇ ਨਸ਼ਾ ਛੁਡਾਊ ਕੇਂਦਰਾਂ ਦੇ ਖੁੱਲਣ ਦਾ ਸਮਾਂ ਸਵੇਰੇ 8 ਵਜੇ ਕੀਤਾ ਗਿਆ ਹੈ। ਇਸ ਤੋਂ ਇਲਾਵਾ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਨਵੀਆਂ ਰਜਿਸਟਰੇਸ਼ਨਾਂ ਲਈ ਅਲੱਗ ਕਾਊਂਟਰ ਦਾ ਪ੍ਰਬੰਧ ਵੀ ਕੀਤਾ ਗਿਆ ਹੈ ਤਾਂ ਜੋ ਇੱਥੇ ਮਰੀਜ਼ਾਂ ਦੀਆਂ ਲੰਮੀਆਂ ਕਤਾਰਾਂ ਨਾ ਲੱਗਣ।ਇਹ ਜਾਣਕਾਰੀ ਸਿਵਲ ਸਰਜਨ ਡਾ. ਨਵਦੀਪ ਸਿੰਘ ਨੇ ਦਿੱਤੀ।
ਸਿਵਲ ਸਰਜਨ ਡਾ: ਨਵਦੀਪ ਸਿੰਘ ਨੇ ਦੱਸਿਆ ਕਿ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਲਗਾਏ ਗਏ ਕਰਫ਼ਿਊ ਦੌਰਾਨ ਓਟ ਕਲੀਨਿਕਾਂ ਵਿਚ ਨਸ਼ਾ ਛੁਡਾਊ ਮਰੀਜ਼ਾਂ ਦੀ ਗਿਣਤੀ ਵਧਦੀ ਜਾ ਰਹੀ ਹੈ, ਉਨ੍ਹਾਂ ਦੱਸਿਆ ਕਿ ਪਿਛਲੇ ਮਹੀਨੇ ਦੌਰਾਨ ਜ਼ਿਲ੍ਹੇ ਵਿਚ 2532 ਨਸ਼ਾ ਪੀੜਿਤ ਮਰੀਜ਼ ਰਜਿਸਟਰਡ ਹੋਏ ਹਨ। ਉਨ੍ਹਾਂ ਦੱਸਿਆ ਕਿ ਨਸ਼ਾ ਛੁਡਾਊ ਕੇਂਦਰਾਂ ਵਿਚ ਦਵਾਈ ਦੇਣ ਸਮੇਂ ਸਮਾਜਿਕ ਦੂਰੀ ਦਾ ਵਿਸ਼ੇਸ਼ ਧਿਆਨ ਰੱਖਿਆ ਜਾਂਦਾ ਹੈ ਅਤੇ ਮਰੀਜ਼ਾਂ ਨੂੰ ਸੁਚੇਤ ਕੀਤਾ ਜਾ ਰਿਹਾ ਹੈ ਕਿ ਕੋਰੋਨਾ ਇੱਕ ਖ਼ਤਰਨਾਕ ਰੋਗ ਹੈ ਅਤੇ ਜੇਕਰ ਜ਼ਿਆਦਾ ਬੁਖ਼ਾਰ,ਖ਼ੁਸ਼ਕ ਖੰਘ ਅਤੇ ਸਾਹ ਲੈਣ ਵਿਚ ਮੁਸ਼ਕਿਲ ਆਉਂਦੀ ਹੈ ਲਾਜ਼ਮੀ ਤੌਰ ਤੇ ਨਜ਼ਦੀਕੀ ਸਿਹਤ ਕੇਂਦਰ ਵਿਖੇ ਸੰਪਰਕ ਕੀਤਾ ਜਾਵੇ।
ਇਸ ਤੋਂ ਇਲਾਵਾ ਉਹਨਾ ਇਹ ਵੀ ਦੱਸਿਆ ਕਿ ਕਰੋਨਾ ਵਾਇਰਸ ਦੇ ਖ਼ਤਰੇ ਨੂੰ ਦੇਖਦੇ ਹੋਏ ਪੰਜਾਬ ਵਿਚ ਕਰਫ਼ਿਊ ਲਗਾਇਆ ਗਿਆ ਹੈ ਜਿਸਦਾ ਪ੍ਰਭਾਵ ਨਸ਼ਾ ਛੁਡਾਊ ਪ੍ਰੋਗਰਾਮ ਤੇ ਪੈ ਰਿਹਾ ਸੀ ਅਤੇ ਅਜਿਹੀ ਸਥਿਤੀ ਵਿਚ ਮਰੀਜ਼ ਵੱਲੋਂ ਇਲਾਜ ਅਧਵਾਟੇ ਛੱਡਣ ਦੀ ਸੰਭਾਵਨਾ ਵੱਧ ਜਾਂਦੀ ਹੈ ਜੋਕਿ ਮਰੀਜ਼ ਲਈ ਘਾਤਕ ਵੀ ਸਿੱਧ ਹੋ ਸਕਦਾ ਹੈ ।ਇਸ ਲਈ ਹੁਣ ਘਰ ਲਿਜਾਉਣ ਲਈ(ਟੇਕ ਹੋਮ ਡੋਜ਼) ਦਵਾਈ ਦੀ ਹੱਦ 21 ਦਿਨ ਤੱਕ ਕਰ ਦਿੱਤੀ ਗਈ ਹੈ ਪਰੰਤੂ ਮਰੀਜ਼ ਨੂੰ ਇਹ ਦਵਾਈ ਕੇਵਲ ਸਾਇਕੈਟਰਿਸਟ ਦੀ ਸਲਾਹ ਉਪਰੰਤ ਹੀ ਦਿੱਤੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਨਸ਼ਾ ਛੁਡਾਊ ਪ੍ਰੋਗਰਾਮ ਦਾ ਮੁੱਖ ਮੰਤਵ ਗੁਮਰਾਹ ਨੌਜਵਾਨਾਂ ਨੂੰ ਮੁੜ ਜ਼ਿੰਦਗੀ ਦੇ ਰਾਹ ਤੇ ਪਾਉਣਾ ਹੈ ਅਤੇ ਇਲਾਜ ਮੁਹੱਈਆ ਕਰਵਾਕੇ ਨਿਰੋਗ ਕਰਨਾ ਹੈ।ਉਹਨਾ ਦੱਸਿਆ ਕਿ ਟੋਲ ਫ਼ਰੀ ਨੰਬਰ 104 ਤੇ ਦਿਨ ਰਾਤ ਡਾਕਟਰੀ ਸੇਵਾਵਾਂ ਸਮੇਤ ਨਸ਼ਾ ਛੁਡਾਊ ਪ੍ਰੋਗਰਾਮ ਸਬੰਧੀ ਮੁਕੰਮਲ ਜਾਣਕਾਰੀ ਮੁਹੱਈਆ ਕਰਵਾਈ ਜਾਂਦੀ ਹੈ।