ਅਸ਼ੋਕ ਵਰਮਾ
ਬਠਿੰਡਾ, 28 ਅਪਰੈਲ 2020 - ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਦੇ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਨੇ ਪਾਰਟੀ ਦੀ ਕੇਂਦਰੀ ਕਮੇਟੀ ਦੇ ਮੈਂਬਰ ਮਨਦੀਪ ਰਤੀਆ ਨੂੰ ਗੈਰ ਸਮਾਜੀ ਅਨਸਰਾਂ ਵੱਲੋਂ ਧਮਕੀਆਂ ਦੇਣ ਅਤੇ ਗਾਲੀ ਗਲੋਚ ਕੀਤੇ ਜਾਣ ਦੀ ਘੋਰ ਨਿੰਦਾ ਕੀਤੀ ਹੈ। ਅੱਜ ਇਥੋਂ ਜਾਰੀ ਇੱਕ ਬਿਆਨ ਰਾਹੀਂ ਸਾਥੀ ਮੰਗਤ ਰਾਮ ਪਾਸਲਾ ਨੇ ਕਿਹਾ ਕਿ ਸਾਥੀ ਮਨਦੀਪ ਰਤੀਆ ਇੱਕ ਪ੍ਰਤੀਬੱਧ ਕਮਿਊਨਿਸਟ ਕਾਰਕੁੰਨ ਹੋਣ ਦੇ ਨਾਤੇ ਹਰ ਔਖੀ ਘੜੀ ਲੋਕਾਂ ਦੇ ਅੰਗ-ਸੰਗ ਖੜਦਾ ਹੈ।
ਉਨ੍ਹਾਂ ਦੱਸਿਆ ਕਿ ਇਸ ਲੋਕ ਪੱਖੀ ਆਗੂ ਵੱਲੋਂ ਭਾਈਚਾਰੇ ਨੂੰ ਖੋਖਲਾ ਕਰਨ ਵਾਲੇ ਫੁੱਟ ਪਾਊ ਅਨਸਰਾਂ ਤੇ ਨਸ਼ਾ ਤਸਕਰਾਂ ਵਿਰੁੱਧ ਸੰਘਰਸ਼ ਲਾਮਬੰਦ ਕਰਨ ‘ਚ ਮੋਹਰੀ ਭੂਮਿਕਾ ਅਦਾ ਕੀਤੀ ਜਾ ਰਹੀ ਹੈ। ਇਸ ਗੱਲ ਤੋਂ ਔਖੇ ਹੋਏ ਅਪਰਾਧੀ ਪਿਛੋਕੜ ਵਾਲੇ, ਨਾਮ ਨਿਹਾਦ ਹਿੰਦੂਤਵੀ ਕਾਰਕੁੰਨਾਂ ਵੱਲੋਂ ਸੋਸ਼ਲ ਮੀਡੀਆ ਰਾਹੀਂ ਸਾਥੀ ਮਨਦੀਪ ਰਤੀਆ ਵਿਰੁੱਧ ਇਖਲਾਕ ਤੋਂ ਗਿਰੀ ਹੋਈ ਭਾਸ਼ਾ ਵਰਤਦਿਆਂ ਸਿੱਝ ਲੈਣ ਦੀਆਂ ਧਮਕੀਆਂ ਦਿੱਤੀਆਂ ਗਈਆਂ ਹਨ।
ਉਨ੍ਹਾਂ ਕਿਹਾ ਕਿ ਬੇਸ਼ਕ ਪੁਲਸ ਨੇ ਸਾਥੀ ਮਨਦੀਪ ਦੀ ਸ਼ਿਕਾਇਤ ‘ਤੇ ਉਕਤ ਸਮਾਜ ਵਿਰੋਧੀ ਤੱਤਾਂ ਵਿਰੁੱਧ ਪਰਚਾ ਦਰਜ ਕਰ ਲਿਆ ਹੈ ਪਰ ਉਨ੍ਹਾਂ ਨੂੰ ਗਿ੍ਰਫਤਾਰ ਕਰਕੇ ਅਗਲੇਰੀ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਦੋਸ਼ੀਆਂ ਦੀ ਫੌਰੀ ਗਿ੍ਰਫਤਾਰੀ ਅਤੇ ਬਣਦੀਆਂ ਧਾਰਾਵਾਂ ਅਨੁਸਾਰ ਉਨਾਂ ਵਿਰੁੱਧ ਯੋਗ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ । ਸਾਥੀ ਪਾਸਲਾ ਨੇ ਕਿਹਾ ਕਿ ਇਸ ਮੌਕੇ ਸਾਰੀ ਪਾਰਟੀ ਸਾਥੀ ਮਨਦੀਪ ਰਤੀਆ ਨਾਲ ਡੱਟ ਕੇ ਚਟਾਨ ਵਾਂਗ ਖੜੀ ਹੈ ਅਤੇ ਦੋਸ਼ੀਆਂ ਵਿਰੁੱਧ ਕਾਨੂੰਨੀ ਕਾਰਵਾਈ ਕਰਵਾਉਣ ਲਈ ਕਿਸੇ ਵੀ ਕਿਸਮ ਦਾ ਸੰਘਰਸ਼ ਕਰਨ ਤੋਂ ਗੁਰੇਜ਼ ਨਹੀਂ ਕਰੇਗੀ।