ਮਨਪ੍ਰੀਤ ਸਿੰਘ ਜੱਸੀ
- ਸਿੱਖਾਂ ਪ੍ਰਤੀ ਸਤਿਕਾਰ ਦਰਸਾਉਂਦਾ ਹੈ ਪੁਲਿਸ ਦਾ ਵਤੀਰਾ : ਸਿਰਸਾ
ਅੰਮ੍ਰਿਤਸਰ, 27 ਅਪਰੈਲ 2020 - ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਦੇਖਭਾਲ ਅਧੀਨ ਇਤਿਹਾਸਕ ਗੁਰਦੁਆਰਾ ਬੰਗਲਾ ਸਾਹਿਬ ਵਿੱਚ ਦਿੱਲੀ ਪੁਲੀਸ ਦੇ ਡੀਸੀਪੀ ਆਈਪੀਸੀ ਆਈਸ ਸਿੰਘਲ ਦੀ ਅਗਵਾਈ ਹੇਠ ਵਿਸ਼ੇਸ਼ ਦਸਤਾ 'ਕੋਵਿਡ ਪੈਟਰੋਲ ਬਾਈਕਸ' ਤੇ ਹੋਰ ਸਥਾਨਕ ਅਧਿਕਾਰੀਆਂ ਵੱਲੋਂ ਇਸ ਗੁਰਦੁਆਰੇ ਦੇ ਕੰਪਲੈਕਸ ਦੀ ਮੋਟਰਸਾਈਕਲਾਂ ਨਾਲ ਪਰਿਕਰਮਾ ਕੀਤੀ ਗਈ ਤੇ ਗੁਰੂ ਘਰ ਦਾ ਆਸ਼ੀਰਵਾਦ ਲਿਆ ਗਿਆ। ਦਿੱਲੀ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ, ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਤੇ ਬੰਗਲਾ ਸਾਹਿਬ ਗੁਰਦੁਆਰੇ ਦੇ ਮੈਨੇਜਰਾਂ ਸਮੇਤ ਹੋਰ ਸੇਵਾਦਾਰਾਂ ਨੇ ਪੁਲੀਸ ਅਧਿਕਾਰੀਆਂ ਦਾ ਗੁਰਦੁਆਰੇ ਦੀਆਂ ਪੌੜੀਆਂ ਕੋਲ ਸਵਾਗਤ ਤੇ ਸਨਮਾਨ ਕੀਤਾ।
ਪੁਲੀਸ ਅਧਿਕਾਰੀਆਂ ਮੁਤਾਬਕ ਜਦੋਂ ਕਰੋਨਾ ਕਾਰਨ ਸਾਡਾ ਸਮਾਜ ਪ੍ਰੇਸ਼ਾਨ ਹੈ ਤਾਂ ਕਈ ਸੰਸਥਾਵਾਂ ਤੇ ਨਿੱਜੀ ਪੱਧਰ 'ਤੇ ਲੋਕਾਂ ਨੇ ਸਮਾਜ ਸੇਵਾ ਨੂੰ ਵੱਡੀ ਪੱਧਰ ਉਪਰ ਅੰਜਾਮ ਦਿੱਤਾ ਹੈ।ਪੁਲੀਸ ਅਧਿਕਾਰੀਆਂ ਮੁਤਾਬਕ ਗੁਰਦੁਆਰਾ ਬੰਗਲਾ ਸਾਹਿਬ ਦੇ ਲੰਗਰ ਹਾਲ ਵਿੱਚ ਸੇਵਾਦਾਰਾਂ ਵੱਲੋਂ ਰੋਜ਼ਾਨਾ 75 ਹਜ਼ਾਰ ਲੋਕਾਂ ਦਾ ਖਾਣਾ ਤਿਆਰ ਕੀਤਾ ਜਾਂਦਾ ਹੈ ਜੋ ਦਿੱਲੀ ਪੁਲੀਸ, ਦਿੱਲੀ ਸਰਕਾਰ ਤੇ ਹੋਰਨਾਂ ਵੱਲੋਂ ਅੱਗੇ ਲੋੜਬੰਦਾਂ ਕੋਲ ਵੰਡਿਆ ਜਾ ਰਿਹਾ ਹੈ। ਕੋਵਿਡ ਬਾਈਕਸ ਦਸਤੇ ਦੇ ਜਵਾਨਾਂ ਨੇ ਬਾਵਰਦੀ ਕੰਪਲੈਕਸ ਦੀ ਪਰਿਕਰਮਾ ਕੀਤੀ ਤੇ ਆਸ਼ੀਰਵਾਦ ਪ੍ਰਾਪਤ ਕੀਤਾ। ਅਧਿਕਾਰੀਆਂ ਨੇ ਕਮੇਟੀ ਤੋਂ ਉਮੀਦ ਕੀਤੀ ਕਿ ਉਹ ਇਸੇ ਤਰ੍ਹਾਂ ਅੱਗੇ ਵੀ ਸਹਾਇਕ ਬਣ ਕੇ ਨਾਲ ਲੱਗੇ ਰਹਿਣਗੇ।
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ 'ਇਸ ਪਰਿਕਰਮਾ ਨੂੰ ਸਿਰਫ ਇੱਕ ਸਰੀਰਕ ਸਰਗਰਮੀ ਵਜੋਂ ਨਹੀਂ ਦੇਖਿਆ ਜਾਣਾ ਚਾਹੀਦਾ। ਦਿੱਲੀ ਪੁਲੀਸ ਦਾ ਇਹ ਤਰੀਕਾ ਸਾਰੀ ਕੌਮ ਦੇ ਸਿੱਖ ਭਾਈਚਾਰੇ ਪ੍ਰਤੀ ਸਤਿਕਾਰ ਨੂੰ ਦਰਸਾਉਂਦਾ ਹੈ। ਅਸੀਂ ਨਿਮਰ ਹਾਂ ਕਿ ਗੁਰੂ ਨਾਨਕ ਦੇਵ ਵਲੋਂ ਆਰੰਭ ਕੀਤੀ ਲੰਗਰ ਦੀ ਪਰੰਪਰਾ ਹੁਣ ਮਨੁੱਖਤਾ ਦੀ ਸੇਵਾ ਕਰਨ ਦਾ ਸਭ ਤੋਂ ਉੱਤਮ ਤਾਰੀਕੇ ਵਜੋਂ ਵੇਖੀ ਜਾਂਦੀ ਹੈ।' ਉਨ੍ਹਾਂ ਕਿਹਾ ਕਿ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਨੇ ਪਿਛਲੇ 35 ਦਿਨਾਂ ਦੇ ਤਾਲਾਬੰਦੀ ਦੌਰਾਨ ਲਗਪਗ 50 ਲੱਖ ਲੋਕਾਂ ਨੂੰ ਲੰਗਰ ਦੀ ਸੇਵਾ ਕੀਤੀ ਹੈ ਤੇ ਇਹ ਲੰਗਰ ਅੱਗੇ ਵੀ ਜਾਰੀ ਰਹੇਗਾ। ਉਧਰ ਸਿੱਖ ਭਾਈਚਾਰੇ ਨੇ ਦਿੱਲੀ ਪੁਲੀਸ ਦੀ ਸ਼ਲਾਘਾ ਕੀਤੀ ਹੈ ਅਤੇ ਸਿੱਖਾਂ ਦੁਆਰਾ ਕੀਤੀ ਜਾ ਰਹੀ ਸੇਵਾ ਨੂੰ ਉਜਾਗਰ ਕਰਨ ਲਈ ਡੀਐੱਸਜੀਐੱਮਸੀ ਤੇ ਦਿੱਲੀ ਪੁਲਿਸ ਦੋਵਾਂ ਦਾ ਧੰਨਵਾਦ ਕੀਤਾ ਹੈ। ਇਥੇ ਇਹ ਵਰਣਨ ਯੋਗ ਹੈ ਕਿ ਡੀਐੱਸਜੀਐੱਮਸੀ ਆਪਣੇ ਵੱਖ ਵੱਖ ਗੁਰਦੁਆਰਿਆਂ ਵਿਚ ਰੋਜ਼ਾਨਾ 1 ਲੱਖ 25 ਹਜ਼ਾਰ ਦੇ ਕਰੀਬ ਲੋਕਾਂ ਨੂੰ ਲੰਗਰ ਦੀ ਸੇਵਾ ਦੇ ਰਹੀ ਹੈ।