- ਥਾਣਾ ਮੁੱਖੀ ਤੇ ਸਾਥੀਆਂ ਨੂੰ ਤੁਰੰਤ ਮੁਅੱਤਲ ਕਰਨ ਦੀ ਕੀਤੀ ਮੰਗ
ਮਾਨਸਾ, 28 ਅਪ੍ਰੈੱਲ 2020 - ਸਰਦੂਲਗੜ੍ਹ ਦੇ ਥਾਣਾ ਮੁੱਖੀ ਤੇ ਉਸਦੇ ਸਾਥੀਆਂ ਵੱਲੋਂ ਅਜੀਤ ਦੇ ਸੀਨੀਅਰ ਪੱਤਰਕਾਰ ਜੀ.ਐੱਮ. ਅਰੋੜਾ ਅਤੇ ਦੌ ਹੋਰ ਪੱਤਰਕਾਰਾ ਨਾਲ ਕੀਤੀ ਵਧੀਕੀ ਦੀ ਨਿੰਦਾ ਕਰਦਿਆਂ ਮੀਡੀਆਂ ਕਲੱਬ ਰਜਿ ਮਾਨਸਾ ਨੇ ਇਸ ਮਾਮਲੇ ਦਾ ਸਖਤ ਨੋਟਿਸ ਲੈਦਿਆਂ ਇਸ ਪ੍ਰੈੱਸ ਦੀ ਅਜਾਦੀ ਤੇ ਹਮਲਾ ਕਰਾਰ ਦਿੱਤਾ ਹੈ। ਮੀਡੀਆਂ ਕਲੱਬ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਭੇਜੇ ਪੱਤਰ ਰਾਹੀ ਮੰਗ ਕੀਤੀ ਹੈ ਕਿ ਉਹ ਇਸ ਮਾਮਲੇ ਵਿੱਚ ਗੰਭੀਰਤਾ ਦਿਖਾ ਕੇ ਤੁਰੰਤ ਥਾਣਾ ਮੁੱਖੀ ਅਤੇ ਉਸਦੇ ਸਾਥੀਆਂ ਨੂੰ ਮੁਅੱਤਲ ਕਰਨ ਅਤੇ ਮਾਮਲੇ ਦੀ ਉੱਚ ਪੱਧਰੀ ਜਾਂਚ ਦੇ ਨਿਰਦੇਸ਼ ਜਾਰੀ ਕਰਨ।
ਮੀਡੀਆਂ ਕਲੱਬ ਦੇ ਸਰਪ੍ਰਸਤ ਪ੍ਰਿਤਪਾਲ ਸਿੰਘ, ਪ੍ਰਧਾਨ ਜਗਦੀਸ਼ ਬਾਂਸਲ ਨੇ ਦੱਸਿਆਂ ਕਿ ਬੀਤੇ ਦਿਨੀ ਥਾਣਾ ਸਰਦੂਲਗੜ੍ਹ ਦੇ ਮੁੱਖੀ ਵੱਲੋਂ ਮੀਡੀਆਂ ਕਲੱਬ ਮਾਨਸਾ ਦੇ ਤਿੰਨ ਮੈਂਬਰ/ਪੱਤਰਕਾਰਾਂ ਨਾਲ ਧੱਕੇਸ਼ਾਹੀ ਕਰਕੇ ਪ੍ਰੈੱਸ ਦੀ ਆਜਾਦੀ ਤੇ ਹਮਲਾ ਕੀਤਾ ਹੈ ਜਿਸ ਨੂੰ ਕਿਸੇ ਵੀ ਕੀਮਤ ਵਿੱਚ ਬਰਦਾਸ਼ਤ ਨਹੀ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਥਾਣਾ ਮੁੱਖੀ ਨੇ ਸੱਚ ਦੀ ਆਵਾਜ ਨੂੰ ਦਵਾਉਣ ਲਈ ਲਗਾਤਾਰ ਤਿੰਨ ਪੱਤਰਕਾਰਾ ਨਾਲ ਬਦਤਮੀਜੀ ਕੀਤੀ ਹੈ ਜਿੰਨ੍ਹਾਂ ਵਿੱਚ ਅਜੀਤ ਅਖਬਾਰ ਦਾ ਸੀਨੀਅਰ ਪੱਤਰਕਾਰ ਜੀ.ਐੱਮ. ਅਰੋੜਾ ਵੀ ਪੁਲਿਸ ਧੱਕੇਸ਼ਾਹੀ ਦਾ ਸ਼ਿਕਾਰ ਹੋਇਆ ਹੈ।
ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਜੀ.ਐੱਮ. ਅਰੋੜ੍ਹਾ ਨੂੰ ਬਿਨ੍ਹਾਂ ਕਿਸੇ ਦੋਸ਼ ਪੁਲਿਸ ਦੀ ਗੱਡੀ ਵਿੱਚ ਬਿਠਾ ਕੇ ਸ਼ਹਿਰ ਵਿਚ ਦੀ ਚੱਕਰ ਲਗਵਾ ਕੇ ਉਸਨੂੰ ਸਮਾਜਿਕ ਤੌਰ ਤੇ ਬੇਇੱਜਤ ਕੀਤਾ ਗਿਆ ਹੈ ਜਿਸ ਕਾਰਨ ਜੀ.ਐੱਮ. ਅਰੋੜ੍ਹਾ ਨੂੰ ਮਾਨਸਿਕ ਪਰੇਸ਼ਾਨੀ ਵਿਚੋਂ ਲੰਘਣਾ ਪੈ ਰਿਹਾ ਹੈ। ਪੱਤਰਕਾਰ ਜੀ.ਐੱਮ. ਅਰੋੜ੍ਹਾਂ, ਬਲਜੀਤਪਾਲ, ਨਰਾਇਣ ਗਰਗ, ਰਣਜੀਤ ਗਰਗ, ਸੁਖਵਿੰਦਰ ਨਿੱਕੂ, ਸੁਖਵਿੰਦਰ ਆਹਲੂਪੁਰ ਆਦਿ ਪੱਤਰਕਾਰਾ ਨੇ ਦੱਸਿਆਂ ਕਿ ਉਨ੍ਹਾਂ ਇਸ ਮਾਮਲੇ ਸਬੰਧੀ ਪੁਲਿਸ ਦੇ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆ ਕੇ ਕਾਰਵਾਈ ਦੀ ਮੰਗ ਕੀਤੀ ਸੀ ਪਰ ਅਜੇ ਤੱਕ ਕੋਈ ਵੀ ਕਾਰਵਾਈ ਨਹੀ ਕੀਤੀ ਗਈ ਜਿਸ ਕਾਰਨ ਪੱਤਰਕਾਰਾ ਵਿੱਚ ਪੁਲਿਸ ਪ੍ਰਸ਼ਾਸ਼ਨ ਖਿਲਾਫ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਨਾ ਕਿਹਾ ਕਿ ਅਗਰ ਇਸ ਮਾਮਲੇ ਵਿੱਚ ਬਣਦੀ ਕਾਰਵਾਈ ਨਾ ਹੋਈ ਤਾਂ ਮੀਡੀਆਂ ਕਲੱਬ ਮਾਨਸਾ ਸਘੰਰਸ਼ ਦਾ ਰਾਹ ਅਖਤਿਆਰ ਕਰੇਗਾ।