ਅਸ਼ੋਕ ਵਰਮਾ
- ਪੁਲਿਸ ਵੱਲੋਂ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ
ਬਠਿੰਡਾ, 28 ਅਪਰੈਲ 2020 - ਥਾਣਾ ਦਿਆਲਪੁਰਾ ਅਧੀਨ ਆਉਂਦੇ ਸੁਰਜੀਤਪੁਰਾ ਝੁੱਗੀਆਂ ’ਚ ਨਸ਼ਾ ਤਸਕਰਾਂ ਨੂੰ ਫੜਨ ਗਈ ਸੀਆਈਏ ਸਟਾਫ ਦੀ ਪੁਲਿਸ ਪਾਰਟੀ ‘ਤੇ ਕੁੱਝ ਲੋਕਾਂ ਵਲੋਂ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਵਾਰਦਾਤ ’ਚ ਇੱਥ ਹੌਲਦਾਰ ਨੂੰ ਗੰਭੀਰ ਚੋਟਾਂ ਆਈਆਂ ਹਨ। ਅੱਖੀਂ ਦੇਖਣ ਵਾਲਿਆਂ ਨੇ ਦੱਸਿਆ ਕਿ ਜੇਕਰ ਪੁਲਿਸ ਪਾਰਟੀ ਮੌਕੇ ਤੋਂ ਨਾਂ ਨਿਕਲਦੀ ਤਾਂ ਹੋਰ ਵੀ ਮੁਲਾਜ਼ਮ ਜਖਮੀ ਹੋ ਸਕਦੇ ਸਨ। ਥਾਣਾ ਦਿਆਲਪੁਰਾ ਭਾਈ ਪੁਲਿਸ ਨੇ ਕਰੀਬ 7-8 ਵਿਅਕਤੀਆਂ ਤੋਂ ਇਲਾਵਾ ਕਰੀਬ 10 ਅਣਪਛਾਤਿਆਂ ਖਿਲਾਫ ਇਰਾਦਾ ਕਤਲ ਅਤੇ ਕਰਫ਼ਿਊ ਦੀ ਉਲੰਘਣਾ ਕਰਨ ਸਮੇਤ ਹੋਰ ਵੱਖ ਵੱਖ ਧਾਰਾਵਾਂ ਅਧੀਨ ਕੇਸ ਦਰਜ ਕਰ ਲਿਆ ਹੈ। ਮਾਮਲੇ ਦੀ ਗੰੰਪੀਰਤਾ ਨੂੰ ਦੇਖਦਿਆਂ ਪੁਲਿਸ ਨੇ ਅਗਲੀ ਕਾਰਵਾਈ ਤਹਿਤ ਮੁਲਜਮਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।
ਪੁਲਿਸ ਨੇ ਇਹ ਕਾਰਵਾਈ ਸੀਆਈਏ-2 ਬਠਿੰਡਾ ਦੇ ਸਬ ਇੰਸਪੈਕਟਰ ਜਗਰੂਪ ਸਿੰਘ ਦੀ ਸ਼ਿਕਾਇਤ ਤੇ ਕੀਤੀ ਹੈ। ਸਬ ਇੰਸਪੈਕਟਰ ਜਗਰੂਪ ਸਿੰਘ ਨੇ ਦੱਸਿਆ ਕਿ ਉਨਾਂ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਸੁਰਜੀਤਪੁਰਾ ਝੁੱਗੀਆਂ ਦੇ ਕੁੱਝ ਵਿਅਕਤੀਆਂ ਵੱਲੋਂ ਨਸ਼ਾ ਤਸਕਰੀ ਕੀਤੀ ਜਾ ਰਹੀ ਹੈ ਜਿੰਨਾਂ ਕੋਲ ਨਾਜਾਇਜ਼ ਅਸਲਾ ਵੀ ਹੈ। ਉਨਾਂ ਦੱਸਿਆ ਕਿ ਸੂਚਨਾ ਦੇ ਅਧਾਰ ‘ਤੇ ਸੀਆਈਏ-2 ਦੀ ਪੁਲਿਸ ਪਾਰਟੀ ਪਿੰਡ ਸੁਰਜੀਤਪੁਰਾ ਝੁੱਗੀਆਂ ਵਾਸੀ ਗੁਰਪ੍ਰੀਤ ਸਿੰਘ ਦੇ ਘਰ ਕੋਲ ਪਹੁੰਚੀ ਤਾਂ ਉਸ ਦੇ ਪਰਿਵਾਰ ਵਾਲਿਆਂ ਨੇ ਪੁਲਿਸ ਪਾਰਟੀ ‘ਤੇ ਤੇਜ਼ਧਾਰ ਹਥਿਆਰਾਂ ਅਤੇ ਡਾਂਗਾਂ ਆਦਿ ਨਾਲ ਹਮਲਾ ਕਰ ਦਿੱਤਾ।
ਉਨ੍ਹਾਂ ਦੱਸਿਆ ਕਿ ਹਮਲਾਵਰਾਂ ਨੇ ਪੁਲਿਸ ਦੀਆਂ ਗੱਡੀਆਂ ਤੇ ਇੱਟਾਂ ਰੋੜਿਆਂ ਦਾ ਮੀਂਹ ਵਰਾ ਦਿੱਤਾ। ਉਨ੍ਹਾਂ ਦੱਸਿਆ ਕਿ ਇਸ ਹਮਲੇ ਦੀ ਆੜ ’ਚ ਮੁਲਜਮ ਗੁਰਪ੍ਰੀਤ ਸਿੰਘ ਮੌਕੇ ਤੋਂ ਫਫਰਾਰ ਹੋਣ ’ਚ ਸਫਲ ਹੋ ਗਿਆ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਹਮਲਾਵਰਾਂ ਨੇ ਇਸ ਮੌਕੇ ਪੁਲਿਸ ਨੂੰ ਲਲਕਾਰਿਆ ਕਿ ਪੁਲਿਸ ਨੇ ਸਾਡੇ ਸਰਪੰਚ ਤਰਸੇਮ ਸਿੰਘ ‘ਤੇ ਪਰਚਾ ਦਰਜ ਕੀਤਾ ਸੀ ਜਿਸ ਲਈ ਅੱਜ ਪੁਲਿਸ ਨੂੰ ਸਬਕ ਸਿਖਾਇਆ ਜਾਏਗਾ।
ਥਾਣਾ ਦਿਆਲਪੁਰਾ ਦੇ ਮੁੱਖ ਥਾਣਾ ਅਫਸਰ ਅਮਨਪਾਲ ਸਿੰਘ ਵਿਰਕ ਦਾ ਕਹਿਣਾ ਸੀ ਕਿ ਸਬ ਇੰਸਪੈਕਟਰ ਜਗਰੂਪ ਸਿੰਘ ਦੀ ਸ਼ਿਕਾਇਤ ‘ਤੇ ਚੰਚਲ ਸਿੰਘ, ਸੁਰਜੀਤ ਕੌਰ, ਗੁਰਪ੍ਰੀਤ ਸਿੰਘ, ਤਰਸੇਮ ਸਿੰਘ, ਕਸ਼ਮੀਰ ਸਿੰਘ, ਪਲਵਿੰਦਰ ਸਿੰਘ, ਬਗੀਚਾ ਸਿੰਘ, ਜਗਰੂਪ ਸਿੰਘ, ਗੁਰਵਿੰਦਰ ਸਿੰਘ ਅਤੇ ਕਰੀਬ 10 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਇਰਾਦਾ ਕਤਲ ਅਤੇ ਹੋਰ ਵੱਖ-ਵੱਖ ਧਾਰਾਵਾਂ ਅਧੀਨ ਮੁਕੱਦਮਾ ਦਰਜ ਕਰ ਲਿਆ ਹੈ। ਉਨਾਂ ਦੱਸਿਆ ਕਿ ਮੁਲਜਮਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਗਈ ਹੈ। ਉਨਾਂ ਦੱਸਿਆ ਕਿ ਹੌਲਦਾਰ ਗੁਰਪਿਆਰ ਸਿੰਘ ਦੇ ਕਾਫੀ ਸੱਟਾਂ ਲੱਗੀਆਂ ਹਨ। ਉਨਾਂ ਦੱਸਿਆ ਕਿ ਜੇ ਪੁਲਿਸ ਪਾਰਟੀ ਸਮਝਦਾਰੀ ਨਾਲ ਮੌਕੇ ਤੋਂ ਨਾਂ ਆਉਂਦੀ ਤਾਂ ਵੱਡਾ ਨੁਕਸਾਨ ਵੀ ਹੋ ਸਕਦਾ ਸੀ।