ਅਸ਼ੋਕ ਵਰਮਾ
ਬਠਿੰਡਾ, 29 ਅਪ੍ਰੈਲ 2020 - ਅਡੀਸ਼ਨਲ ਮੁੱਖ ਸਕੱਤਰ ਸਥਾਨਕ ਸਰਕਾਰਾਂ ਸੰਜੈ ਕੁਮਾਰ ਨੇ ਅੱਜ ਬਠਿੰਡਾ ’ਚ ਡਿਪਟੀ ਕਮਿਸਨਰ ਬੀ ਸ੍ਰੀ ਨਿਵਾਸਨ ਅਤੇ ਐਸਐਸਪੀ ਡਾ: ਨਾਨਕ ਸਿੰਘ ਸਮੇਤ ਹੋਰ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਕੋਵਿਡ ਰਾਹਤ ਕਾਰਜਾਂ ਅਤੇ ਕਣਕ ਦੇ ਖਰੀਦ ਪ੍ਰਬੰਧਾਂ ਦੀ ਸਮੀਖਿਆ ਕੀਤੀ। ਇਸ ਮੌਕੇ ਸੰਜੈ ਕੁਮਾਰ, ਨੇ ਬਠਿੰਡਾ ’ਚ ਕਰੋਨਾ ਵਾਇਰਸ ਦਾ ਕੋੲਂ ਮਾਮਲਾ ਸਾਹਮਣੇ ਨਾਂ ਆਉਣ ਤੇ ਜਿਲਾ ਬਠਿੰਡਾ ਹਾਲੇ ਨੂੰ ਚੌਕਸੀ ਇਸੇ ਤਰਾਂ ਬਣਾ ਕੇ ਰੱਖਣ ਦੇ ਆਦੇਸ਼ ਦਿੱਤੇ ।ਉਨਾਂ ਕਿਹਾ ਕਿ ਬਾਹਰਲੇ ਰਾਜਾਂ ਤੋਂ ਆਉਣ ਵਾਲੇ ਲੋਕਾਂ ਦੀ ਬਕਾਇਦਾ ਮੈਡੀਕਲ ਜਾਂਚ ਕੀਤੀ ਜਾਵੇ ਅਤੇ ਉਨਾਂ ਨੂੰ ਇਕਾਂਤਵਾਸ ਵਿਚ ਰੱਖਿਆ ਜਾਵੇ। ਉਨਾਂ ਕਿਹਾ ਕਿ ਕੋਵਿਡ ਕਾਰਨ ਲੱਗੇ ਕਰਫਿਊ ਦੌਰਾਨ ਇਹ ਯਕੀਨੀ ਬਣਾਇਆ ਜਾਵੇ ਕਿ ਕੋਈ ਵੀ ਭੁੱਖਾ ਨਾ ਸੌਂਵੇ ਅਤੇ ਹਰੇਕ ਲੋੜਵੰਦ ਤੱਕ ਮਦਦ ਮੁਹਈਆ ਕਰਵਾਈ ਜਾਵੇ।ਉਨਾਂ ਨੇ ਜਿਲਾ ਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਘਰਾਂ ਦੇ ਅੰਦਰ ਹੀ ਰਹਿਣ ਅਤੇ ਕਰਫਿਊ ਦਾ ਪਾਲਣ ਕਰਨ ਕਿਉਂਕਿ ਇਸ ਬਿਮਾਰੀ ਦੇ ਪਸਾਰ ਨੂੰ ਰੋਕਣ ਦਾ ਇਹੀ ਇਕ ਤਰੀਕਾ ਹੈ।
ਸ੍ਰੀ ਸੰਜੈ ਕੁਮਾਰ ਨੇ ਮੌਕੇ ਨਿਰਦੇਸ਼ ਦਿੱਤੇ ਕਿ ਕਰੋਨਾ ਤੋਂ ਇਲਾਵਾ ਮਲੇਰੀਆਂ ਅਤੇ ਡੇਂਗੂ ਦੀ ਬਿਮਾਰੀ ਦੇ ਪਸਾਰ ਪੱਖੋਂ ਵੀ ਇਹ ਸਮਾਂ ਸੰਵੇਨਸ਼ੀਲ ਹੈ, ਇਸ ਲਈ ਜਰੂਰੀ ਇੰਤਜਾਮ ਕੀਤੇ ਜਾਣ ਕਿ ਇਨਾਂ ਬਿਮਾਰੀਆਂ ਦਾ ਫੈਲਾਅ ਨਾ ਹੋਵੇ।ਇਸੇ ਤਰਾਂ ਉਨਾਂ ਨੇ ਪੀਣ ਵਾਲੇ ਪਾਣੀ ਦੇ ਨਿਯਮਿਤ ਤੌਰ ਤੇ ਨਮੂਨੇ ਲੈਣ, ਘਰਾਂ ਤੋਂ 100 ਫੀਸਦੀ ਕੂੜਾ ਚੁੱਕਣ, ਕੂੜੇ ਦੇ ਵਰਗੀਕਰਨ ਕਰਨ ਅਤੇ ਸਟਰੀਟ ਲਾਇਟਾਂ ਦੇ ਪ੍ਰਬੰਧ ਕਰਨ ਲਈ ਵੀ ਕਿਹਾ।
ਇਸ ਮੌਕੇ ਡਿਪਟੀ ਕਮਿਸਨਰ ਬੀ ਸ੍ਰੀ ਨਿਵਾਸਨ ਨੇ ਦੱਸਿਆ ਕਿ ਬਠਿੰਡਾ ਜਿਲੇ ਤੋਂ ਹਾਲੇ ਤੱਕ 575 ਨਮੂਨੇ ਜਾਂਚ ਲਈ ਲਏ ਗਏ ਹਨ। ਇੰਨਾਂ ਵਿਚੇ 491 ਦੀ ਰਿਪੋਟ ਨੈਗੇਟਿਵ ਪ੍ਰਾਪਤ ਹੋ ਚੁੱਕੀ ਹੈ ਜਦ ਕਿ 84 ਦੀ ਰਿਪੋਟ ਆਉਣੀ ਬਕਾਇਆ ਹੈ। ਉਨਾਂ ਨੇ ਦੱਸਿਆ ਕਿ ਜਿਲੇ ਦੀਆਂ ਸਰਹੱਦਾਂ ਤੇ ਪੂਰੀ ਚੌਕਸੀ ਰੱਖੀ ਜਾ ਰਹੀ ਹੈ।ਉਨਾਂ ਨੇ ਕਿਹਾਕਿ ਬਾਹਰਲੇ ਜਿਲਿਆਂ ਤੋਂ ਕਰੋਨਾ ਦੀ ਲਾਗ ਨਾ ਆਵੇ ਇਸ ਲਈ ਫਿਲਹਾਲ ਦੂਜੇ ਰਾਜਾਂ ਤੋਂ ਆਉਣ ਵਾਲੀ ਸਬਜੀ ਤੇ ਰੋਕ ਲਗਾਈ ਗਈ ਹੈ। ਐਸਐਸਪੀ ਡਾ: ਨਾਨਕ ਸਿੰਘ ਨੇ ਦੱਸਿਆ ਕਿ ਜਿਲੇ ਦੇ ਲੋਕ ਪੂਰਾ ਸਹਿਯੋਗ ਕਰ ਰਹੇ ਹਨ। ਉਨਾਂ ਨੇ ਕਿਹਾ ਕਿ ਪੁਲਿਸ ਵੱਲੋਂ ਕਰਫਿਊ ਤੋੜਨ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾ ਰਹੀ ਹੈ।
ਨਗਰ ਨਿਗਮ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸੇਰਗਿੱਲ ਨੇ ਦੱਸਿਆ ਕਿ ਨਿਗਮ ਵੱਲੋਂ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਸੁੱਕਾ ਰਾਸਨ ਅਤੇ ਪੱਕਿਆ ਹੋਇਆ ਭੋਜਨ ਲੋੜਵੰਦ ਲੋਕਾਂ ਨੂੰ ਮੁਹਈਆ ਕਰਵਾਇਆ ਜਾ ਰਿਹਾ ਹੈ। ਸਿਵਲ ਸਰਜਨ ਡਾ: ਅਮਰੀਕ ਸਿੰਘ ਨੇ ਦੱਸਿਆ ਕਿ ਜਿਲੇ ਵਿਚ ਜਰੂਰਤ ਅਨੁਸਾਰ ਸੁਰੱਖਿਆ ਕਿੱਟਾਂ ਉਪਲਬੱਧ ਹਨ। ਜਿਲਾ ਫੂਡ ਸਪਲਾਈ ਕੰਟਰੋਲਰ ਸ: ਮਨਦੀਪ ਸਿੰਘ ਨੇ ਦੱਸਿਆ ਕਿ 55 ਫੀਸਦੀ ਕਣਕ ਦੀ ਖਰੀਦ ਹੋ ਚੁੱਕੀ ਹੈ। ਜਿਲਾ ਮੰਡੀ ਅਫਸਰ ਸ: ਪ੍ਰੀਤ ਕੰਵਰ ਸਿੰਘ ਬਰਾੜ ਨੇ ਦੱਸਿਆ ਕਿ ਜਿਲੇ ਵਿਚ ਮੰਡੀਆਂ ਵਿਚ 25ਹਜਾਰ ਮਾਸਕ ਵੰਡੇ ਗਏ ਹਨ।