ਮਨਪ੍ਰੀਤ ਸਿੰਘ ਜੱਸੀ
ਅੰਮ੍ਰਿਤਸਰ, 29 ਅਪ੍ਰੈਲ 2020 - ਸਰਕਾਰ ਨੇ ਕਰਫਿਊ ਦੌਰਾਨ ਦੌਰਾਨ ਤੁਹਾਡੇ ਘਰਾਂ ਦੀਆਂ ਲੋੜਾਂ, ਡਾਕਟਰੀ ਸਹਾਇਤਾ, ਮੈਡੀਕਲ ਅਤੇ ਤਣਾਅ ਨਾਲ ਜੁੜੇ ਹੋਰ ਮੁੱਦਿਆਂ ਅਤੇ ਪੁਲਿਸ ਸਹਾਇਤਾ ਲਈ ਤਹਾਨੂੰ ਫੋਨ ਨੰਬਰਾਂ ਉਤੇ ਸਹਾਇਤਾ ਦੇਣ ਦਾ ਪ੍ਰਬੰਧ ਕੀਤਾ ਹੈ ਅਤੇ ਤੁਸੀਂ ਕਿਸੇ ਵੀ ਤਰਾਂ ਦੀ ਸਹਾਇਤਾ ਲਈ ਪੰਜਾਬ ਸਰਕਾਰ ਵੱਲੋਂ ਇਨਾਂ ਜਾਰੀ ਕੀਤੇ ਗਏ ਵੱਖ-ਵੱਖ ਹੈਲਪ ਲਾਇਨ ਨੰਬਰ ਡਾਇਲ ਕਰ ਸਕਦੇ ਹੋ। ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿੱਲੋਂ ਨੇ ਇਹ ਪ੍ਰਗਟਾਵਾ ਕਰਦੇ ਜ਼ਿਲ੍ਹੇ ਦੇ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਇਨ੍ਹਾਂ ਹੈਲਪ ਲਾਇਨ ਨੰਬਰਾਂ ਵਿਚ ਦਿਮਾਗੀ ਪਰੇਸ਼ਾਨੀ, ਘਬਰਾਹਟ ਆਦਿ ਦੇ ਪ੍ਰਭਾਵਸ਼ਾਲੀ ਢੰਗ ਨਾਲ ਹੱਲ ਵਾਸਤੇ ਪੰਜਾਬ ਸਰਕਾਰ ਨੇ ਨਾਗਰਿਕਾਂ ਲਈ ਵਿਸ਼ੇਸ਼ ਹੈਲਪਲਾਈਨ ਨੰਬਰ 18001804104 ਸ਼ੁਰੂ ਕੀਤਾ ਗਿਆ ਹੈ, ਜਿਸ ਨਾਲ ਲੋਕ ਟੈਲੀ-ਕਾਨਫਰੰਸਿੰਗ ਰਾਹੀਂ ਸੀਨੀਅਰ ਡਾਕਟਰਾਂ ਦੇ ਨੈੱਟਵਰਕ ਨਾਲ ਜੁੜ ਕੇ ਕੋਵਿਡ-19 ਅਤੇ ਇਸ ਨਾਲ ਸਬੰਧਤ ਹੋਰ ਪਰੇਸ਼ਾਨੀਆਂ ਲਈ ਮੈਡੀਕਲ ਸਲਾਹ ਲੈ ਸਕਦੇ ਹਨ।।
ਇਸੇ ਤਰ੍ਹਾਂ ਕਿਸੇ ਵੀ ਤਰਾਂ ਦੀ ਡਾਕਟਰੀ ਸਹਾਇਤਾ, ਕੋਰੋਨਾ ਵਾਇਰਸ ਦੇ ਲੱਛਣਾਂ ਲਈ ਆਪਣੀ ਜਾਂਚ ਕਰਨ ਆਦਿ ਉਤੇ ਸਲਾਹ ਲਈ 24 ਘੰਟੇ ਚੱਲਣ ਵਾਲਾ ਸਹਾਇਤਾ ਨੰਬਰ 104 ਡਾਇਲ ਕਰ ਸਕਦੇ ਹੋ।। ਲਾਕ ਡਾਊਨ ਦੌਰਾਨ ਘਰੇਲੂ ਹਿੰਸਾ, ਪੁਲਿਸ ਸਹਾਇਤਾ ਜਾਂ ਕਿਸੇ ਵੀ ਸਮਾਜ ਵਿਰੋਧੀ ਅਨਸਰ ਵਿਰੁੱਧ ਪੁਲਿਸ ਦੀ ਸਹਾਇਤਾ ਪ੍ਰਾਪਤ ਕਰਨ ਲਈ 112 ਨੰਬਰ ਡਾਇਲ ਕੀਤਾ ਜਾ ਸਕਦਾ ਹੈ। ਐਬੂਲੈਂਸ ਦੀ ਸਹਾਇਤਾ ਲਈ ਪਹਿਲਾਂ ਦੀ ਤਰ੍ਹਾਂ 108 ਨੰਬਰ ਡਾਇਲ ਕੀਤਾ ਜਾ ਸਕਦਾ ਹੈ।।
ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਅਸੀਂ ਅੰਮ੍ਰਿਤਸਰ ਜਿਲੇ ਦੇ ਕੰਟਰੋਲ ਰੂਮ, ਜੋ ਕਿ 24 ਘੰਟੇ ਕੰਮ ਕਰਦਾ ਹੈ, ਦੇ ਨੰਬਰ ਵੀ ਜਾਰੀ ਕੀਤੇ ਹਨ, ਲੋਕ ਕਿਸੇ ਵੀ ਤਰ੍ਹਾਂ ਦੀ ਸਹਾਇਤਾ ਲਈ ਇਨਾਂ ਨੰਬਰਾਂ ਤੋਂ ਮਦਦ ਲੈਣ, ਪਰ ਆਪਣੇ ਘਰਾਂ ਦੇ ਅੰਦਰ ਰਹਿਣ, ਤਾਂ ਕਿ ਵਾਇਰਸ ਦਾ ਪਸਾਰ ਰੁੱਕਿਆ ਰਹੇ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਕੰਟਰੋਲ ਰੂਮ ਦੇ ਫੋਨ ਨੰਬਰ 0183-2500398, 2500498, 2500598, 2500698 ਅਤੇ 2500798 ਹਨ, ਤੁਹਾਡੀ ਸਹਾਇਤਾ ਲਈ ਹਰ ਵੇਲੇ ਕੰਮ ਕਰਦੇ ਹਨ।