ਜੀ ਐਸ ਪੰਨੂ
ਪਟਿਆਲਾ, 29 ਅਪ੍ਰੈਲ 2020 - ਜ਼ਿਲ੍ਹਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਪਟਿਆਲਾ ਕੁਮਾਰ ਅਮਿਤ ਨੇ ਸਪੱਸ਼ਟ ਕੀਤਾ ਹੈ ਕਿ ਪਟਿਆਲਾ ਜ਼ਿਲ੍ਹੇ ਅੰਦਰ ਕਰਫਿਊ ਵਿੱਚ ਕੋਈ ਢਿੱਲ ਨਹੀਂ ਦਿੱਤੀ ਜਾ ਰਹੀ। ਉਨ੍ਹਾਂ ਸ਼ਾਮ ਵੇਲੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਰਫਿਊ ਦੌਰਾਨ ਦਿੱਤੀਆਂ ਕੁਝ ਛੋਟਾਂ ਦੇ ਮੱਦੇਨਜ਼ਰ ਜ਼ਿਲ੍ਹਾ ਪਟਿਆਲਾ ਵਿੱਚ ਫ਼ਿਲਹਾਲ ਕੋਈ ਛੋਟ ਨਹੀਂ ਦਿੱਤੀ ਗਈ ਅਤੇ ਮੌਜੂਦਾ ਹਾਲਾਤ ਦੇ ਮੱਦੇਨਜ਼ਰ ਇਹਤਿਆਤ ਵਜੋਂ ਪਾਬੰਦੀਆਂ ਜਾਰੀ ਰਹਿਣਗੀਆਂ।
ਕੁਮਾਰ ਅਮਿਤ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਕੋਰੋਨਾ ਵਾਇਰਸ ਦੇ ਨਵੇਂ ਆ ਰਹੇ ਮਾਮਲਿਆਂ ਨੂੰ ਦੇਖਦਿਆਂ ਪਟਿਆਲਾ ਜ਼ਿਲ੍ਹੇ ਨੂੰ ਅਜੇ ਰੈਡ ਜ਼ੋਨ ਵਿੱਚ ਹੀ ਰੱਖਿਆ ਹੋਇਆ ਹੈ ਅਤੇ ਕਰਫਿਊ ਵਿਚ ਕਿਸੇ ਪ੍ਰਕਾਰ ਦੀ ਢਿੱਲ ਦੇਣ ਸਬੰਧੀਂ 30 ਅਪ੍ਰੈਲ ਨੂੰ ਸਬੰਧਤਾਂ ਨਾਲ ਮੀਟਿੰਗ ਕਰਕੇ ਹੀ ਸ਼ਾਮ ਨੂੰ ਕੋਈ ਫੈਸਲਾ ਲਿਆ ਜਾਵੇਗਾ।
ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਤਰ੍ਹਾਂ ਦੀਆਂ ਅਫ਼ਵਾਹਾਂ ਨਾ ਫੈਲਾਉਣ ਅਤੇ ਨਾ ਹੀ ਅਫ਼ਵਾਹਾਂ 'ਤੇ ਵਿਸ਼ਵਾਸ਼ ਕਰਨ ਅਤੇ ਕਰਫਿਊ ਦੌਰਾਨ ਲਗਾਈਆਂ ਗਈਆਂ ਪਾਬੰਦੀਆਂ ਦੀ ਪਾਲਣਾ ਕਰਨ। ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਲੋਕਾਂ ਦਾ ਆਪਣੇ ਘਰਾਂ ਵਿੱਚ ਹੀ ਰਹਿਣਾਂ ਲਾਜਮੀ ਹੈ, ਜਿਸ ਲਈ ਜ਼ਿਲ੍ਹੇ ਦੇ ਨਿਵਾਸੀ ਆਪਣੇ ਘਰਾਂ ਵਿੱਚੋਂ ਬਾਹਰ ਨਾ ਨਿਕਲਣ ਤਾਂ ਕਿ ਕੋਰੋਨਾ ਵਿਰੁੱਧ ਲੜੀ ਜਾ ਰਹੀ ਜੰਗ 'ਮਿਸ਼ਨ ਫ਼ਤਹਿ' ਨੂੰ ਕਾਮਯਾਬ ਬਣਾਇਆ ਜਾ ਸਕੇ।