- ਐਸ.ਡੀ.ਐਮ. ਮਲੇਰਕੋਟਲਾ ਨੇ ਦਿੱਤੀਆਂ ਸ਼ੁਭ ਇੱਛਾਵਾਂ, ਕਸ਼ਮੀਰੀਆਂ ਨੇ ਪ੍ਰਸ਼ਾਸਨ ਦਾ ਕੀਤਾ ਧੰਨਵਾਦ
ਮਲੇਰਕੋਟਲਾ, 30 ਅਪ੍ਰੈਲ 2020 - ਲਾਕਡਾਊਨ ਕਾਰਨ ਮਲੇਰਕੋਟਲਾ ਸ਼ਹਿਰ ਵਿਚ ਫਸੇ 45 ਕਸ਼ਮੀਰੀ ਅੱਜ ਜੰਮੂ-ਕਸ਼ਮੀਰ ਵਿਖੇ ਸਥਿਤ ਆਪਣੇ ਆਪਣੇ ਘਰਾਂ ਲਈ ਰਵਾਨਾ ਹੋ ਗਏੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਕਰਮਜੀਤ ਸਿੰਘ ਪਾਂਥੇ, ਐਸ.ਡੀ.ਐਮ. ਮਲੇਰਕੋਟਲਾ ਨੇ ਦੱਸਿਆ ਕਿ ਘਨਸ਼ਿਆਮ ਥੋਰੀ, ਡਿਪਟੀ ਕਮਿਸ਼ਨਰ ਸੰਗਰੂਰ ਦੀਆਂ ਅਣਥੱਕ ਕੋਸ਼ਿਸ਼ਾਂ ਸਦਕਾ ਜੰਮੂ-ਕਸ਼ਮੀਰ ਸਰਕਾਰ ਨੇ ਸੰਗਰੂਰ ਜ਼ਿਲ੍ਹੇ ਵਿਚ ਲਾਕਡਾਊਨ ਕਾਰਨ ਫਸੇ ਕਸ਼ਮੀਰੀਆਂ ਨੂੰ ਘਰ ਘਰ ਪਹੁੰਚਾਉਣ ਲਈ ਤਿੰਨ ਬੱਸਾਂ ਭੇਜੀਆਂ ਗਈਆਂ ਸਨ।
ਉਹਨਾਂ ਦੱਸਿਆ ਕਿ ਲਾਕਡਾਊਨ ਕਾਰਨ ਮਲੇਰਕੋਟਲਾ ਸ਼ਹਿਰ ਵਿਚ 45 ਕਸ਼ਮੀਰੀ ਲੋਕ ਫਸੇ ਹੋਏ ਸਨ। ਇਨ੍ਹਾਂ ਸਾਰਿਆਂ ਨੂੰ ਅੱਜ ਜੰਮੂ ਕਸ਼ਮੀਰ ਤੋਂ ਵਿਸ਼ੇਸ਼ ਤੌੌਰ 'ਤੇ ਆਈਆਂ 3 ਬੱਸਾਂ ਰਾਹੀਂ ਸਰਕਾਰੀ ਕਾਲਜ, ਮਲੇਰਕੋਟਲਾ ਤੋਂ ਰਵਾਨਾ ਕਰ ਦਿੱਤਾ ਗਿਆ। ਇਸ ਮੌਕੇ ਵਿਕਰਮਜੀਤ ਸਿੰਘ ਪਾਂਥੇ ਨੇ ਸਮੂਹ ਕਸ਼ਮੀਰੀਆਂ ਨੂੰ ਸ਼ੁਭ ਇੱਛਾਵਾਂ ਦਿੱਤੀਆਂ ਅਤੇ ਸਭ ਨੂੰ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਨ ਦੀ ਵੀ ਹਦਾਇਤ ਕੀਤੀ।
ਇਸ ਮੌਕੇ ਆਪਣੇ ਆਪਣੇ ਘਰ ਜਾ ਰਹੇ ਕਸ਼ਮੀਰੀਆਂ ਨੇ ਪ੍ਰਸ਼ਾਸਨ ਦਾ ਧੰਨਵਾਦ ਕਰਦਿਆਂ ਦਿਲੋਂ ਦੁਆਵਾਂ ਦਿੱਤੀਆਂ। ਇਸ ਮੌਕੇ ਗੁਰਦੁਆਰਾ ਹਾਅ ਦਾ ਨਾਹਰਾ ਦੇ ਸੇਵਾਦਾਰਾਂ ਵੱਲੋਂ ਹੈਡ ਗ੍ਰੰਥੀ ਸ. ਨਰਿੰਦਰਪਾਲ ਸਿੰਘ ਦੀ ਅਗਵਾਈ ਹੇਠ ਕਸ਼ਮੀਰੀ ਲੋਕਾਂ ਲਈ ਲੰਗਰ ਦੇ ਪੈਕੇਟ ਤਿਆਰ ਕਰ ਕੇ ਦਿੱਤੇ ਗਏ। ਇਸ ਮੌਕੇ ਬਾਦਲ ਦੀਨ, ਤਹਿਸੀਲਦਾਰ ਮਲੇਰਕੋਟਲਾ, ਧਰਮ ਸਿੰਘ, ਸੀਨੀਅਰ ਸਹਾਇਕ, ਰੋਹਿਤ ਕੁਮਾਰ, ਜੂਨੀਅਰ ਸਹਾਇਕ, ਗੁਰਵਿੰਦਰ ਸਿੰਘ, ਜੂਨੀਅਰ ਸਹਾਇਕ, ਮਨਪ੍ਰੀਤ ਸਿੰਘ ਕਲਰਕ ਆਦਿ ਵੀ ਮੌਜੂਦ ਸਨ।