ਹਰਿੰਦਰ ਨਿੱਕਾ
- ਫਿਟਨੈਸ ਸਰਟੀਫਿਕੇਟ ਮਿਲਣ ਤੋਂ ਬਾਅਦ ਪਹੁੰਚਾਇਆ ਜਾਵੇਗਾ ਘਰ: ਘਨਸ਼ਿਆਮ ਥੋਰੀ
ਸੰਗਰੂਰ, 30 ਅਪ੍ਰੈਲ 2020 - ਕੋਵਿਡ 19 ਦੀ ਮਹਾਂਮਾਰੀ ਨੂੰ ਰੋਕਣ ਲਈ ਪੰਜਾਬ ਵਿਚ ਲਗਾਏ ਗਏ ਕਰਫਿਊ ਕਾਰਨ ਕਈ ਸੂਬਿਆਂ ਦੇ ਵਿਅਕਤੀ ਪੰਜਾਬ ਵਿਚ ਫ਼ਸੇ ਹੋਏ ਹਨ। ਪੰਜਾਬ ਸਰਕਾਰ ਦੇ ਯਤਨਾਂ ਸਦਕਾ ਹੁਣ ਇਨ੍ਹਾਂ ਨੂੰ ਆਪਣੇ-ਆਪਣੇ ਘਰ ਵਾਪਸ ਭੇਜਿਆ ਜਾ ਰਿਹਾ ਹੈ। ਇਸ ਸਬੰਧ ਵਿਚ ਪੰਜਾਬ ਸਰਕਾਰ ਨੇ ਇਕ ਵੈਬਸਾਈਟ ਲਿੰਕ ਜ਼ਾਰੀ ਕੀਤਾ ਹੈ ਤਾਂ ਕਿ ਚਾਹਵਾਨ ਵਿਅਕਤੀ ਵਾਪਸ ਆਪਣੇ ਘਰ ਜਾ ਸਕਣ।
ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਘਨਸ਼ਿਆਮ ਥੋਰੀ ਨੇ ਕਿਹਾ ਕਿ ਪੰਜਾਬ ਤੋਂ ਬਾਹਰ ਦਾ ਕੋਈ ਵੀ ਵਿਅਕਤੀ ਜੋ ਕੋਰੋਨਾਵਾਇਰਸ ਨੂੰ ਫ਼ੈਲਣ ਤੋਂ ਰੋਕਣ ਲਈ ਲਗਾਏ ਗਏ ਕਰਫਿਊ ਕਾਰਨ ਪੰਜਾਬ ਵਿਚ ਫਸ ਗਿਆ ਹੈ, ਨੂੰ www.covidhelp.punjab.gov.in ਤੇ ਜਾ ਕੇ ਇਕ ਫ਼ਾਰਮ ਭਰਨਾ ਹੋਵੇਗਾ। ਫ਼ਾਰਮ ਭਰਨ ਤੋਂ ਬਾਅਦ ਉਸ ਨੂੰ ਉਸ ਦੇ ਪੂਰੇ ਪਰਿਵਾਰ ਜਾਂ ਗਰੁੱਪ ਲਈ ਸਿਸਟਮ ਦੁਆਰਾ ਜਨਰੇਟ ਕੀਤੀ ਇਕ ਯੂਨੀਕ ਆਈ.ਡੀ. ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਚਾਹਵਾਨ ਵਿਅਕਤੀਆਂ ਨੂੰ ਇਹ ਫ਼ਾਰਮ 2 ਦਿਨਾਂ ਦੇ ਅੰਦਰ-ਅੰਦਰ ਭਰਨਾ ਹੋਵੇਗਾ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਯੂਨੀਕ ਆਈ.ਡੀ. ਮਿਲਣ ਤੋਂ ਬਾਅਦ ਆਪਣੇ ਘਰ ਜਾਣ ਵਾਲੇ ਚਾਹਵਾਨ ਵਿਅਕਤੀਆਂ ਦੀ ਮੈਡੀਕਲ ਸਕ੍ਰੀਨਿੰਗ ਕੀਤੀ ਜਾਵੇਗੀ ਅਤੇ ਕੋਵਿਡ 19 ਦੇ ਲੱਛਣਾਂ ਤੋਂ ਰਹਿਤ ਵਿਅਕਤੀਆਂ ਨੂੰ ਇਕ ਸਰੀਫਿਕੇਟ ਜਾਰੀ ਕੀਤਾ ਜਾਵੇਗਾ। ਇਸ ਤੋਂ ਬਾਅਦ ਇਨ੍ਹਾਂ ਵਿਅਕਤੀਆਂ ਨੂੰ ਉਨ੍ਹਾਂ ਦੇ ਘਰ ਤੱਕ ਪਹੁੰਚਾਇਆ ਜਾਵੇਗਾ।