- ਵਪਾਰਿਕ ਸੰਸਥਾਵਾਂ ਦੇ ਨੁਮਾਇੰਦਿਆਂ ਦੇ ਨਾਲ ਮੀਟਿੰਗ ਕਰਨ ਉਪਰੰਤ ਲਿਆ ਜਾਵੇਗਾ ਕੋਈ ਫ਼ੈਸਲਾ
- ਜ਼ਿਲ੍ਹੇ ਵਿਚ ਕੁਆਰਨਟਾਈਨ ਕੀਤੇ ਵਿਅਕਤੀਆਂ ਵਿਚੋਂ 1 ਵਿਅਕਤੀ ਦੀ ਕੋਰੋਨਾ ਰਿਪੋਰਟ ਆਈ ਪੋਜ਼ਿਟਿਵ
ਫਿਰੋਜ਼ਪੁਰ, 30 ਅਪ੍ਰੈਲ 2020 : ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਕਰਫ਼ਿਊ ਪਹਿਲਾਂ ਵਾਂਗ ਹੀ ਜਾਰੀ ਰਹੇਗਾ ਅਤੇ ਬਾਜ਼ਾਰਾਂ ਨੂੰ ਖੁੱਲ੍ਹਣ ਨੂੰ ਲੈ ਕੇ ਕਿਸੇ ਤਰ੍ਹਾਂ ਦੀ ਕੋਈ ਢਿੱਲ ਨਹੀਂ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿਚ ਕੁਆਰਨਟਾਈਨ ਕੀਤੇ ਵਿਅਕਤੀਆਂ ਵਿਚ ਇੱਕ ਵਿਅਕਤੀ ਦੀ ਕੋਰੋਨਾ ਪੋਜ਼ਿਟਿਵ ਰਿਪੋਰਟ ਆਈ ਹੈ, ਅਤੇ ਜ਼ਿਲ੍ਹੇ ਵਿਚ ਕੇਸ ਵਧਣ ਦੀ ਸੰਭਾਵਨਾ ਹੈ। ਇਸ ਲਈ ਇਸ ਨੂੰ ਧਿਆਨ ਵਿਚ ਰੱਖਦਿਆਂ ਹੀ ਢਿੱਲ ਦੇਣ ਸਬੰਧੀ ਕੋਈ ਫ਼ੈਸਲਾ ਲਿਆ ਜਾਵੇਗਾ।
ਉਨ੍ਹਾਂ ਦੱਸਿਆ ਕਿ ਕੱਲ੍ਹ ਵਪਾਰਿਕ ਸੰਸਥਾਵਾਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ ਜਾਵੇਗੀ ਅਤੇ ਉਸ ਉਪਰੰਤ ਹੀ ਕੋਈ ਫ਼ੈਸਲਾ ਲਿਆ ਜਾਵੇਗਾ ਅਤੇ ਜੇਕਰ ਕੋਈ ਵੀ ਢਿੱਲ ਸਬੰਧੀ ਫ਼ੈਸਲਾ ਲਿਆ ਜਾਂਦਾ ਹੈ ਤਾਂ ਉਹ ਪਰਸੋਂ ਤੋਂ ਲਾਗੂ ਕੀਤਾ ਜਾਵੇਗਾ। ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਰਫ਼ਿਊ ਦੀ ਪਾਲਨਾ ਕਰਨ ਅਤੇ ਆਪਣੇ ਘਰਾਂ ਵਿਚ ਹੀ ਬਣੇ ਰਹਿਣ।
ਡਿਪਟੀ ਕਮਿਸ਼ਨਰ ਨੇ ਇਹ ਵੀ ਦੱਸਿਆ ਕਿ ਜ਼ਿਲ੍ਹੇ ਵਿਚ ਨੰਦੇੜ ਸਾਹਿਬ, ਕੋਟਾ, ਰਾਜਸਥਾਨ ਅਤੇ ਕਈ ਹੋਰ ਥਾਵਾਂ ਤੋਂ ਆਏ ਕੁੱਲ 313 ਵਿਅਕਤੀਆਂ ਨੂੰ ਐਸਬੀਐਸ ਕਾਲਜ, ਜਵਾਹਰ ਨਵੋਦਿਆ ਵਿਦਿਆਲਿਆ, ਰਾਧਾ ਸੁਆਮੀ ਸਤਸੰਗ ਡੇਰੇ ਫਿਰੋਜ਼ਪੁਰ ਅਤੇ ਗੁਰੂਹਰਸਹਾਏ ਵਿਖੇ ਕੁਆਰਨਟਾਈਨ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਐਸਬੀਐਸ ਕਾਲਜ ਵਿਖੇ ਕੀਤੇ 86 ਕੁਆਰਨਟਾਈਨ ਵਿਅਕਤੀਆਂ ਦੀ ਜੋ ਸੈਂਪਲ ਭੇਜੇ ਗਏ ਸਨ ਉਨ੍ਹਾਂ ਦੀਆਂ ਰਿਪੋਰਟਾਂ ਆਉਣੀਆਂ ਸ਼ੁਰੂ ਹੋ ਗਈਆਂ ਹਨ ਅਤੇ ਉਨ੍ਹਾਂ ਵਿਚੋਂ 1 ਦੀ ਰਿਪੋਰਟ ਕੋਰੋਨਾ ਪੋਜ਼ਿਟਿਵ ਆਈ ਹੈ ਅਤੇ ਬਾਕੀ ਦੀਆਂ ਰਿਪੋਰਟਾਂ ਆ ਰਹੀਆਂ ਹਨ।
ਉਸ ਵਿਅਕਤੀ ਨੂੰ ਆਈਸੋਲਸ਼ਨ ਵਿਚ ਲਿਜਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਵੱਡੇ ਪੱਧਰ ਤੇ ਸੈਂਪਲਿੰਗ ਹੋਈ ਹੈ ਅਤੇ ਹੋਰ ਵੀ ਕੇਸ ਪੋਜ਼ਿਟਿਵ ਆਉਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਪ੍ਰੋਟੋਕਾਲ ਅਨੁਸਾਰ ਬਾਹਰੋਂ ਆਏ ਹਰ ਵਿਅਕਤੀ ਲਈ 14 ਦਿਨ ਕੁਆਰਨਟਾਈਨ ਹੋਣਾ ਲਾਜ਼ਮੀ ਹੈ। ਉਸ ਤੋਂ ਬਾਅਦ ਉਨ੍ਹਾਂ ਦੇ ਸੈਂਪਲ ਲੈਣ ਤੋਂ ਬਾਅਦ ਜੇਕਰ ਕਿਸੇ ਦੀ ਰਿਪੋਰਟ ਪੋਜ਼ਿਟਿਵ ਆਉਂਦੀ ਹੈ ਤਾਂ ਪ੍ਰੋਟੋਕਾਲ ਅਨੁਸਾਰ ਅਗਲੀ ਕਾਰਵਾਈ ਕੀਤੀ ਜਾਂਦੀ।