← ਪਿਛੇ ਪਰਤੋ
ਹਰੀਸ਼ ਕਾਲੜਾ
ਰੂਪਨਗਰ, 30 ਅਪ੍ਰੈਲ 2020 - ਡਿਪਟੀ ਕਮਿਸ਼ਨਰ ਸੋਨਾਲੀ ਗਿਰੀ ਨੇ ਦੱਸਿਆ ਕਿ ਸ਼੍ਰੀ ਹਜ਼ੂਰ ਸਾਹਿਬ ਤੋਂ ਪਰਤੇ ਰੂਪਨਗਰ ਜ਼ਿਲ੍ਹੇ ਦੇ 2 ਵਿਅਕਤੀਆਂ ਦੀ ਰਿਪੋਰਟ ਪਾਜ਼ੀਟਿਵ ਆਈ ਹੈ । ਇਨ੍ਹਾਂ ਵਿਚੋਂ 1 ਸ਼੍ਰੀ ਚਮਕੌਰ ਸਾਹਿਬ ਦੇ ਪਿੰਡ ਮੱਕੋਵਾਲ ਅਤੇ ਦੂਜਾ ਨੰਗਲ ਨੇੜਲੇ ਭੰਗਲ ਦਾ ਨਿਵਾਸੀ ਹੈ। ਉਨ੍ਹਾਂ ਦੱਸਿਆ ਕਿ ਦੋਨਾਂ ਨੂੰ ਸਿਵਲ ਹਸਪਤਾਲ ਰੂਪਨਗਰ ਦੇ ਆਈਸੋਲੇਸ਼ਨ ਵਾਰਡ ਵਿੱਚ ਦਾਖਲ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸ਼੍ਰੀ ਹਜ਼ੂਰ ਸਾਹਿਬ ਤੋਂ ਜ਼ਿਲ੍ਹੇ ਵਿੱਚ 58 ਸ਼ਰਧਾਲੂ ਅਤੇ 02 ਵਿਅਕਤੀ ਕੋਟਾ ਤੋਂ ਆਏ ਸਨ । ਜ਼ਿਨ੍ਹਾਂ ਵਿਚੋਂ 46 ਦੇ ਸੈਂਪਲ ਲਏ ਸਨ। ਇਨ੍ਹਾਂ ਵਿਚੋ 02 ਵਿਅਕਤੀਆਂ ਦੀ ਰਿਪੋਰਟ ਪਾਜ਼ਟਿਵ ਆਈ ਹੈ। 12 ਦੀ ਰਿਪੋਰਟ ਨੈਗਟਿਵ , 32 ਦੀ ਰਿਪੋਰਟ ਪੈਂਡਿੰਗ ਅਤੇ 14 ਦੇ ਸੈਂਪਲ ਲੈਣ ਦੀ ਪ੍ਰਕਿਰਿਆ ਜਾਰੀ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਹੁਣ ਤੱਕ ਜ਼ਿਲ੍ਹੇ ਵਿੱਚ ਕੁੱਲ 391 ਵਿਅਕਤੀਆਂ ਦੇ ਸੈਂਪਲ ਲਏ ਗਏ ਸਨ। ਇਨ੍ਹਾਂ ਵਿਚੋਂ 285 ਦੀ ਰਿਪੋਰਟ ਨੈਗਟਿਵ 02 ਸੈਂਪਲ ਪਾਜ਼ਟਿਵ ਅਤੇ 102 ਦੀ ਰਿਪੋਰਟ ਪੈਂਡਿੰਗ ਹੈ । ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਅੱਜ ਸ਼੍ਰੀ ਹਜ਼ੂਰ ਸਾਹਿਬ ਤੋਂ ਪਰਤੇ 02 ਸ਼ਰਧਾਲੂਆਂ ਵਿਚੋਂ ਮੱਕੋਵਾਲ ਨਿਵਾਸੀ ਸ਼ਰਧਾਲੂ ਆਪਣੇ ਪਰਸਨਲ ਵਾਹਨ ਅਤੇ ਭੰਗਲ ਨਿਵਾਸੀ ਸ਼ਰਧਾਲੂ ਬੱਸ ਵਿੱਚ ਸਵਾਰ ਹੋ ਕੇ ਪਰਤੇ ਸਨ। ਉਨ੍ਹਾਂ ਨੇ ਦੱਸਿਆ ਕਿ ਦੋਨੇ ਵਿਅਕਤੀਆਂ ਦੀ ਟ੍ਰੈਵਲ ਹਿਸਟਰੀ ਜਾਂਚੀ ਜਾ ਰਹੀ ਹੈ ਅਤੇ ਇਸ ਦੇ ਅਧਾਰ ਤੇ ਇਹ ਜਿਨ੍ਹਾਂ ਵਿਅਕਤੀਆਂ ਦੇ ਸੰਪਰਕ ਵਿੱਚ ਆਏ ਸਨ ਉਨ੍ਹਾਂ ਦੀ ਸਿਹਤ ਜਾਂਚ ਅਤੇ ਸੈਪਲ ਸਬੰਧੀ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਸਮੂਹ ਜ਼ਿਲ੍ਹਾ ਨਿਵਾਸੀਆਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਕਿਸੇ ਤਰ੍ਹਾਂ ਦੀ ਘਬਰਾਉਣ ਦੀ ਜ਼ਰੂਰਤ ਨਹੀਂ ਹੈ ਜੇਕਰ ਕਿਸੇ ਨੂੰ ਖਾਂਸੀ , ਬੁਖਾਰ ਜਾਂ ਵਾਇਰਸ ਸਬੰਧੀ ਕੋਈ ਲੱਛਣ ਮਹਿਸੂਸ ਹੁੰਦਾ ਹੈ ਉਹ ਤੁਰੰਤ ਆਪਣੇ ਨਜ਼ਦੀਕੀ ਸਿਹਤ ਕੇਂਦਰ ਅਤੇ ਜ਼ਿਲ੍ਹਾ ਪ੍ਰਸ਼ਾਸ਼ਨ ਨਾਲ ਸੰਪਰਕ ਕਰਨ। ਜੇਕਰ ਇਸ ਬਿਮਾਰੀ ਦਾ ਜਲਦੀ ਪਤਾ ਲੱਗ ਜਾਂਦਾ ਹੈ ਤਾਂ ਇਸ ਤੋਂ ਬਚਿਆ ਵੀ ਜਾ ਸਕਦਾ ਹੈ। ਉਨ੍ਹਾਂ ਨੇ ਅਪੀਲ ਕਰਦੇ ਹੋਏ ਕਿਹਾ ਕਿ ਜੇਕਰ ਹੋਰ ਵੀ ਕੋਈ ਸ਼ਰਧਾਲੂ ਸ਼੍ਰੀ ਹਜ਼ੂਰ ਸਾਹਿਬ ਦੀ ਯਾਤਰਾ ਤੋਂ ਆਏ ਹਨ ਤਾਂ ਉਹ ਸਬੰਧਤ ਖੇਤਰ ਦੇ ਐਸ.ਡੀ.ਐਮਜ਼ ਨੂੰ ਸੂਚਨਾ ਮੁਹੱਈਆ ਕਰਵਾ ਕੇ ਆਪਣੀ ਸਿਹਤ ਜਾਂਚ ਕਰਵਾਉਣ ਅਤੇ ਜੇਕਰ ਕਿਸੇ ਨੂੰ ਕਿਸੇ ਸ਼ਰਧਾਲੂ ਦੇ ਆਉਣ ਦੀ ਜਾਣਕਾਰੀ ਹੈ ਤਾਂ ਉਹ ਜ਼ਿਲ੍ਹਾ ਪ੍ਰਸ਼ਾਸ਼ਨ ਨੂੰ ਸੂਚਿਤ ਕਰਨ।
Total Responses : 266