ਚੰਡੀਗੜ੍ਹ, 1 ਮਈ 2020 - ਕੋਰੋਨਾ ਵਾਇਰਸ ਨੇ ਭਾਰਤ ਸਮੇਤ ਪੂਰੀ ਦੁਨੀਆਂ ਦੇ ਲੋਕਾਂ ਨੂੰ ਘਰਾਂ 'ਚ ਬੰਦ ਕਰ ਦਿੱਤਾ ਹੈ। ਆਪਣੀ ਖੁੱਲ੍ਹਦਿਲੀ ਨਾਲ ਜ਼ਿੰਦਗੀ ਜਿਊਣ ਵਾਲਾ ਇਨਸਾਨ ਕੋਰੋਨਾ ਕਾਰਨ ਘਰਾਂ 'ਚ ਬੈਠਾ ਜਾਨਵਰਾਂ ਵਾਂਗ ਕੈਦ ਮਹਿਸੂਸ ਕਰ ਰਿਹਾ ਹੈ। ਇਸ ਸਬੰਧ 'ਚ ਵਟਸਐਪ 'ਤੇ ਮਨੁੱਖੀ ਜ਼ਿੰਦਗੀ ਨਾਲ ਸਬੰਧਿਤ ਕੁੱਝ ਸਤਰਾਂ ਵਾਇਰਲ ਹੋ ਰਹੀਆਂ ਹਨ ਜੋ ਕਿ ਇਸ ਪ੍ਰਕਾਰ ਹਨ....
ਅੰਦਰ ਬਹਿ ਬਹਿ ਥੱਕ ਗਏ ਹਾਂ ,
ਦਾਲਾਂ ਖਾ ਖਾ ਅੱਕ ਗਏ ਹਾਂ,
ਰਾਸ਼ਨ ਜੋ ਸੀ, ਛੱਕ ਗਏ ਹਾਂ।
ਹੁਣ ਤੇ ਮਗਰੋਂ ਲੱਥ ਕਰੋਨਾ ,
ਸਾਡੀ ਹੋ ਗਈ ਬੱਸ ਕਰੋਨਾ।
ਬਾਰ ਬਾਰ ਹੱਥ ਧੋਈ ਜਾਈਏ,
ਤੇਰੀ ਜਾਨ ਨੂੰ ਰੋਈ ਜਾਈਏ,
ਸਰੀਰੋੰ ਲੀਸੇ ਹੋਈ ਜਾਈਏ।
ਨਿਕਲੇ ਪਏ ਈ ਵੱਟ ਕਰੋਨਾ,
ਹੁਣ ਤੇ ਮਗਰੋਂ ਲੱਥ ਕਰੋਨਾ।
ਤੂੰ ਸਭ ਰਿਸ਼ਤੇਦਾਰ ਛੁੱਡਾਏ,
ਡਰਦਾ ਕੋਈ ਮਿਲਣ ਨਾ ਆਏ,
ਫੋਨਾਂ ਨਾਲ ਹੀ ਕੰਮ ਚਲਾਏ।
ਸਾਕਾਂ ਦੀ ਰੋਲੇ ਪੱਤ ਕਰੋਨਾ,
ਹੁਣ ਤੇ ਮਗਰੋਂ ਲੱਥ ਕਰੋਨਾ।
ਤਾਸ਼ ਖੇਡ ਚੜੱਕਿੱਲੀ ਮਾਰਨ,
ਕਈ ਜਿੱਤੀ ਹੋਈ ਬਾਜ਼ੀ ਹਾਰਨ,
ਕੁੱਝ ਵੇਖਕੇ ਬੁੱਤਾ ਸਾਰਣ।
ਚੇਤੇ ਆਉਂਦੀ ਸੱਥ ਕਰੋਨਾ,
ਹੁਣ ਤੇ ਮਗਰੋਂ ਲੱਥ ਕਰੋਨਾ।
ਕਿਉਂ ਲੋਕਾਂ ਨੂੰ ਮਾਰੀ ਜਾਵੇ ,
ਵੱਸਦੇ ਘਰ ਉਜਾੜੀ ਜਾਵੇੰ,
ਧੁਰ ਦੀ ਗੱਡੀ ਚਾੜ੍ਹੀ ਜਾਵੇ।
ਕਾਹਤੋ ਚੁੱਕੀ ਅੱਤ ਕਰੋਨਾ ,
ਹੁਣ ਤੇ ਮਗਰੋਂ ਲੱਥ ਕਰੋਨਾ ।
ਕੋਈ ਵੇਖੇ ਤਾਂ ਅੱਖ ਚੁਰਾਈਏ,
ਦੂਰੋਂ ਵੇਖਕੇ ਹੱਥ ਹਲਾਈਏ,
ਔਖੇ ਹੋ ਕੇ ਮਾਸਕ ਪਾਈਏ।
ਢੱਕਿਆਂ ਮੂੰਹ ਤੇ ਨੱਕ ਕਰੋਨਾ ,
ਹੁਣ ਤੇ ਮਗਰੋਂ ਲੱਥ ਕਰੋਨਾ ,
ਖੰਘ ਆਵੇ ਡਰਦੇ ਨਾ ਖੰਘੀਏ,
ਹਸਪਤਾਲ ਲਾਗੋ ਨਾ ਲੰਘੀਏ,
ਹਰ ਇਕ ਦੀ ਖੈਰ ਸੁੱਖ ਮੰਗੀਏ।
ਨਾ ਲੋਕਾਂ ਨੂੰ ਡੱਸ ਕਰੋਨਾ,
ਹੁਣ ਤੇ ਮਗਰੋਂ ਲੱਥ ਕਰੋਨਾ,
ਸਾਡੀ ਹੋ ਗਈ ਬੱਸ ਕਰੋਨਾ।