ਅਸ਼ੋਕ ਵਰਮਾ
ਬਠਿੰਡਾ, 1 ਮਈ 2020 - ਅੱਜ ਇੱਥੇ ਪਿੰਡ ਸਿਬੀਆ ਵਿਖੇ ਡੈਮੋਕ੍ਰੇਟਿਕ ਮਿਡ ਡੇ ਮੀਲ ਕੁੱਕ ਫਰੰਟ ਪੰਜਾਬ ਦੀ ਜ਼ਿਲ੍ਹਾ ਪ੍ਰਧਾਨ ਸ਼ਿੰਦਰ ਕੌਰ ਸਿਬੀਆ ਦੀ ਅਗਵਾਈ ਹੇਠ ਮਿੱਡ ਡੇ ਮੀਲ ਕੁੱਕ ਬੀਬੀਆਂ ਨੇ ਮਈ ਦਿਵਸ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਨ ਮੌਕੇ ਸਰਕਾਰ ਖਿਲਾਫ ਜ਼ੋਰਦਾਰ ਨਾਅਰੇਬਾਜੀ ਵੀ ਕੀਤੀ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਸ਼ਿੰਦਰ ਕੌਰ ਸਿਬੀਆ, ਬਲਜੀਤ ਕੌਰ, ਮਹਿੰਦਰ ਕੌਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰ ਮਈ ਦਿਵਸ ਦੇ ਮੌਕੇ ’ਤੇ ਮਜ਼ਦੂਰ ਵਰਗ ਨੂੰ ਵੱਡੀਆਂ ਰਿਆਇਤਾਂ ਦੇਣ ਦੇ ਦਾਅਵੇ ਕਰਕੇ ਵਾਹ-ਵਾਹ ਕਰਵਾਉਣ ਲਈ ਢੰਡੋਰਾ ਪਿੱਟਦੀ ਨਹੀਂ ਥੱਕਦੀ, ਪਰ ਅਸਲ ਸਥਿਤੀ ਹਮੇਸ਼ਾ ਉਲਟ ਹੈ।
ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਤਾਲਬੰਦੀ ਦੌਰਾਨ ਮਜ਼ਦੂਰ ਵਰਗ ਨੂੰ ਵੱਡੀ ਰਾਹਤ ਦੇਣ ਦਾ ਦਾਅਵਾ ਕੀਤਾ ਜਾ ਰਿਹਾ ਹੈ, ਜਦੋਂ ਕਿ ਪਹਿਲੀ ਤੋਂ ਅੱਠਵੀਂ ਕਲਾਸ ਤੱਕ ਦੇ ਬੱਚਿਆਂ ਲਈ ਸਕੂਲਾਂ ਵਿੱਚ ਦੁਪਹਿਰ ਦਾ ਖਾਣਾ ਪਰੋਸਣ ਵਾਲੀਆਂ ਮਿਡ-ਡੇ-ਮੀਲ ਕੁੱਕ ਬੀਬੀਆਂ ਨੂੰ ਮਾਰਚ ਮਹੀਨੇ ਵਿੱਚ ਕੰਮ ਕਰਵਾਉਣ ਤੋਂ ਬਾਅਦ ਵੀ ਸਰਕਾਰ ਨੇ ਤਨਖਾਹ ਦੇਣ ਤੋਂ ਪਾਸਾ ਵੱਟ ਲਿਆ ਹੈ ਜਿਸ ਨਾਲ ਕੋਰੋਨਾ ਵਾਇਰਸ ਕਰਕੇ ਲਗਾਏ ਕਰਫ਼ਿਊ ਵਿੱਚ ਇਸ ਤਨਖਾਹ ਤੇ ਹੀ ਗੁਜ਼ਾਰਾ ਕਰਨ ਵਾਲੀਆਂ ਮਿਡ-ਡੇ-ਮੀਲ ਕੁੱਕ ਨੂੰ ਸਰਕਾਰ ਨੇ ਮੰਦਹਾਲੀ ਵੱਲ ਧੱਕ ਦਿੱਤਾ ਹੈ।
ਆਗੂਆਂ ਨੇ ਸਰਕਾਰ ’ਤੇ ਦੋਸ਼ ਲਾਉਂਦਿਆਂ ਕਿਹਾ ਕਿ ਜਦੋਂ ਵੀ ਸਰਕਾਰ ਦੇ ਮੰਤਰੀਆਂ ਅਤੇ ਉੱਚ ਅਧਿਕਾਰੀਆਂ ਮੀਟਿੰਗਾਂ ਕੀਤੀਆਂ ਤਾਂ ਉਨ੍ਹਾਂ ਨਾਲ ਮਾਰਚ ਮਹੀਨੇ ਦੀ ਤਨਖਾਹ ਦੇਣ ਅਤੇ ਤਨਖਾਹ 1700 ਰੁਪਏ ਤੋਂ ਵਧਾ ਕੇ ਦੁੱਗਣੀ ਕਰਨ ਦਾ ਭਰੋਸ਼ਾ ਦਿੱਤਾ ਗਿਆ ਪਰ ਅਜੇ ਤਾਂਈ ਨਾ ਮਾਰਚ ਮਹੀਨੇ ਦੀ ਤਨਖਾਹ ਦਿੱਤੀ ਗਈ ਹੈ, ਨਾ ਦੁੱਗਣੀ ਕੀਤੀ ਗਈ ਹੈ ਅਤੇ ਨਾ ਹੀ ਬੀਮਾ ਕੀਤਾ ਗਿਆ।
ਆਗੂਆਂ ਨੇ ਅੱਗੇ ਦੱਸਿਆ ਕਿ ਮਿਡ-ਡੇ-ਮੀਲ ਕੁੱਕ ਦੇ ਕੰਮ ਲਈ ਵੱਡੀ ਗਿਣਤੀ ਵਿਧਵਾਵਾਂ ਅਤੇ ਹੋਰ ਅਤਿ ਦੇ ਗਰੀਬ ਵਰਗ ਵਿੱਚੋਂ ਔਰਤਾਂ ਕੰਮ ਕਰਦੀਆਂ ਹਨ ਜਿੰਨਾਂ ਦਾ ਗੁਜ਼ਾਰਾ ਕਰਨਾ ਮੁਸ਼ਕਿਲ ਹੋ ਚੁੱਕਾ ਹੈ। ਇਸ ਲਈ ਸਰਕਾਰ ਹੋਰ ਵਰਗਾਂ ਦੀ ਤਰਾਂ ਉਨਾਂ ਨੂੰ ਵੀ ਮਾਰਚ ਤੋਂ ਲੈ ਕੇ ਮਈ ਤੱਕ ਦੇ ਤਿੰਨ ਮਹੀਨੇ ਦੀ ਅਡਵਾਂਸ ਤਨਖਾਹ ਦੇਵੇ ਅਤੇ ਉਨਾਂ ਦਾ ਤੁਰੰਤ ਬੀਮਾ ਕਰਵਾਏ। ਇਸ ਮੌਕੇ ਫਰੰਟ ਦੀ ਸੂਬਾ ਆਗੂ ਨੇ ਇਹ ਵੀ ਮੰਗ ਕੀਤੀ ਕਿ ਮਿਡ ਡੇ ਮੀਲ ਕੁੱਕ ਦੀਆਂ ਸੇਵਾਵਾਂ ਨੂੰ ਘੱਟੋ ਘੱਟ ਉਜਰਤ ਕਾਨੂੰਨ ਅਧੀਨ ਲਿਆ ਕੇ ਤਨਖਾਹਾਂ ਵਿੱਚ ਵਾਧਾ ਕੀਤਾ ਜਾਵੇ ਅਤੇ ਛੁੱਟੀਆਂ ਤੈਅ ਕੀਤੀਆਂ ਜਾਣ। ਇਸ ਮੌਕੇ ਰਮਨਜੀਤ ਕੌਰ, ਜਸਵਿੰਦਰ ਕੌਰ, ਰਣਜੀਤ ਕੌਰ ਆਦਿ ਵੀ ਹਾਜ਼ਰ ਸਨ।