ਅਸ਼ੋਕ ਵਰਮਾ
ਬਠਿੰਡਾ, 1 ਮਈ 2020 - ਕੋਰੋਨਾ ਵਾਇਰਸ ਦੇ ਮੱਦੇਨਜ਼ਰ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਦਰਪੇਸ਼ ਚੁਣੌਤੀਆਂ ਨੂੰ ਮਾਤ ਦੇਣ ਲਈ ਸੈਕੰਡਰੀ ਵਿੰਗ ਦੇ ਅਧਿਆਪਕਾਂ ਨੇ ਵੀ ਕਮਰ ਕਸ ਲਈ ਹੈ। ਇਸ ਕੰਮ ਲਈ ਅਧਿਆਪਕਾਂ ਨੇ ਮੋਬਾਇਲ ਫੋਨ ਨੂੰ ਹਥਿਆਰ ਬਣਾਇਆ ਹੈ ਜੋ ਆਨਲਾਈਨ ਸਿੱਖਿਆ ਮੁਹੱਈਆ ਕਰਵਾਉਣ ਦੇ ਮਾਮਲੇ ’ਚ ਰਾਮਬਾਣ ਸਿੱਧ ਹੋਇਆ ਹੈ। ਬਠਿੰਡਾ ਦੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸੁਖਬੀਰ ਸਿੰਘ ਨੇ ਵੀ ਇਸ ਕੰਮ ’ਚ ਜੁਟੇ ਅਧਿਆਪਕਾਂ ਦੀ ਪਿੱਠ ਥਾਪੜੀ ਹੈ ਅਤੇ ਹੋਰਨਾਂ ਨੂੰ ਇਸ ਰਾਹ ਤੇ ਤੁਰਨ ਲਈ ਕਿਹਾ ਹੈ। ਜਿਲਾ ਸਿੱਖਿਆ ਅਫਸਰ ਦਾ ਕਹਿਣਾ ਹੈ ਕਿ ਆਨਲਾਈਨ ਪੜ੍ਹਾਈ ਦੇ ਨਾਲ ਨਾਲ ਅਧਿਆਪਕ ਵਿਦਿਆਰਥੀਆਂ ਅਤੇ ਉਨਾਂ ਦੇ ਮਾਪਿਆਂ ਨੂੰ ਜਾਗਰੂਕ ਵੀ ਕਰ ਰਹੇ ਹਨ। ਉਨਾਂ ਦੱਸਿਆ ਕਿ ਇਸ ਕੰਮ ਲਈ ਜਿੱਥੇ ਮੋਬਾਇਲ ਜੂਮ ਐਪ, ਵਟਸ ਐਪ ਬੱਚਿਆਂ ਨੂੰ ਪੀ.ਡੀ.ਐਫ. ਫਾਇਲਾਂ ਭੇਜਣ ’ਚ ਸਹਾਈ ਹੋ ਰਹੀ ਹੈ ਉੱਥੇ ਹੀ ਵੀਡੀਓ ਮੀਟਿੰਗਾਂ ਰਾਹੀਂ ਬੱਚਿਆਂ ਦੇ ਰੂ-ਬ-ਰੂ ਹੋਣਾ ਵੀ ਸੰਭਵ ਹੋਇਆ ਹੈ। ਉਨਾਂ ਦੱਸਆ ਕਿ ਯੂ-ਟਿਊਬ ਪਲੇਟਫਾਰਮ ਰਾਹੀਂ ਵੀ ਸਿੱਖਿਆ ਦੇ ਖੇਤਰ ਵਿੱਚ ਸਰਗਰਮੀਆਂ ਜਾਰੀ ਹਨ।
ਜਾਣਕਾਰੀ ਦਿੰਦਿਆਂ ਸਿੱਖਿਆ ਵਿਭਾਗ ਦੇ ਜ਼ਿਲਾ ਮੀਡੀਆ ਕੋਆਰਡੀਨੇਟਰ ਸੁਖਪਾਲ ਸਿੰਘ ਸਿੱਧੂ ਅਤੇ ਡੀਐਸਐਮ ਮਹਿੰਦਰਪਾਲ ਸਿੰਘ ਨੇ ਕਿਹਾ ਕਿ ਕਰੋਨਾ ਮਹਾਮਾਰੀ ਕਾਰਨ ਸਿੱਖਿਆ ਵਿਭਾਗ ਪੰਜਾਬ ਵੱਲੋਂ ਵਿਦਿਆਰਥੀਆਂ ਲਈ ਆਨਲਾਈਨ ਪੁਸਤਕਾਂ ਮੁਹੱਈਆਂ ਕਰਵਾਈਆਂ ਗਈਆਂ ਹਨ ਤਾਂ ਜੋ ਬੱਚੇ ਪੜਾਈ ਨਾਲ ਜੁੜੇ ਰਹਿਣ। ਉਨਾਂ ਦੱਸਿਆ ਕਿ ਸਰਕਾਰੀ ਹਾਈ ਸਕੂਲ ਬੁਰਜ ਲੱਧਾ ਸਿੰਘ ਵਾਲਾ ਦੀ ਮੁੱਖ ਅਧਿਆਪਕਾ ਗੁਰਪ੍ਰੀਤ ਕੌਰ ਸਿੱਧੂ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇਸ਼ਰਾਜ ਦੀ ਸਾਇੰਸ ਅਧਿਆਪਕਾ ਰੀਤੂ, ਸਰਕਾਰੀ ਹਾਈ ਸਕੂਲ ਨਹੀਆਂ ਵਾਲਾ ਦੀ ਸਾਇੰਸ ਅਧਿਆਪਕਾ ਅਮਰਜੀਤ ਕੌਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜੱਸੀ ਪੌ ਵਾਲੀ ਦੀ ਅਮਨਪ੍ਰੀਤ ਕੌਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗਹਿਰੀ ਦੇਵੀ ਨਗਰ ਦੀ ਅੰਗਰੇਜ਼ੀ ਅਧਿਆਪਕਾ ਗੁਰਸ਼ਰਨ ਕੌਰ, ਗਣਿਤ ਅਧਿਆਪਕਾ ਅਮਨਦੀਪ ਕੌਰ ਅਤੇ ਸਾਇੰਸ ਅਧਿਆਪਕਾ ਮਿਜ਼ੀ ਰਾਣੀ, ਸਰਕਾਰੀ ਹਾਈ ਸਕੂਲ ਪੂਹਲੀ ਦੀ ਹਿੰਦੀ ਅਧਿਆਪਕਾ ਰਜਨੀ, ਸਰਕਾਰੀ ਹਾਈ ਸਕੂਲ ਨਹੀਆਂ ਵਾਲਾ ਦੀ ਪੰਜਾਬੀ ਅਧਿਆਪਕਾ ਬਲਵਿੰਦਰ ਕੌਰ ਅਤੇ ਐਸ ਐਸ ਅਧਿਆਪਕਾ ਗੁਰਵਿੰਦਰ ਕੌਰ ਵੱਲੋਂ ਲਗਾਤਾਰ ਬੱਚਿਆ ਨੂੰ ਕੰਮ ਦਿੱਤਾ ਜਾ ਰਿਹਾ ਹੈ ਤੇ ਬੱਚੇ ਵੀ ਕੰਮ ਕਰਕੇ ਆਪਣੇ ਅਧਿਆਪਕਾ ਨੂੰ ਭੇਜ ਰਹੇ ਹਨ।
ਉੱਪ ਜ਼ਿਲ੍ਹਾ ਸਿੱਖਿਆ ਅਫਸਰ ਸ੍ਰੀਮਤੀ ਭੁਪਿੰਦਰ ਕੌਰ ਅਤੇ ਇਕਬਾਲ ਸਿੰਘ ਬੁੱਟਰ ਨੇ ਕਿਹਾ ਕਿ ਅਧਿਆਪਕਾਂ ਵੱਲੋਂ ਕੀਤੀ ਸ਼ੁਰੂਆਤ ਵਿਦਿਆਰਥੀਆਂ ਲਈ ਲਾਹੇਵੰਦ ਸਾਬਤ ਹੋਵੇਗੀ ,ਇਸ ਗੱਲ ਤੋਂ ਉਹ ਪੂਰਨ ਆਸਵੰੰਦ ਹਨ। ਉਨਾਂ ਕਿਹਾ ਕਿ ਬੇਸ਼ੱਕ ਸਾਰੇ ਬੱਚਿਆਂ ਕੋਲ ਸਮਾਰਟ ਫੋਨ ਦੀ ਸਮੱਸਿਆ ਹੋ ਸਕਦੀ ਹੈ ਪਰ ਸਿੱਖਿਆ ਵਿਭਾਗ ਦੇ ਕਿਸੇ ਅਧਿਕਾਰੀ ਜਾਂ ਅਧਿਆਪਕ ਵੱਲੋਂ ਜਬਰੀ ਆਨਲਾਈਨ ਸਿੱਖਿਆ ਲਈ ਮਜਬੂਰ ਨਹੀਂ ਕੀਤਾ ਜਾ ਰਿਹਾਹੈ। ਉਨਾਂ ਦੱਸਿਆ ਕਿ ਸਮੁੱਚੇ ਤੌਰ ਤੇ ਇਹ ਮਹਿਸੂਸ ਕੀਤਾ ਗਿਆ ਹੈ ਕਿ ਸਗੋਂ ਅਧਿਆਪਕਾਂ ਕੋਲ ਜਿੰਨੇ ਕੁ ਸਾਧਨ ਹਨ, ਉਨਾਂ ਦੀ ਵਰਤੋਂ ਨਾਲ ਵਧੀਆ ਤੋਂ ਵਧੀਆ ਸਿੱਖਿਆ ਮੁਹੱਈਆ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।