ਅਸ਼ੋਕ ਵਰਮਾ
ਬਠਿੰਡਾ, 2 ਮਈ 2020 - ਕੋਰੋਨਾ ਵਾਇਰਸ ਮਹਾਂਮਾਰੀ ਨਾਲ ਪੂਰੀ ਦੁਨੀਆ ਲੜਾਈ ਲੜ ਰਹੀ ਹੈ, ਇਸ ਕੋਰੋਨਾ ਵਾਇਰਸ ਮਹਾਂਮਾਰੀ ਤੋਂ ਬਾਅਦ ਨਵੀਆਂ ਸਥਿਤੀਆਂ ਦਾ ਮੁਕਾਬਲਾ ਕਰਨ ਲਈ ਗੱਲਬਾਤ ਕੀਤੀ ਗਈ । ਹਾਲਾਂਕਿ ਕੋਵਿਡ-19 ਸਦਕਾ ਹੋਏ ਲਾਕਡਾਊਨ ਤੋਂ ਬਾਅਦ ਇਹ ਸੁਭਾਵਿਕ ਹੈ ਕਿ ਵਪਾਰ ਵਿੱਚ ਭਵਿੱਖ ਬਹੁਤ ਸਖ਼ਤ ਹੈ ਪਰ ਇਸ ਮੁਸ਼ਕਲ ਸਥਿਤੀ ਵਿੱਚੋਂ ਬਾਹਰ ਨਿਕਲਣਾ ਕੋਈ ਔਖਾ ਨਹੀਂ ਹੈ।
ਇਸ ਲਈ ਉੱਭਰ ਰਹੇ ਉੱਦਮੀਆਂ ਨੂੰ ਸਮਝਾਉਣ ਲਈ ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ (ਬੀ.ਐਫ.ਜੀ.ਆਈ.) ਦੇ ਸਕੂਲ ਆਫ਼ ਇੰਟਰਪ੍ਰੀਨਿਓਰਸ਼ਿਪ ਵੱਲੋਂ ‘‘ਕੋਵਿਡ-19 ਤੋਂ ਬਾਅਦ ਉੱਦਮੀਆਂ ਲਈ ਚੁਣੌਤੀਆਂ ਅਤੇ ਮੌਕੇ ’’ ਵਿਸ਼ੇ ਬਾਰੇ ਮਾਈਕਰੋਸ਼ਾਫਟ ਟੀਮਜ਼ ਦੁਆਰਾ ਵੈਬੀਨਾਰ ਕਰਵਾਇਆ ਗਿਆ। ਇਸ ਵੈਬੀਨਾਰ ਵਿੱਚ ਪੋ੍ਰ (ਡਾ.) ਮਨੀਸ਼ ਬਾਂਸਲ, ਡੀਨ (ਉੱਦਮਿਤਾ ਵਿਕਾਸ ਅਤੇ ਅਲੂਮਨੀ ਮਾਮਲੇ), ਮਿਮਟ, ਮਲੋਟ (ਪੰਜਾਬ) ਮਾਹਿਰ ਵਜੋਂ ਹਾਜ਼ਰ ਹੋਏ।
ਡਾ. ਬਾਂਸਲ ਨੇ ਕਿਹਾ ਕਿ ਕੋਰੋਨਾ ਵਾਇਰਸ ਮਹਾਂਮਾਰੀ ਨੇ ਸਮਾਜਿਕ ਅਤੇ ਆਰਥਿਕ ਤੌਰ ’ਤੇ ਬਹੁਤ ਜ਼ਿਆਦਾ ਵਿਘਨ ਪਾਇਆ ਹੈ ਪਰ ਰਿਪੋਰਟਾਂ ਅਨੁਸਾਰ ਛੋਟੇ ਕਾਰੋਬਾਰ, ਨਵੇਂ ਸਟਾਰਟ ਅੱਪ, ਇੰਡਸਟਰੀ ਉੱਦਮੀ ਇੱਕ ਸਭ ਤੋਂ ਕਮਜ਼ੋਰ ਸਮੂਹ ਬਣ ਕੇ ਸਾਹਮਣੇ ਆ ਰਹੇ ਹਨ ਜੋ ਸਿੱਧੇ ਅਤੇ ਅਸਿੱਧੇ ਰੂਪ ਵਿੱਚ ਸਭ ਤੋਂ ਵੱਧ ਪ੍ਰਭਾਵਿਤ ਹੋਣਗੇ। ਰੈੱਡ ਜ਼ੋਨ ਖੇਤਰਾਂ ਵਿੱਚ ਸਟਾਰਟ ਅੱਪਾਂ ਵੱਲੋਂ ਸਪਲਾਈ ਚੇਨ ਦੀਆਂ ਮੁਸ਼ਕਲਾਂ ਨੂੰ ਖ਼ਤਮ ਕਰਨ ਲਈ ਵਿਕ੍ਰੇਤਾਵਾਂ ਨਾਲ ਗੱਲਬਾਤ ਕਰਨੀ ਇੱਕ ਵੱਡੀ ਚੁਣੌਤੀ ਹੈ। ਇਸ ਸਮੱਸਿਆ ਦਾ ਸਿਹਤ ਅਤੇ ਤਕਨਾਲੋਜੀ ਵਰਗੇ ਖੇਤਰਾਂ ਵਿੱਚ ਵੀ ਸਾਹਮਣਾ ਕਰਨਾ ਪਵੇਗਾ।
ਉਨਾਂ ਨੇ ਅੱਗੇ ਦੱਸਿਆ ਕਿ ਅਨਿਸ਼ਚਿਤਤਾ ਨਾਲ ਨਜਿੱਠਣ ਦੀ ਯੋਗਤਾ ਵੀ ਇੱਕ ਸਫਲ ਉੱਦਮੀ ਬਣਾਉਂਦੀ ਹੈ। ਇਸ ਲਈ ਉਨਾਂ ਕਿਹਾ ਕਿ ਉਮੀਦ ਨਾ ਛੱਡੀ ਜਾਵੇ ਸਗੋਂ ਕੋਵਿਡ-19 ਤੋਂ ਬਾਅਦ ਦੀਆਂ ਸਥਿਤੀਆਂ ਲਈ ਯੋਜਨਾ ਬਣਾਓ ਅਤੇ ਅੱਗੇ ਦਾ ਰਾਹ ਦੇਖੋ। ਉਨਾਂ ਨੇ ਦੱਸਿਆ ਕਿ ਲਾਕਡਾਊਨ ਦੇ ਸਮੇਂ ਦੌਰਾਨ ਚੁਣੌਤੀਪੂਰਨ ਸਥਿਤੀ ਵਿੱਚ ਹਾਲੇ ਵੀ ਕੁੱਝ ਸਟਾਰਟ ਅੱਪ ਫ਼ੰਡ ਇਕੱਠਾ ਕਰਨ ਵਿੱਚ ਕਾਮਯਾਬ ਰਹੇ ਹਨ।
ਉਨਾਂ ਨੇ ਸਾਰਿਆਂ ਨੂੰ ਕਿਹਾ ਕਿ ਉਮੀਦ ਰੱਖੋ ਕਿਉਂਕਿ ਆਉਣ ਵਾਲੇ ਦਿਨ ਹਰ ਕਿਸਮ ਦੇ ਸਟਾਰਟ ਅੱਪ ਲਈ ਲਾਭਦਾਇਕ ਰਹਿਣਗੇ। ਉਨਾਂ ਨੇ ਅੱਗੇ ਕਿਹਾ ਕਿ ਮੁਸ਼ਕਲ ਸਮੇੇਂ ਵਿੱਚ ਵੀ ਇੱਕ ਸੰਭਾਵਨਾ ਜਾਂ ਮੌਕਾ ਹੁੰਦਾ ਹੈ। ਐਜ਼ੂਟੈੱਕ, ਸਿਹਤ ਸੰਭਾਲ, ਆਰਟੀਫਿਸ਼ੀਅਲ ਇੰਟੈਲੀਜੈਂਸ ਅਤੇ ਬਿਜ਼ਨਸ ਐਪਲੀਕੇਸ਼ਨਾਂ ਨਾਲ ਸੰਬੰਧਿਤ ਸਟਾਰਟ ਅੱਪ ਵੀ ਭਵਿੱਖ ਵਿੱਚ ਭਰਪੂਰ ਪ੍ਰਫੁੱਲਿਤ ਹੋਣਗੇ। ਇਸ ਤੋਂ ਇਲਾਵਾ ਸਟਾਰਟ ਅੱਪ ਜਿਵੇਂ ਓ.ਟੀ.ਟੀ. ਸੇਵਾਵਾਂ, ਕਲਾਊਡ ਕਿਚਨ ਅਤੇ ਲਾਸਟ ਮੀਲ ਡਿਲੀਵਰੀ ਆਦਿ ਨਾਲ ਖ਼ਾਸ ਤੌਰ ’ਤੇ ਸਬੰਧਿਤ ਵਿਚਾਰ ਚੁਣੌਤੀਪੂਰਨ ਉੱਦਮੀਆਂ ਦੀ ਉਡੀਕ ਕਰ ਰਹੇ ਹਨ ।
ਇਸ ਮੌਕੇ ਉਨਾਂ ਨੇ ਆਪਣੀ ਸੋਚ ਦੇ ਦਾਇਰੇ ਨੂੰ ਵਧਾਉਣ ਦਾ ਸੁਝਾਅ ਦਿੱਤਾ ਅਤੇ ਇਸ ਮੌਜੂਦਾ ਪ੍ਰਸਥਿਤੀਆਂ ਵਿੱਚ ਵੀ ਨਵੇਂ ਮੌਕਿਆਂ ਲੱਭਣ ਲਈ ਕਿਹਾ। ਸੰਸਥਾ ਦੇ ਸਕੂਲ ਆਫ਼ ਇੰਟਪ੍ਰੀਨਿਓਰਸ਼ਿਪ ਦੇ ਡੀਨ ਅਤੇ ਮੁਖੀ ਡਾ. ਮਨੀਸ਼ ਗੁਪਤਾ ਨੇ ਮਾਹਿਰ ਲਈ ਧੰਨਵਾਦੀ ਸ਼ਬਦ ਕਹੇ। ਬੀ.ਐਫ.ਜੀ.ਆਈ. ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਵੀ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ।