ਪਰਵਿੰਦਰ ਸਿੰਘ ਕੰਧਾਰੀ
- ਸਿਹਤ ਵਿਭਾਗ ਅਤੇ ਪ੍ਰਸ਼ਾਸਨ ਦਾ ਸਹਿਯੋਗ ਦੇਣ ਦੀ ਕੀਤੀ ਅਪੀਲ
ਫਰੀਦਕੋਟ, 2 ਮਈ 2020 - ਸਿਹਤ ਵਿਭਾਗ ਵੱਲੋਂ ਕੋਵਿਡ-19 ਦੇ ਸਬੰਧ ਵਿੱਚ ਸ਼ੱਕੀ ਮਰੀਜ਼ਾਂ ਦੀ ਭਾਲ ਲਈ ਕੀਤੇ ਜਾਣ ਵਾਲੇ ਸਰਵੇ ਦੇ ਸਬੰਧ ਵਿੱਚ ਪ੍ਰਾਪਤ ਹੋਈਆਂ ਹਦਾਇਤਾਂ ਅਤੇ ਸਿਵਲ ਸਰਜਨ ਫਰੀਦਕੋਟ ਡਾ.ਰਜਿੰਦਰ ਕੁਮਾਰ ਦੀ ਯੋਗ ਅਗਵਾਈ ਹੇਠ ਬਲਾਕ ਜੰਡ ਸਾਹਿਬ ਅਧੀਨ ਪਿੰਡਾਂ ਵਿੱਚ ਸਰਵੇ ਦਾ ਕੰਮ ਚੱਲ ਰਿਹਾ ਹੈ।ਸੀਨੀਅਰ ਮੈਡੀਕਲ ਅਫਸਰ ਡਾ.ਰਜੀਵ ਭੰਡਾਰੀ ਅਤੇ ਮਾਸ ਮੀਡੀਆ ਅਫਸਰ ਡਾ.ਪ੍ਰਭਦੀਪ ਸਿੰਘ ਚਾਵਲਾ ਨੇ ਬਲਾਕ ਅਧੀਨ ਵੱਖ-ਵੱਖ ਪਿੰਡਾ ਦੀਆਂ ਸਿਹਤ ਸੰਸਥਾਵਾਂ ਦਾ ਦੋਰਾ ਕੀਤਾ ਅਤੇ ਕੋਵਿਡ-19 ਤਹਿਤ ਹੋ ਰਹੇ ਸਰਵੇ ਦੇ ਕੰਮ-ਕਾਜ ਦਾ ਜਾਇਜ਼ਾ ਲਿਆ।
ਉਨ੍ਹਾਂ ਦੱਸਿਆ ਕਿ ਇਹ ਸਰਵੇ ਪਿੰਡ ਦੀ ਆਸ਼ਾ ਵਰਕਰ ਦੁਆਰਾ ਘਰ-ਘਰ ਸਰਵੇ ਕੀਤਾ ਜਾ ਰਿਹਾ ਹੈ ਅਤੇ ਆਸ਼ਾ ਫੈਸਿਲੀਟੇਟਰ ਆਪਣੇ ਅਧੀਨ ਆਉਂਦੀਆਂ ਆਸ਼ਾ ਦਾ ਸਹਿਯੋਗ ਅਤੇ ਸਰਵੇ ਸਬੰਧੀ ਆਸ਼ਾ ਨੂੰ ਗਾਈਡ ਵੀ ਕਰ ਰਹੀਆਂ ਹਨ।ਸੀ.ਐਚ.ਓ ਅਤੇ ਏ.ਐਨ.ਐਮ ਆਸ਼ਾ ਦੁਆਰਾ ਕੀਤੇ ਜਾ ਰਹੇ ਸਰਵੇ ਦੀ ਸੁਪਰਵੀਜ਼ਨ ਕਰ ਰਹੀਆਂ ਹਨ ਤਾਂ ਜੋ ਸਰਵੇ ਵਿਚ ਕਿਸੇ ਵੀ ਤਰਾਂ ਦੀ ਕਮੀ ਨਾ ਰਹੇ।ਸਰਵੇ ਦੌਰਾਨ ਖੰਘ,ਜ਼ੁਕਾਮ,ਬੁਖਾਰ ਜਾਂ ਫਲੂ ਵਰਗੇ ਲੱਛਣ ਵਾਲੇ ਵਿਅਕਤੀ ਦੀ ਮੁਢਲੀ ਸਕਰੀਨਿੰਗ ਕਮਿਊਨਟੀ ਪਿੰੰਡ ਪੱਧਰ ਤੇ ਕੀਤੀ ਜਾ ਰਹੀ ਹੈ ਅਤੇ ਜੇ ਲਗਦਾ ਹੈ ਕਿ ਕਿਸੇ ਵਿਅਕਤੀ ਦਾ ਸੈਂਪਲ ਭੇਜਣਾ ਹੈ ਤਾਂ ਉਸਨੂੰ ਤੁਰੰਤ ਹੀ ਨੇੜੇ ਦੇ ਫਲੂ ਕਾਰਨਰ ਵਿਖੇ ਭੇਜਿਆ ਜਾ ਰਿਹਾ ਹੈ।ਉਨ੍ਹਾਂ ਸਮੂਹ ਬਲਾਕ ਦੇ ਫੀਲਡ ਸਟਾਫ ਨੂੰ ਪੰਚਾਇਤਾਂ ਅਤੇ ਜੀ.ਓ.ਜੀ ਨਾਲ ਤਾਲਮੇਲ ਕਰ ਹਾਲ ਹੀ ਵਿੱਚ ਬਾਹਰਲੇ ਸੂਬਿਆਂ ਤੋਂ ਆਏ ਵਿਅਕਤੀਆਂ ਨੂੰ ਇਕਾਂਤਵਾਸ ਸੈਂਟਰਾਂ ਵਿੱਚ ਪਹੁੰਚਾਉਣ ਲਈ ਪ੍ਰੇਰਿਤ ਕੀਤਾ।
ਉਨ੍ਹਾਂ ਅਪੀਲ ਕੀਤੀ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਕੁਮਾਰ ਸੌਰਭ ਰਾਜ ਆਈ.ਏ.ਐਸ ਦੀ ਯੋਗ ਅਗਵਾਈ ਹੇਠ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਕੋਵਿਡ-19 ਦੀ ਸੈਂਪਲਿੰਗ ਕੀਤੀ ਜਾ ਰਹੀ ਹੈ ਅਤੇ ਇਕਾਂਤਵਾਸ ਸੈਂਟਰਾਂ ਤੇ ਵੀ ਵਿਅਕਤੀਆਂ ਦੇ ਰਹਿਣ-ਸਹਿਣ,ਖਾਣ-ਪੀਣ ਵਰਗੀਆਂ ਸਾਰੀਆਂ ਸਹੁਲਤਾਂ ਦਾ ਯੋਗ ਪ੍ਰਬੰਧ ਕੀਤਾ ਗਿਆ ਹੈ।ਉਨ੍ਹਾਂ ਐਂਮਰਜੈਂਸੀ ਲਈ ਸਾਦਿਕ ਸੀ.ਐਚ.ਸੀ ਵਿਖੇ ਦੌਰਾ ਕਰ ਤਿਆਰ ਕੀਤੇ ਜਾ ਰਹੇ ਆਈਸੋਲੇਸ਼ਨ ਵਾਰਡ ਦੇ ਪ੍ਰਬੰਧਾਂ ਅਤੇ 108 ਐਂਬੂਲੈਂਸ ਸਬੰਧੀ ਮੈਡੀਕਲ ਅਫਸਰ ਡਾ.ਅਮਨਪ੍ਰੀਤ ਕੌਰ ਅਤੇ ਡਾ.ਸ਼ਮਿੰਦਰ ਕੌਰ ਨਾਲ ਵਿਚਾਰ ਵਟਾਂਦਰਾ ਕੀਤਾ।