ਅਸ਼ੋਕ ਵਰਮਾ
ਮਾਨਸਾ, 2 ਮਈ 2020 - ਮਾਨਸਾ ਪੁਲਿਸ ਵੱਲੋਂ ਪੁਲਿਸ ਵੀ.ਪੀ.ਓਜ਼ ਅਤੇ ਬੈਂਕਾਂ ਰਾਹੀਂ ਬਜ਼ੁਰਗਾਂ, ਵਿਧਵਾਵਾਂ ਅਤੇ ਅੰਗਹੀਣ ਪੈਨਸ਼ਨ ਲਾਭਪਾਤਰੀਆਂ ਨੂੰ ਉਨ੍ਹਾਂ ਦੇ ਘਰਾਂ ਤੱਕ ਪੈਨਸ਼ਨ ਪਹੁੰਚਾਉਣ ਦੀ ਖਾਸ ਮੁਹਿੰਮ ਤਹਿਤ ਹੁਣ ਤੱਕ ਮਾਰਚ, 2020 ਦੀ ਪੈਨਸ਼ਨ ਤਕਸੀਮ ਕੀਤੀ ਜਾ ਚੁੱਕੀ ਹੈ।
ਡਾ. ਨਰਿੰਦਰ ਭਾਰਗਵ ਸੀਨੀਅਰ ਕਪਤਾਨ ਪੁਲਿਸ ਮਾਨਸਾ ਨੇ ਦੱਸਿਆ ਕਿ 20 ਅਪ੍ਰੈਲ ਨੂੰ ਕਰੀਬ 35 ਫੀਸਦੀ ਦੇ ਕਰੀਬ (30,000 ਤੋਂ ਵੱਧ) ਪੈਨਸ਼ਨ ਧਾਰਕਾਂ ਦੀ ਪੈਨਸ਼ਨ ਤਕਸੀਮ ਹੋਣ ਤੋਂ ਬਾਕੀ ਰਹਿੰਦੀ ਸੀ। ਇਨ੍ਹਾਂ ਪੈਨਸ਼ਨ ਧਾਰਕਾਂ ਵੱਲੋਂ ਬੈਂਕਾਂ ਵਿੱਚ ਪੁੱਜਕੇ ਜਿੱਥੇ ਤਪਦੀ ਗਰਮੀ ਵਿੱਚ ਆਪਣੇ ਆਪ ਵੀ ਤਕਲੀਫ ਸਹੀ, ਉੱਥੇ ਬੈਂਕਾਂ ਦੇ ਅੱਗੇ ਵੱਡੀ ਭੀੜ ਦੇ ਰੂਪ ਵਿੱਚ ਫਿਜ਼ੀਕਲ-ਸੋਸ਼ਲ ਫਾਸਲੇ ਅਤੇ ਮੂੰਹਾਂ ’ਤੇ ਮਾਸਕ ਨਾ ਪਹਿਨਣ ਕਰਕੇ ਕਰਫਿਊ ਦੇ ਨਿਯਮਾਂ ਨਾਲ ਵੀ ਸਮਝੌਤਾ ਕਰਨਾ ਪਿਆ। ਇਨ੍ਹਾਂ ਲੋਕਾਂ ਨੂੰ ਵੈਸੇ ਵੀ ਬੈਂਕਾਂ ਵਿੱਚ ਪੁੱਜਣ ਲਈ ਮੁਸ਼ਕਿਲ ਦਰਪੇਸ਼ ਆਉਂਦੀ ਸੀ ਕਿਉਂਕਿ ਕਰਫਿਊ ਕਾਰਣ ਆਵਾਜਾਈ ਦੇ ਸਾਧਨ ਬੰਦ ਹਨ। ਮੈਡੀਕਲ ਐਡਵਾਈਜ਼ਰੀ ਦੇ ਮੱਦੇ-ਨਜ਼ਰ ਇਸ ਵਰਗ ਨੂੰ ਮੌਜੂਦਾ ਕੋਵਿਡ-19 ਦੀ ਮਹਾਂਮਾਰੀ ਤੋਂ ਗ੍ਰਸਤ ਹੋਣ ਦੀ ਸੰਭਾਵਨਾ ਵੀ ਜ਼ਿਆਦਾ ਹੁੰਦੀ ਹੈ।
ਇਨ੍ਹਾਂ ਸਾਰੀਆਂ ਸਮੱਸਿਆਵਾਂ ਨੂੰ ਵਿਚਾਰਦੇ ਹੋਏ ਜਿਲਾ ਪੁਲਿਸ ਵੱਲੋਂ ਪੁਲਿਸ ਵੀ.ਪੀ.ਓਜ਼ ਅਤੇ ਬੈਂਕਾਂ ਦੇ ਬੀ.ਸੀਜ਼ ਰਾਹੀਂ ਪੈਨਸ਼ਨ ਧਾਰਕਾਂ ਦੇ ਘਰੋ ਘਰ ਪੈਨਸ਼ਨਾਂ ਤਕਸੀਮ ਕਰਨ ਲਈ ਵਿਸੇਸ਼ ਮੁਹਿੰਮ ਚਲਾਉਣ ਦਾ ਫੈਸਲਾ ਕੀਤਾ ਗਿਆ ਜਿਸਨੂੰ ਅਮਲੀ ਰੂਪ ਦਿੰਦੇ ਹੋਏ 326 ਵੀਪੀਓਜ਼ ਵੱਲੋਂ ਪਹਿਲਾਂ ਗਰਾਂਊਂਡ ਲੈਵਲ ’ਤੇ ਕੰਮ ਕਰਦੇ ਹੋਏ ਸਮੂਹ ਪੈਨਸ਼ਨ ਧਾਰਕਾਂ ਦੀਆਂ ਅਜਿਹੇ ਪੈਨਸ਼ਨਰਜ਼ ਦੀਆਂ ਲਿਸਟਾਂ ਤਿਆਰ ਕੀਤੀਆਂ ਗਈਆਂ ਜਿਹੜੇ ਵੱਖ ਵੱਖ ਕਾਰਣਾਂ ਕਰਕੇ ਆਪਣੀਆਂ ਪੈਨਸ਼ਨਾਂ ਹਾਸਲ ਕਰਨ ਤੋਂ ਵਾਂਝੇ ਰਹਿ ਗਏ ਸਨ। ਇਹ ਡਾਟਾ ਤਿਆਰ ਕਰਨ ਉਪਰੰਤ ਪੁਲਿਸ ਵੀ.ਪੀ.ਓਜ਼ ਅਤੇ ਬੈਂਕਾਂ ਦੇ ਬੀ.ਸੀਜ਼ ਵੱਲੋਂ 20 ਅਪ੍ਰੈਲ ਤੋਂ ਪੈਨਸ਼ਨਾਂ ਪੈਨਸ਼ਨਧਾਰਕਾਂ ਦੇ ਘਰੋ ਘਰ ਤਕਸੀਮ ਕਰਨ ਦਾ ਕੰਮ ਪਹਿਲ ਦੇ ਆਧਾਰ ’ਤੇ ਆਰੰਭ ਕੀਤਾ ਗਿਆ ਜਿਸਦੇ ਨਤੀਜੇ ਵਜੋਂ ਹੁਣ ਤੱਕ ਸਾਰੇ 5 ਬਲਾਕਾਂ ਮਾਨਸਾ, ਭੀਖੀ, ਬੁਢਲਾਡਾ, ਸਰਦੂਲਗੜ ਅਤੇ ਝੁਨੀਰ ਵਿਖੇ ਮਾਰਚ ਮਹੀਨੇ ਦੀਆਂ ਪੈਨਸ਼ਨਾਂ ਦੀ ਤਕਸੀਮ ਦਾ ਕੰਮ ਤਕਰੀਬਨ ਮੁਕੰਮਲ ਕੀਤਾ ਜਾ ਚੁੱਕਾ ਹੈ।
ਉਨ੍ਹਾਂ ਦੱਸਿਆ ਕਿ ਇਸ ਦੌਰਾਨ ਕੁੱਝ ਪੈਨਸ਼ਨ ਧਾਰਕਾਂ ਨੂੰ ਉਨਾਂ ਦੇ ਅੰਗੂਠਿਆਂ ਦੇ ਨਿਸ਼ਾਨ ਮੈਚ ਨਾ ਕਰਨ ਜਾਂ ਨਿਸ਼ਾਨ ਲਏ ਨਾ ਸਕਣ ਕਰਕੇ ਪੈਨਸ਼ਨ ਤਕਸੀਮ ਵਿੱਚ ਮੁਸ਼ਕਿਲਾਂ ਵੀ ਪੇਸ਼ ਆਈਆਂ ਹਨ ਜਿਸ ਨੂੰ ਦਰੁਸਤ ਕਰਨ ਲਈ ਜਿਲਾ ਮਾਨਸਾ ਦੇ ਲੀਡ ਬੈਂਕ ਮੈਨੇਜਰ ਦੇ ਸਹਿਯੋਗ ਨਾਲ ਕਾਰਵਾਈ ਕੀਤੀ ਗਈ ਹੈ। ਐਸਐਸਪੀ ਮਾਨਸਾ ਡਾ. ਭਾਰਗਵ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀਆਂ ਸਪਸ਼ਟ ਹਦਾਇਤਾਂ ਹਨ ਕਿ ਇਸ ਕਮਜ਼ੋਰ ਵਰਗ ਦੀ ਸਹਾਇਤਾ ਪਹਿਲ ਦੇ ਆਧਾਰ ’ਤੇੇ ਮੁਹੱਈਆ ਕਰਵਾਈ ਜਾਵੇ। ਉਨਾਂ ਸਮੂਹ ਪੈਨਸ਼ਨਰਜ਼ ਨੂੰ ਇਹ ਵਿਸ਼ਵਾਸ ਦਿਵਾਇਆ ਕਿ ਅਗਰ ਕੁਝ ਸਮਾਂ ਕਰਫਿਊ ਹੋਰ ਚਲਦਾ ਰਹਿੰਦਾ ਹੈ ਤਾਂ ਤਪਦੀ ਗਰਮੀ, ਆਵਾਜਾਈ ਦੇ ਸਾਧਨਾਂ ਦੀ ਅਣਹੋਂਦ ਅਤੇ ਇਸ ਵਰਗ ਦੀਆਂ ਮੁਸ਼ਕਲਾਤ ਨੂੰ ਵੇਖਦੇ ਹੋਏ ਇਨਾਂ ਪੈਨਸ਼ਨਰਜ਼ ਨੂੰ ਪੁਲਿਸ ਵੀਪੀਓਜ਼ ਅਤੇ ਬੈਂਕਾਂ ਦੇ ਬੀ.ਸੀਜ਼ ਰਾਹੀਂ ਘਰੋ ਘਰ ਪੈਨਸ਼ਨ ਤਕਸੀਮ ਕੀਤੀ ਜਾਵੇਗੀ।
ਇਸ ਮੌਕੇ ਉਨਾਂ ਪੈਨਸ਼ਨਰਜ਼ ਦੇ ਨਾਲ ਨਾਲ ਸਮੂਹ ਜਨਤਾ ਨੂੰ ਇਹ ਵੀ ਅਪੀਲ ਕੀਤੀ ਕਿ ਕਰਫਿਊ ਦੌਰਾਨ , ਵਿਸ਼ੇਸ਼ ਢਿੱਲ ਦੌਰਾਨ ਲੋੜੀਂਦੀਆਂ ਸਾਵਧਾਨੀਆਂ ਜਿਵੇਂ ਕਿ ਫਿਜ਼ੀਕਲ/ਸੋਸ਼ਲ ਫਾਸਲਾ ਰੱਖਣ, ਮਾਸਕ ਅਤੇ ਹੱਥਾਂ ’ਤੇ ਸੈਨੀਟਾਈਜ਼ਰ ਦੀ ਵਰਤੋਂ ਕਰਨ ਵੱਲ ਉਚੇਚਾ ਧਿਆਨ ਦਿੱਤਾ ਜਾਵੇ ਤਾਂ ਕਿ ਕੋਵਿਡ-19 ਮਹਾਂਮਾਰੀ ਨੂੰ ਫੈਲਣ ਤੋਂ ਰੋਕਿਆ ਜਾ ਸਕੇ।