ਚੋਵੇਸ਼ ਲਟਾਵਾ
- ਸਰਕਾਰ ਕਰਫਿਊ ਦੌਰਾਨ ਟੈਕਸ ਅਤੇ ਪੈਨਲਟੀ ਮਾਫ ਕਰੇ-ਚੱਢਾ
- ਕਰਫਿਊ ਦੌਰਾਨ ਟੈਕਸੀ ਚਾਲਕਾਂ ਦਾ ਟੈਕਸ ਮਾਫ਼ ਕੀਤਾ ਜਾਵੇ
ਅਨੰਦਪੁਰ ਸਾਹਿਬ, 2 ਮਈ 2020 - ਕਰਫ਼ਿਊ ਦੌਰਾਨ ਘਰੇ ਖੜੀਆਂ ਟੈਕਸੀ ਪਰਮਿਟ ਗੱਡੀਆਂ ਦੇ ਮਾਲਕਾਂ ਨੇ ਟੈਕਸ, ਪਰਮਿਟ ਫੀਸ,ਬੈਂਕ ਵਿਆਜ ਅਤੇ ਬੀਮੇ ਆਦਿ ਦੇ ਖਰਚਿਆਂ ਨੂੰ ਮਾਫ ਕਰਨ ਦੀ ਮੰਗ ਨੂੰ ਲੈਕੇ ਸੰਘਰਸ਼ ਦਾ ਵਿਗੁਲ ਵਜਾ ਦਿੱਤਾ ਹੈ। ਆਸ ਪਾਸ ਦੇ ਪਿੰਡਾਂ ਦੇ ਟੈਕਸੀ ਮਾਲਕਾਂ ਨੇ ਅੱਜ ਪਿੰਡ ਸ਼ੇਖ ਪੁਰ ਵਿਖੇ ਮੀਟਿੰਗ ਕਰਕੇ ਪੰਜਾਬ ਸਰਕਾਰ ਨੂੰ ਗੁਹਾਰ ਲਗਾਈ ਕਿ ਉਹ ਘਰ ਖੜੀਆਂ ਆਪਣੀਆਂ ਗੱਡੀਆਂ ਦੇ ਟੈਕਸ,ਪਰਮਿਟ ਫੀਸਾਂ,ਬੈਂਕ ਦੀਆਂ ਕਿਸ਼ਤਾਂ,ਵਿਆਜ ਅਤੇ ਬੀਮੇ ਆਦਿ ਦੇ ਖਰਚੇ ਨਹੀਂ ਦੇ ਸਕਦੇ। ਕਿਉਂਕਿ ਉਨ੍ਹਾਂ ਲਈ ਤਾਂ ਬਿਨ੍ਹਾਂ ਕੰਮ ਤੋਂ ਆਪਣੇ ਘਰ ਦੇ ਖਰਚੇ ਚਲਾਉਣੇ ਔਖੇ ਨੇ,ਫਿਰ ਇਹ ਟੈਕਸ ਆਦਿ ਕਿਥੋਂ ਦੇਣ।
ਉਨ੍ਹਾਂ ਦੱਸਿਆ ਕਿ ਭਾਵੇਂ ਬੈਂਕ ਨੇ ਕਿਸ਼ਤਾਂ ਬਾਅਦ ਚ ਦੇਣ ਦਾ ਐਲਾਨ ਕੀਤਾ ਹੈ ਪਰ ਬੈਂਕ ਦੀ ਸ਼ਰਤ ਅਨੁਸਾਰ ਜੇਕਰ ਕਿਸ਼ਤਾਂ ਬਾਅਦ ਚ ਦੇਣੀਆਂ ਹਨ ਤਾਂ ਭਾਰੀ ਵਿਆਜ ਅਤੇ ਪੈਨਲਟੀ ਪਏਗੀ।ਇਸ ਲਈ ਉਨ੍ਹਾਂ ਦੀ ਸਰਕਾਰ ਤੋਂ ਮੰਗ ਹੈ ਕਿ ਇਹ ਵਿਆਜ, ਪੈਨਲਟੀ, ਟੈਕਸ,ਪਰਮਿਟ ਫੀਸ,ਬੀਮਾ ਰਕਮ ਆਦਿ ਕਰਫ਼ਿਊ ਦੌਰਾਨ ਮਾਫ ਕੀਤਾ ਜਾਵੇ ਅਤੇ ਜੇਕਰ ਸਰਕਾਰ ਨੇ ਜਬਰਨ ਇਹ ਉਗਰਾਹੀ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੂੰ ਮਜਬੂਰਨ ਤਿੱਖਾ ਸੰਘਰਸ਼ ਕਰਨਾ ਪਵੇਗਾ।
ਇਸੇ ਦੌਰਾਨ ਟੈਕਸੀ ਮਾਲਕਾਂ ਦੀ ਮੰਗ 'ਤੇ ਮੌਕੇ 'ਤੇ ਪਹੁੰਚੇ ਆਮ ਆਦਮੀ ਪਾਰਟੀ ਦੇ ਜਨਰਲ ਸਕੱਤਰ ਵਕੀਲ ਦਿਨੇਸ਼ ਚੱਢਾ ਨੇ ਟੈਕਸੀ ਮਾਲਕਾਂ ਦੀ ਸੰਪੂਰਣ ਸਪੋਰਟ ਦਾ ਐਲਾਨ ਕਰਦਿਆਂ ਮੰਗ ਕੀਤੀ ਕਿ ਦਿੱਲੀ ਸਰਕਾਰ ਵਾਂਗ ਪੰਜਾਬ 'ਚ ਵੀ ਕਰਫਿਊ ਦੌਰਾਨ ਸਰਕਾਰ ਟੈਕਸੀ ਵਾਲਿਆਂ ਨੂੰ 5-5 ਹਜ਼ਾਰ ਰੁ ਪ੍ਰਤੀ ਮਹੀਨਾ ਦੇਵੇ। ਉਨ੍ਹਾਂ ਕਿਹਾ ਕਿ ਸਿਰਫ ਕਰਫ਼ਿਊ ਦੇ ਐਲਾਨ ਨਾਲ ਹੀ ਕਰਫ਼ਿਊ ਕਾਮਯਾਬ ਨਹੀਂ ਹੁੰਦੇ ਸਗੋਂ ਕਰਫ਼ਿਊ ਦੌਰਾਨ ਸਰਕਾਰ ਵੱਲੋਂ ਲੋਕਾਂ ਨੂੰ ਬਣਦੀਆਂ ਸਹੂਲਤਾਂ ਵੀ ਦੇਣੀਆਂ ਪੇਂਦੀਆਂ ਨੇ। ਇਸ ਮੌਕੇ ਵਕੀਲ ਦਿਨੇਸ਼ ਚੱਢਾ ਤੋਂ ਇਲਾਵਾ ਪਰਦੀਪ ਸਿੰਘ ਸ਼ੇਖਪੁਰਾ ਆਦਿ ਮੌਜੂਦ ਸਨ।