ਰਜਨੀਸ਼ ਸਰੀਨ
- ਤਿੰਨ ਟਾਈਮ ਚਾਹ ਤੇ ਖਾਣਾ ਕਰਵਾਇਆ ਜਾ ਰਿਹਾ ਹੈ ਮੁੱਹਈਆ
- ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਰੋਜ਼ਾਨਾ ਭੇਜੇ ਜਾਂਦੇ ਹਨ ਫ਼ਲ
- ਰੋਜ਼ਾਨਾ ਤਿੰਨ ਵਾਰ ਕੀਤਾ ਜਾਂਦਾ ਹੈ ਕਮਰਿਆ ਨੂੰ ਸੈਨੇਟਾਈਜ਼
- ਟੂਥ ਬਰੱਸ਼, ਪੇਸਟ, ਸਾਬਣ, ਮੱਗ-ਬਾਲਟੀਆਂ ਆਦਿ ਲੋੜੀਂਦਾ ਸਮਾਨ ਵੀ ਉਪਲੱਬਧ
ਨਵਾਂਸ਼ਹਿਰ, 2 ਮਈ 2020 - ਹਜ਼ੂਰ ਸਾਹਿਬ ਤੋਂ 29 ਤੇ 30 ਅਪਰੈਲ ਨੂੰ ਪਰਤੀਆਂ ਸੰਗਤਾਂ ਅਤੇ ਬੱਸਾਂ ਦਾ ਸਟਾਫ਼ ਜ਼ਿਲ੍ਹਾ ਪ੍ਰਸ਼ਾਸਨ ਸ਼ਹੀਦ ਭਗਤ ਸਿੰਘ ਨਗਰ ਦੇ ਸੇਵਾ ਭਾਵ ਤੋਂ ਪੂਰਾ ਖੁਸ਼ ਹੈ। ਇਨ੍ਹਾਂ ’ਚੋਂ ਜ਼ਿਆਦਾਤਰ ਸੰਗਤ ਨੂੰ ਰਿਆਤ ਕੈਂਪਸ ਰੈਲ ਮਾਜਰਾ ਦੇ ਹੋਸਟਲ ’ਚ ਠਹਿਰਾਇਆ ਗਿਆ ਹੈ, ਜਿੱਥੇ ਉਨ੍ਹਾਂ ਨੂੰ ਸਭ ਤੋਂ ਪਹਿਲਾਂ ਜ਼ਰੂਰੀ ਲੋੜ ਦੀਆਂ ਵਸਤਾਂ ਟੂਥ ਬਰੱਸ਼, ਪੇਸਟ, ਸਾਬਣ ਅਤੇ ਮੱਗ ਬਾਲਟੀਆਂ ਕਮਰੇ ਅਲਾਟ ਕਰਨ ਦੇ ਨਾਲ ਹੀ ਮੁਹੱਈਆ ਕਰਵਾਏ ਗਏ।
ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਅਨੁਸਾਰ ਉਨ੍ਹਾਂ ਵੱਲੋਂ ਇਨ੍ਹਾਂ ਸਾਰੀਆਂ ਸੰਗਤਾਂ ਦੀ ਕੁਆਰਨਟੀਨ ਦੌਰਾਨ ਦੇਖ ਬਾਲ ਦਾ ਜ਼ਿੰਮਾਂ ਬਲਾਚੌਰ ਦੇ ਐਸ ਡੀ ਐਮ ਜਸਬੀਰ ਸਿੰਘ ਨੂੰ ਸੌਂਪਿਆ ਗਿਆ ਹੈ ਅਤੇ ਉਨ੍ਹਾਂ ਵੱਲੋਂ ਇਨ੍ਹਾਂ ਸੰਗਤਾਂ ਦੀਆਂ ਲੋੜਾਂ ਅਨੁਸਾਰ ਹਰ ਵਸਤੂ ਮੁਹੱਈਆ ਕਰਵਾਈ ਜਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ ਰਿਆਤ ਕਾਲਜ ਵਿਖੇ ਠਹਿਰੀਆਂ 90 ਸੰਗਤਾਂ ਅਤੇ ਬਹਿਰਾਮ ਵਿਖੇ ਠਹਿਰੇ 35 ਵਿਅਕਤੀਆਂ ਨੂੰ ਸਥਾਨਕ ਪ੍ਰਸ਼ਾਸਨ ਵੱਲੋਂ ਮੁਹੱਈਆ ਕਰਵਾਏ ਜਾਂਦੇ ਖਾਣੇ ਤੋਂ ਇਲਾਵਾ ਵੱਖਰੇ ਤੌਰ ’ਤੇ ਰੋਜ਼ਾਨਾ ਫ਼ਰੂਟ ਭੇਜਣ ਦਾ ਪ੍ਰਬੰਧ ਵੀ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਵੱਲੋਂ ਇਨ੍ਹਾਂ ਵਿਅਕਤੀਆਂ ਨੂੰ ਸਿਹਤਮੰਦ ਰੱਖਣ ਲਈ ਅਤੇ ਕਿਸੇ ਵੀ ਤਰ੍ਹਾਂ ਦੀ ਤੰਗੀ ਨਾ ਆਉਣ ਦੇਣ ਲਈ ਰੋਜ਼ਾਨਾ ਫ਼ਰੂਟ ਅਤੇ ਉਨ੍ਹਾਂ ਦੀਆਂ ਹੋਰ ਲੋੜਾਂ ਦੀ ਪੂਰਤੀ ਕੀਤੀ ਜਾਂਦੀ ਹੈ।
ਰਿਆਤ ਕੈਂਪਸ ਰੈਲਮਾਜਰਾ ਵਿਖੇ 90 ਯਾਤਰੀਆਂ ਦੀ ਦੇਖ ਭਾਲ ਕਰਵਾ ਰਹੇ ਐਸ ਡੀ ਐਮ ਜਸਬੀਰ ਸਿੰਘ ਅਨੁਸਾਰ ਇਨ੍ਹਾਂ ਸੰਗਤਾਂ ’ਚ ਇਨ੍ਹਾਂ ਨੂੰ ਲੈ ਕੇ ਆਉਣ ਵਾਲੀਆਂ ਬੱਸਾਂ ਦਾ ਸਟਾਫ਼ ਵੀ ਇੱਥੇ ਹੀ ਰੱਖਿਆ ਗਿਆ ਹੈ। ੳਨ੍ਹਾਂ ਦੱਸਿਆ ਕਿ ਇੱਕ ਕਮਰੇ ’ਚ ਦੋ ਤੋਂ ਵਧੇਰੇ ਵਿਅਕਤੀ ਨਹੀਂ ਰੱਖੇ ਗਏ ਤਾਂ ਜੋ ਉਨ੍ਹਾਂ ਨੂੰ ਕੋਈ ਮੁਸ਼ਕਿਲ ਨਾ ਆਵੇ। ਹਰੇਕ ਕਮਰੇ ’ਚ ਬੈਡ, ਗੱਦੇ ਤੇ ਸਿਰਹਾਣੇ ਤੋਂ ਇਲਾਵਾ ਪੱਖੇ ਤੇ ਟਿਊਬ ਲਾਈਟ ਦਾ ਪ੍ਰਬੰਧ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸਾਰਿਆਂ ਲਈ ਡੇਰਾ ਬਿਆਸ ਸਤਿਸੰਗ ਘਰ ਬਲਾਚੌਰ ਤੋਂ ਤਿੰਨ ਟਾਈਮ ਦਾ ਲੰਗਰ ਬਣ ਕੇ ਆ ਰਿਹਾ ਹੈ, ਜੋ ਕਿ ਸਾਫ਼-ਸਫ਼ਾਈ ਅਤੇ ਪੌਸ਼ਟਿਕਤਾ ਦਾ ਧਿਆਨ ਰੱਖ ਕੇ ਤਿਆਰ ਕਰਵਾਇਆ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਸੰਗਤਾਂ ਨੂੰ ਤਿੰਨ ਟਾਈਮ ਸਵੇਰੇ 6 ਤੋਂ 7 ਵਜੇ, ਦਿਨੇ 11 ਵਜੇ ਅਤੇ ਸ਼ਾਮ 4 ਵਜੇ ਚਾਹ ਮੁਹੱਈਆ ਕਰਵਾਈ ਜਾਂਦੀ ਹੈ। ਸਵੇਰੇ 9 ਵਜੇ ਪਰੌਂਠੇ, ਇੱਕ ਵਜੇ ਦੁਪਹਿਰ ਦਾ ਖਾਣਾ ਅਤੇ ਸ਼ਾਮ 7 ਤੋਂ 8 ਵਜੇ ਦੇ ਵਿਚਕਾਰ ਰਾਤ ਦਾ ਖਾਣਾ ਦਿੱਤਾ ਜਾਂਦਾ ਹੈ। ਇਸ ਤੋਂ ਇਲਾਵਾ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਰਾਹੀਂ ਭੇਜਿਆ ਜਾਂਦਾ ਫ਼ਰੂਟ ਵੀ ਰੋਜ਼ਾਨਾ ਦਿੱਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸਿਹਤ ਮਹਿਕਮੇ ਦੀਆਂ ਹਦਾਇਤਾਂ ਅਨੁਸਾਰ ਇਹ ਸਭ ਕੁੱਝ ਇੱਕ ਨਿਸ਼ਚਿਤ ਕੀਤੇ ਬੈਰੀਅਰ ਤੱਕ ਪਹੁੰਚਾਇਆ ਜਾਂਦਾ ਹੈ, ਜਿੱਥੋਂ ਅੱਗੇ ਇਹ ਯਾਤਰੀ ਆਪਣੇ-ਆਪ ਇਸ ਸਮਾਨ ਨੂੰ ਲਿਜਾ ਕੇ ਅੱਗੇ ਬੜੇ ਸੁਚੱਜੇ ਢੰਗ ਤੇ ਸਾਵਧਾਨੀ ਪੂਰਵਕ ਬਾਕੀ ਸੰਗਤਾਂ ਨਾਲ ਸਾਂਝਾਂ ਕਰ ਲੈਂਦੇ ਹਨ।
ਐਸ ਐਮ ਓ ਬਲਾਚੌਰ ਡਾ. ਰਵਿੰਦਰ ਸਿੰਘ ਠਾਕੁਰ ਅਨੁਸਾਰ ਉਨ੍ਹਾਂ ਅਤੇ ਐਸ ਐਮ ਓ ਕਾਠਗ੍ਹੜ ਡਾ. ਗੁਰਿੰਦਰਜੀਤ ਸਿੰਘ ਦੀਆਂ ਮੈਡੀਕਲ ਟੀਮਾਂ ਇਨ੍ਹਾਂ ਦੀ ਸਿਹਤ ਜਾਂਚ ਲਈ ਤਾਇਨਾਤ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ ਅੱਜ ਖੁਦ ਇਨ੍ਹਾਂ ਯਾਤਰੀਆਂ ਦੀ ਕਾਊਂਸਲਿੰਗ ਕੀਤੀ ਗਈ ਤਾਂ ਜੋ ਉਨ੍ਹਾਂ ਦਾ ਮਨੋਬਲ ਕਾਇਮ ਰਹੇ ਅਤੇ ਉਨ੍ਹਾਂ ਨੂੰ ਾਂਸਮਝਾਇਆ ਕਿ ਆਪਣਾ ਸਮਾਂ ਅਲੱਗ-ਅਲੱਗ ਗਤੀਵਿਧੀਆਂ ਜਾਂ ਗੱਲਾਂਬਾਤਾਂ ਤੇ ਪੂਜਾ-ਪਾਠ ਰਾਹੀਂ ਬਤੀਤ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ ਬੱਸਾਂ ਦੇ ਸਟਾਫ਼ ਜੋ ਕਿ 16 ਮੈਂਬਰਾਂ ਦਾ ਹੈ, ਦਾ ਇੱਕ ਗਰੁੱਪ ਲੀਡਰ ਬਣਾ ਕੇ ਉਸ ਨੂੰ ਆਪਣਾ ਨੰਬਰ ਦਿੱਤਾ ਗਿਆ ਹੈ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਮੁਸ਼ਕਿਲ ’ਤੇ ਸੰਪਰਕ ਕੀਤਾ ਜਾ ਸਕੇ। ਇਸੇ ਤਰ੍ਹਾਂ ਰੈਲ ਮਾਜਰਾ ਦੀ ਇੱਕ ਮੈਂਬਰ ਪੰਚਾਇਤ ਜੋ ਕਿ ਇੱਥੇ ਮੌਜੂਦ 16 ਔਰਤਾਂ ’ਚ ਸ਼ਾਮਿਲ ਹੈ, ਨੂੰ ਮਹਿਲਾ ਗਰੁੱਪ ਨੂੰ ਦਰਪੇਸ਼ ਕਿਸੇ ਵੀ ਤਰ੍ਹਾਂ ਦੀ ਮੁਸ਼ਕਿਲ ਲਈ ਸਿਹਤ ਵਿਭਾਗ ਦੀ ਇੱਥੇ ਮੌਜੂਦ ਨਰਸਿੰਗ ਸਿਸਟਰ ਨਾਲ ਸੰਪਰਕ ਕਰਵਾ ਕੇ ਮਹਿਲਾਵਾਂ ਨੂੰ ਦਰਪੇਸ਼ ਕਿਸੇ ਵੀ ਤਰ੍ਹਾਂ ਦੀ ਮੁਸ਼ਕਿਲ ਬਾਬਤ ਦੱਸਣ ਲਈ ਆਖਿਆ ਹੈ। ਉਨ੍ਹਾਂ ਦੱਸਿਆ ਕਿ ਮੈਡੀਕਲ ਸਟਾਫ਼, ਸਿਵਲ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਇਨ੍ਹਾਂ ਸੰਗਤਾਂ ਦੇ ਹਰ ਤਰ੍ਹਾਂ ਦੇ ਸੁੱਖ-ਅਰਾਮ ਦਾ ਖਿਆਲ ਰੱਖਿਆ ਜਾ ਰਿਹਾ ਹੈ ਤਾਂ ਜੋ ਉਨ੍ਹਾਂ ਨੂੰ ਕੋਈ ਮੁਸ਼ਕਿਲ ਨਾ ਆਵੇ।
ਐਸ ਡੀ ਐਮ ਜਸਬੀਰ ਸਿੰਘ ਨੇ ਕਾਲਜ ਪ੍ਰਬੰਧਕਾਂ ਵੱਲੋਂ ਕੁਆਰਨਟੀਨ ਸੈਂਟਰ ਬਣਾਉਣ ਲਈ ਦਿੱਤੇ ਸਹਿਯੋਗ ਲਈ ਉਨ੍ਹਾਂ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ। ਉਨ੍ਹਾਂ ਦੱਸਿਆ ਕਿ ਇਨ੍ਹਾਂ ਕਮਰਿਆਂ ਨੂੰ ਰੋਜ਼ਾਨਾ ਤਿੰਨ ਵਾਰ ਸੈਨੇਟਾਈਜ਼ ਕਰਵਾਇਆ ਜਾਂਦਾ ਹੈ।