ਇਕ ਪਾਜੇਟਿਵ ਕੇਸ ਆਇਆ ਸਾਹਮਣੇ
ਐਸ ਏ ਐਸ ਨਗਰ, 02 ਮਈ 2020: ਜ਼ਿਲ੍ਹੇ ਵਿੱਚ ਅੱਜ ਇੱਕ ਹੋਰ ਪਾਜੇਟਿਵ ਕੇਸ ਸਾਹਮਣੇ ਆਇਆ ਹੈ। ਖਰੜ ਦੇ ਦੇਸੂਮਾਜਰਾ ਦੀ ਇਕ 25 ਸਾਲਾ ਮਹਿਲਾ ਕੋਰੋਨਾ ਵਾਇਰਸ ਲਈ ਪਾਜੇਟਿਵ ਪਾਈ ਗਈ। ਇਹ ਪ੍ਰਗਟਾਵਾ ਅੱਜ ਇਥੇ ਡਿਪਟੀ ਕਮਿਸ਼ਨਰ ਸ੍ਰੀ ਗਿਰੀਸ਼ ਦਿਆਲਨ ਨੇ ਕੀਤਾ।
ਉਹਨਾਂ ਇਹ ਵੀ ਸਪੱਸ਼ਟ ਕੀਤਾ ਕਿ ਪਹਿਲਾਂ ਜ਼ਿਲ੍ਹੇ ਵਿੱਚ ਦੋ ਪਾਜੇਟਿਵ ਕੇਸਾਂ ਬਾਰੇ ਰਿਪੋਰਟਾਂ ਆਈਆਂ ਸਨ।
ਪਰ ਮਾਮਲੇ ਦੀ ਹੋਰ ਜਾਂਚ ਕਰਨ 'ਤੇ ਪਤਾ ਲੱਗਿਆ ਕਿ 67 ਸਾਲਾ ਵਿਅਕਤੀ ਗੁਰਦਾਸਪੁਰ ਜ਼ਿਲ੍ਹੇ ਨਾਲ ਸਬੰਧਤ ਹੈ। ਉਹ 24 ਅਪ੍ਰੈਲ,2020 ਨੂੰ ਸਿੱਧੇ ਗੁਰਦਾਸਪੁਰ ਤੋਂ ਪੀਜੀਆਈ ਆਇਆ ਸੀ। ਹਾਲਾਂਕਿ, ਮੁਹਾਲੀ ਦੇ ਸਿਹਤ ਵਿਭਾਗ ਨੇ ਸੰਪਰਕ ਟਰੇਸਿੰਗ, ਸੈਂਪਲਿੰਗ ਕੀਤੀ ਹੈ ਅਤੇ ਪੁਲਿਸ ਨੇ ਇਸ ਖੇਤਰ ਵਿਚ ਨਾਕਾਬੰਦੀ ਕਰ ਲਈ ਹੈ। ਹੁਣ ਮਰੀਜ਼ ਆਈਵੀ ਹਸਪਤਾਲ, ਮੁਹਾਲੀ ਵਿੱਚ ਦਾਖਲ ਹੈ। ਮਰੀਜ਼ ਦਾ ਪੁੱਤਰ ਜੋ ਹਸਪਤਾਲ ਵਿੱਚ ਉਸਦੀ ਦੇਖਭਾਲ ਕਰ ਰਿਹਾ ਹੈ ਉਹ ਐਸਬੀਆਈ ਅਫਸਰ ਕਲੋਨੀ ਫੇਜ਼ 10 ਮੁਹਾਲੀ ਵਿੱਚ ਰਹਿ ਰਿਹਾ ਹੈ। ਸਿਵਲ ਸਰਜਨ ਗੁਰਦਾਸਪੁਰ ਨੂੰ ਇਸ ਸਬੰਧ ਵਿੱਚ ਸੂਚਿਤ ਕੀਤਾ ਗਿਆ ਹੈ।
ਡੀਸੀ ਨੇ ਇਹ ਵੀ ਦੱਸਿਆ ਕਿ ਜ਼ਿਲ੍ਹੇ ਵਿੱਚ ਅੱਜ 3 ਮਰੀਜ਼ਾਂ ਨੂੰ ਗਿਆਨ ਸਾਗਰ ਹਸਪਤਾਲ ਤੋਂ ਛੁੱਟੀ ਵੀ ਦਿੱਤੀ ਗਈ ਹੈ। ਇਹ ਸਾਰੇ ਪਿੰਡ ਜਵਾਹਰਪੁਰ ਨਾਲ ਸਬੰਧਤ ਹਨ।
ਕੁਆਰੰਟੀਨ ਲੋਕਾਂ ਦੀ ਸਥਿਤੀ ਬਾਰੇ ਉਨ੍ਹਾਂ ਕਿਹਾ ਕਿ ਇਸ ਵੇਲੇ ਕੁੱਲ 766 ਵਿਅਕਤੀ ਕੁਆਰੰਟੀਨ ਅਵਧੀ ਅਧੀਨ ਹਨ ਜਦਕਿ 2488 ਵਿਅਕਤੀ ਸਫਲਤਾਪੂਰਨ ਕੁਆਰੰਟੀਨ ਅਵਧੀ ਵਿਚੋਂ ਲੰਘ ਚੁੱਕੇ ਹਨ।
ਹੁਣ ਤਕ, ਜ਼ਿਲੇ ਵਿਚ ਪਾਜੇਟਿਵ ਕੇਸਾਂ ਦੀ ਕੁੱਲ ਗਿਣਤੀ 93 ਹੈ।