ਅਸ਼ੋਕ ਵਰਮਾ
ਬਠਿੰਡਾ, 2 ਮਈ 2020 - ਜ਼ਿਲ੍ਹਾ ਮੈਜਿਸਟ੍ਰੇਟ ਬਠਿੰਡਾ ਬੀ ਸ੍ਰੀ ਨਿਵਾਸਨ ਨੇ ਕੁੱਝ ਖਾਸ ਸ਼੍ਰੇਣੀਆਂ ਦੀਆਂ ਦੁਕਾਨਾਂ ਖੋਲ੍ਹਣ ਲਈ ਦਿੱਤੀ ਛੋਟ ਸਬੰਧੀ ਸੋਧ ਕਰਦਿਆਂ ਹੁਕਮ ਜਾਰੀ ਕੀਤਾ ਹੈ ਕਿ ਦੁਕਾਨਾਂ ਖੁੱਲ੍ਹਣ ਦੇ ਸਮੇਂ ਦੌਰਾਨ ਕੋਈ ਵੀ ਦੋ ਪਹੀਆਂ ਜਾਂ ਚਾਰ ਪਹੀਆ ਵਾਹਨ ਦੀ ਵਰਤੋਂ ਨਹੀਂ ਕਰੇਗਾ ਅਤੇ ਲੋਕਾਂ ਨੂੰ ਪੈਦਲ ਹੀ ਆਪਣੀ ਨੇੜੇ ਦੀ ਦੁਕਾਨ ਤੋਂ ਖਰੀਦਦਾਰੀ ਕਰਨ ਦੀ ਆਗਿਆ ਹੋਵੇਗੀ। ਜ਼ਿਲ੍ਹਾ ਮੈਜਿਸਟ੍ਰੇਟ ਨੇ ਕਿਹਾ ਕਿ ਅੱਜ ਪਹਿਲੇ ਦਿਨ ਦਿੱਤੀ ਖੁੱਲ੍ਹ ਦੌਰਾਨ ਵੇਖਣ ਵਿਚ ਆਇਆ ਕਿ ਕੁਝ ਲੋਕਾਂ ਵੱਲੋਂ ਨਿਯਮਾਂ ਦੀ ਪਾਲਣਾ ਵਿਚ ਗੰਭੀਰਤਾ ਨਹੀਂ ਵਿਖਾਈ ਗਈ ਜਦੋਂ ਕਿ ਬਹੁਤ ਸਾਰੇ ਲੋਕਾਂ ਨੇ ਸਹਿਯੋਗ ਵੀ ਕੀਤਾ। ਉਨਾਂ ਕਿਹਾ ਕਿ ਕਰਫਿਊ ਦੌਰਾਨ ਕੋਈ ਵੀ ਵਿਅਕਤੀ ਸਮੇਤ ਛੋਟ ਵਾਲੇ ਸਮੇਂ ਭਾਵ ਸਵੇਰੇ 6 ਤੋਂ ਸਵੇਰੇ 10 ਵਜੇ ਤੱਕ ਵੀ ਦੋ ਪਹੀਆਂ ਜਾਂ ਚਾਰ ਪਹੀਆਂ ਵਾਹਨਾਂ ਦੀ ਦੀ ਵਰਤੋਂ ਨਹੀਂ ਕਰ ਸਕੇਗਾ । ਜੇਕਰ ਕਿਸੇ ਨੇ ਬਿਨਾਂ ਪਾਸ ਦੋ ਪਹੀਆ ਜਾਂ ਚਾਰ ਪਹੀਆ ਵਾਹਨ ਦੀ ਵਰਤੋਂ ਕੀਤੀ ਤਾਂ ਉਸਦਾ ਵਾਹਨ ਜਬਤ ਕਰ ਲਿਆ ਜਾਵੇਗਾ।
ਜ਼ਿਲ੍ਹਾ ਮੈਜਿਸਟ੍ਰੇਟ ਨੇ ਇਹ ਵੀ ਹੁਕਮ ਜਾਰੀ ਕੀਤਾ ਹੈ ਕਿ ਜ਼ਿਲ੍ਹੇ ਦੀ ਹਦੂਦ ਅੰਦਰ ਪੈਟਰੋਲੀਅਮ ਪਦਾਰਥਾਂ ਦੀ ਵਿਕਰੀ ਕੇਵਲ ਛੋਟ ਵਾਲੇ ਵਾਹਨਾਂ ਜਾਂ ਪਾਸ ਧਾਰਕ ਵਾਹਨਾਂ ਨੂੰ ਹੀ ਕੀਤੀ ਜਾ ਸਕਦੀ ਹੈ। ਇਸ ਦੌਰਾਨ ਹਰੇਕ ਪੈਟਰੋਲ ਪੰਪ ਇਸ ਸਬੰਧੀ ਪੂਰਾ ਰਿਕਾਰਡ ਰੱਖੇਗਾ ਅਤੇ ਤੇਲ ਦੀ ਵਿਕਰੀ ਸਮੇਂ ਪਾਸ ਧਾਰਕ ਦਾ ਨਾਂਅ ਤੇ ਪਾਸ ਦਾ ਨੰਬਰ ਨੋਟ ਕਰੇਗਾ। ਇਸੇ ਤਰ੍ਹਾਂ ਵੱਖ ਵੱਖ ਅਧਿਕਾਰੀਆਂ ਕਰਮਚਾਰੀਆਂ ਨੂੰ ਵੀ ਹਦਾਇਤ ਕੀਤੀ ਗਈ ਹੈ ਕਿ ਉਹ ਆਪਣੇ ਪਾਸ ਆਪਣੇ ਵਾਹਨ ਤੇ ਚਸਪਾ ਕਰ ਲੈਣ ਤਾਂ ਜੋ ਨਾਕੇ ਤੇ ਪਹਿਚਾਣ ਵਿਚ ਦਿੱਕਤ ਨਾ ਆਵੇ। ਜ਼ਿਲ੍ਹਾ ਮੈਜਿਸਟ੍ਰੇਟ ਨੇ ਕਿਹਾ ਕਿ ਜੇਕਰ ਕੋਈ ਵੀ ਇੰਨਾਂ ਹਦਾਇਤਾਂ ਦੀ ਉਲੰਘਣਾ ਕਰੇਗਾ ਤਾਂ ਉਨਾਂ ਵਿਰੁੱਧ ਆਈਪੀਸੀ ਦੀ ਧਾਰਾ 188, ਐਪੀਡੈਮਿਕ ਡਜੀਜ ਐਕਟ 1897 ਅਤੇ ਡਿਜਾਸਟਰ ਮੈਨੇਜਮੈਂਟ ਐਕਟ 2005 ਦੀਆਂ ਵੱਖ ਵੱਖ ਧਾਰਾਵਾਂ ਤਹਿਤ ਸਖਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।