ਫਿਰੋਜ਼ਪੁਰ, 3 ਮਈ 2020 : ਇਕ ਵਿਆਹੁਤਾ ਨਾਲ ਬਲਾਤਕਾਰ ਕਰਨ ਦੇ ਦੋਸ਼ ਵਿਚ ਥਾਣਾ ਕੈਂਟ ਫਿਰੋਜ਼ਪੁਰ ਦੀ ਪੁਲਿਸ ਨੇ ਦੋ ਅਣਪਛਾਤਿਆਂ ਖਿਲਾਫ 376-ਡੀ, 34 ਆਈਪੀਸੀ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਵਿਆਹੁਤਾ ਔਰਤ ਨੇ ਦੱਸਿਆ ਕਿ ਪੰਜਾਬ ਵਿਚ ਕਰਫਿਓ ਹੋਣ ਕਰਕੇ ਆਰੀਆ ਸਮਾਜ ਮੰਦਿਰ ਕੈਂਟ ਫਿਰੋਜ਼ਪੁਰ ਵਿਖੇ ਠਹਿਰੀ ਹੋਈ ਸੀ ਤੇ ਮੰਦਰ ਵਾਲਿਆਂ ਨੇ ਉਸ ਨੂੰ ਔਰਤ ਹੋਣ ਕਰਕੇ ਮੰਦਿਰ ਦੇ ਉਪਰਲੇ ਪੋਸ਼ਣ ਵਿਚ ਕਮਰਾ ਦਿੱਤਾ ਹੋਇਆ ਸੀ।
ਵਿਆਹੁਤਾ ਨੇ ਦੱਸਿਆ ਕਿ ਬੀਤੀ 1 ਮਈ 2020 ਨੂੰ ਕਰੀਬ ਸਾਢੇ 12 ਵਜੇ ਰਾਤ ਦੋ ਅਣਪਛਾਤੇ ਆਦਮੀ ਉਸ ਦੇ ਕਮਰੇ ਵਿਚ ਗਏ ਤੇ ਉਸ ਨਾਲ ਬਲਾਤਕਾਰ ਕਰਕੇ ਚਲੇ ਗਏ। ਇਸ ਮਾਮਲੇ ਦੀ ਜਾਂਚ ਕਰ ਸਬ ਇੰਸਪੈਕਟਰ ਨਵਦੀਪ ਕੌਰ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ਤੇ ਉਕਤ ਅਣਪਛਾਤਿਆਂ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।