ਅੰਮ੍ਰਿਤਸਰ, 03 ਮਈ 2020: ਜ਼ਿਲਾ ਪ੍ਰਸ਼ਾਸਨ ਅੰਮ੍ਰਿਤਸਰ ਨੇ ਜ਼ਿਲੇ 'ਚ ਲਾਕਡਾਊਨ ਦੌਰਾਨ ਫ਼ਸੇ ਦੂਸਰੇ ਰਾਜਾਂ ਦੇ ਵਸਨੀਕਾਂ ਨੂੰ ਉਨਾਂ ਦੇ ਪਿੱਤਰੀ ਰਾਜਾਂ 'ਚ ਭੇਜਣ ਦੀ ਪਹਿਲ ਕਦਮੀ ਤਹਿਤ ਅੱਜ 276 ਜੰਮੂ-ਕਸ਼ਮੀਰ ਵਾਸੀਆਂ ਨੂੰ ਉਨਾਂ ਦੇ ਗ੍ਰਹਿ ਰਾਜ ਲਈ ਰਵਾਨਾ ਕੀਤਾ।
ਡਿਪਟੀ ਕਮਿਸ਼ਰਨ ਸ. ਸ਼ਿਵਦੁਲਾਰ ਸਿੰਘ ਢਿੱਲੋਂ ਨੇ ਦੱਸਿਆ ਕਿ ਕੋਰੋਨਾ ਕਾਰਨ ਪੈਦਾ ਹੋਏ ਹਾਲਾਤਾਂ 'ਚ ਹਰੇਕ ਵਿਅਕਤੀ ਆਪਣੇ ਗ੍ਰਹਿ ਰਾਜ ਜਾਣ ਦਾ ਚਾਹਵਾਨ ਹੈ, ਜਿਸ ਲਈ ਪੰਜਾਬ ਸਰਕਾਰ ਵੱਲੋਂ ਉਨਾਂ ਲਈ ਵਿਸ਼ੇਸ਼ ਪ੍ਰਬੰਧ ਕਰਕੇ ਇੱਕ ਚੰਗੀ ਮਿਸਾਲ ਪੇਸ਼ ਕੀਤੀ ਗਈ ਹੈ।
ਉਨਾਂ ਦੱਸਿਆ ਕਿ ਰਮਜ਼ਾਨ ਦੇ ਚਲਦੇ ਹੋਣ ਕਾਰਨ ਇਹ ਸਾਰੇ ਵਿਅਕਤੀ ਆਪਣੇ ਘਰਾਂ ਨੂੰ ਜਾਣ ਦੇ ਚਾਹਵਾਨ ਸਨ, ਜਿਸ ਲਈ ਪੰਜਾਬ ਸਰਕਾਰ ਵੱਲੋਂ ਉਨਾਂ ਦੀਆਂ ਧਾਰਮਿਕ ਰਵਾਇਤਾਂ ਦਾ ਮਾਣ ਰੱਖਦਿਆਂ, ਉਨਾਂ ਦੇ ਪਿੱਤਰੀ ਰਾਜ ਭੇਜਣ ਦਾ ਪ੍ਰਬੰਧ ਕੀਤਾ ਗਿਆ। ਉਨਾਂ ਦੱਸਿਆ ਕਿ ਅੱਜ ਅੰਮ੍ਰਿਤਸਰ ਤੋਂ 276 ਕਸ਼ਮੀਰੀਆਂ ਨੂੰ ਉਨਾਂ ਦੇ ਘਰ ਮੁਫ਼ਤ ਬੱਸਾਂ ਦਾ ਪ੍ਰਬੰਧ ਕਰਕੇ ਭੇਜਿਆ ਗਿਆ ਹੈ।
ਉਨਾਂ ਦੱਸਿਆ ਕਿ ਇਨਾਂ ਸਾਰਿਆਂ ਨੂੰ ਅੱਜ ਸਵੇਰ ਅੰਮ੍ਰਿਤਸਰ ਬੱਸ ਸਟੈਂਡ ਤੋਂ ਕਠੂਆ ਲਈ ਰਵਾਨਾ ਕੀਤਾ ਗਿਆ। ਇਸ ਮੌਕੇ ਹਰੇਕ ਯਾਤਰੀਆਂ ਦਾ ਡਾਕਟਰੀ ਮੁਆਇਨਾ ਕੀਤਾ ਗਿਆ ਅਤੇ ਹਰੇਕ ਯਾਤਰੀ ਨੂੰ ਮਾਸਕ ਤੇ ਸੈਨੇਟਾਈਜ਼ਰ ਵੀ ਸਫਰ ਦੌਰਾਨ ਵਰਤਣ ਲਈ ਦਿੱਤੇ ਗਏ।
ਇਸ ਮੌਕੇ ਬੱਸਾਂ 'ਚ ਸਵਾਰ ਕਸ਼ਮੀਰੀ ਜਿੱਥੇ ਆਪਣੇ ਘਰ ਜਾਣ ਦਾ ਪ੍ਰਬੰਧ ਹੋਣ 'ਤੇ ਬਹੁਤ ਖੁਸ਼ ਸਨ, ਉੱਥੇ ਜ਼ਿਲਾ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਦਾ ਵੀ ਵਾਰ-ਵਾਰ ਧੰਨਵਾਦ ਕਰਦੇ ਨਜ਼ਰ ਆਏ। ਇਸ ਮੌਕੇ ਤਹਿਸੀਲਦਾਰ ਵੀਰ ਕਰਨ ਸਿੰਘ ਢਿੱਲੋਂ ਆਪਣੀ ਟੀਮ ਨਾਲ ਇੰਨਾਂ ਬੱਸਾਂ ਨੂੰ ਲੈ ਕੇ ਆਪ ਲਖਨਪੁਰ ਬਾਰਡਰ ਤੱਕ ਛੱਡਣ ਲਈ ਗਏ। ਯਾਤਰੀਆਂ ਦੀ ਮੈਡੀਕਲ ਲੋੜਾਂ ਨੂੰ ਧਿਆਨ ਵਿਚ ਰੱਖਦੇ ਹੋਏ ਇਕ ਐਬੂਲੈਂਸ ਵੀ ਜਿਲਾ ਪ੍ਰਸ਼ਾਸਨ ਵੱਲੋਂ ਨਾਲ ਭੇਜੀ ਗਈ। ਕਰੀਬ 12 ਵਜੇ ਇਹ ਬੱਸਾਂ ਲਖਨਪੁਰ ਸਰਹੱਦ ਉਤੇ ਪਹੁੰਚ ਗਈਆਂ, ਪਰ ਜੰਮੂ-ਕਸ਼ਮੀਰ ਦੀਆਂ ਬੱਸਾਂ ਅੱਗੋਂ ਲੈਣ ਲਈ ਨਾ ਆਈਆਂ ਹੋਣ ਕਾਰਨ ਸ਼ਾਮ 5 ਵਜੇ ਤੱਕ ਉਹ ਉਥੇ ਸਨ ਅਤੇ ਜੰਮੂ-ਕਸ਼ਮੀਰ ਦੀਆਂ ਬੱਸਾਂ ਆਉਣ ਮਗਰੋਂ ਹੀ ਵਾਪਸ ਪਰਤੇ। ਬੱਸ ਅੱਡੇ ਉਤੇ ਕਾਨੂੰਗੋ ਸ੍ਰੀ ਅਸ਼ੋਕ ਕੁਮਾਰ, ਇੰਸਪੈਕਟਰ ਨੀਰਜ਼ ਸ਼ਰਮਾ ਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।