ਔਖੀ ਘੜੀ ਵਿਚ ਲੋੜਵੰਦਾਂ ਦੀ ਬਾਂਹ ਫੜਨਾ ਸਾਡਾ ਸਮਾਜਕ ਫ਼ਰਜ਼
ਲੋਕਾਂ ਨੂੰ 'ਕੋਰੋਨਾਵਾਇਰਸ' ਤੋਂ ਬਚਣ ਲਈ ਜ਼ਰੂਰੀ ਸਾਵਧਾਨੀਆਂ ਵਰਤਣ ਲਈ ਆਖਿਆ
ਐਸ ਏ ਐਸ ਨਗਰ, 03 ਮਈ 2020: ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ 'ਕੋਰੋਨਾਵਾਇਰਸ' ਮਹਾਂਮਰੀ ਦੇ ਸੰਕਟ ਦੌਰਾਨ ਲੋੜਵੰਦਾਂ ਦੀ ਮਦਦ ਕਰਨ ਦਾ ਉਪਰਾਲਾ ਲਗਾਤਾਰ ਜਾਰੀ ਰੱਖਿਆ ਹੋਇਆ ਹੈ। ਇਸੇ ਦਿਸ਼ਾ ਵਿਚ ਉਨਾਂ ਅੱਜ ਮੋਹਾਲੀ ਦੇ ਫ਼ੇਜ਼ 5 ਅਤੇ ਸੈਕਟਰ 70 ਵਿਖੇ 1100 ਲੋੜਵੰਦ ਪਰਿਵਾਰਾਂ ਨੂੰ ਸੁੱਕੇ ਰਾਸ਼ਨ ਦੇ ਪੈਕੇਟ ਵੰਡੇ। ਇਨ੍ਹਾਂ ਪੈਕੇਟਾਂ ਵਿਚ ਤੇਲ, ਚੌਲ, ਆਟੇ ਸਮੇਤ ਨਿੱਤ ਵਰਤੋਂ ਦੀਆਂ ਹੋਰ ਜ਼ਰੂਰੀ ਵਸਤਾਂ ਹਨ।
ਇਸ ਮੌਕੇ ਗੱਲਬਾਤ ਕਰਦਿਆਂ ਸ. ਸਿੱਧੂ ਨੇ ਕਿਹਾ ਕਿ ਇਸ ਔਖੀ ਘੜੀ ਵਿਚ ਲੋੜਵੰਦਾਂ ਲੋਕਾਂ ਦੀ ਬਾਂਹ ਫੜਨਾ ਹਰ ਕਿਸੇ ਦਾ ਸਮਾਜਿਕ ਫ਼ਰਜ਼ ਬਣਦਾ ਹੈ। ਉਨ੍ਹਾਂ ਕਿਹਾ ਕਿ ਇਸ ਮਾਰੂ ਬੀਮਾਰੀ ਦੀ ਰੋਕਥਾਮ ਲਈ ਲਾਏ ਗਏ ਕਰਫ਼ਿਊ ਕਾਰਨ ਕਈ ਲੋਕਾਂ ਦਾ ਰੁਜ਼ਗਾਰ ਖੁੱਸ ਗਿਆ ਹੈ ਤੇ ਸਭ ਤੋਂ ਵੱਧ ਮਾਰ ਗ਼ਰੀਬ ਲੋਕਾਂ ਨੂੰ ਪਈ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦੇ ਵਰਕਰ ਕਈ ਦਿਨਾਂ ਤੋਂ ਵੱਖ ਵੱਖ ਥਾਈਂ ਲੋੜਵੰਦਾਂ ਨੂੰ ਜ਼ਰੂਰੀ ਚੀਜ਼ਾਂ ਮੁਹਈਆ ਕਰਵਾ ਰਹੇ ਹਨ ਤਾਂ ਕਿ ਉਨ੍ਹਾਂ ਨੂੰ ਖਾਣ-ਪੀਣ ਸਬੰਧੀ ਕਿਸੇ ਤਰ੍ਹਾਂ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ। ਸ. ਸਿੱਧੂ ਨੇ ਦਸਿਆ ਕਿ ਉਨਾਂ ਫ਼ੇਜ਼ 5 ਵਿਖੇ 500 ਅਤੇ ਸੈਕਟਰ 70 ਵਿਖੇ 600 ਪੈਕਟ ਰਾਸ਼ਨ ਵੰਡਿਆ ਹੈ। ਸ. ਸਿੱਧੂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਬੀਮਾਰੀ ਤੋਂ ਬਚਣ ਲਈ ਉਹ ਅਪਣੇ ਘਰਾਂ ਅੰਦਰ ਹੀ ਰਹਿਣ ਅਤੇ ਬਹੁਤ ਜ਼ਿਆਦਾ ਲੋੜ ਪੈਣ 'ਤੇ ਹੀ ਬਾਹਰ ਨਿਕਲਣ। ਉਨ੍ਹਾਂ ਲੋਕਾਂ ਨੂੰ ਵਾਰ ਵਾਰ ਹੱਥ ਧੋਣ ਅਤੇ ਇਕ ਦੂਜੇ ਤੋਂ ਜ਼ਰੂਰੀ ਫ਼ਾਸਲਾ ਰੱਖਣ ਲਈ ਵੀ ਆਖਿਆ। ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੁਆਰਾ ਚੁੱਕੇ ਗਏ ਕਦਮਾਂ ਅਤੇ ਲੋਕਾਂ ਦੇ ਸਹਿਯੋਗ ਨਾਲ ਇਸ ਮਾਰੂ ਬੀਮਾਰੀ 'ਤੇ ਛੇਤੀ ਹੀ ਕਾਬੂ ਪਾ ਲਿਆ ਜਾਵੇਗਾ। ਇਸ ਮੌਕੇ ਸਹਿਕਾਰੀ ਬੈਂਕ ਮੋਹਾਲੀ ਦੇ ਚੇਅਰਮੈਨ ਅਮਰਜੀਤ ਸਿੰਘ ਜੀਤੀ, ਸਿਹਤ ਮੰਤਰੀ ਸ. ਸਿੱਧੂ ਦੇ ਸਿਆਸੀ ਸਕੱਤਰ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ, ਜ਼ਿਲ੍ਹਾ ਕਾਂਗਰਸ ਕਮੇਟੀ ਦੇ ਮੀਤ ਪ੍ਰਧਾਨ ਬਲਜੀਤ ਕੌਰ, ਰਾਜਿੰਦਰ ਸਿੰਘ ਚਾਹਲ, ਸਾਬਕਾ ਕੌਂਸਲਰ ਸੁਰਿੰਦਰ ਰਾਜਪੂਤ, ਐਡਵੋਕੇਟ ਰਿਪੂਦਮਨ ਸਿੰਘ, ਪਿਆਰਾ ਸਿੰਘ ਆਦਿ ਵੀ ਮੌਜੂਦ ਸਨ।