ਅਸ਼ੋਕ ਵਰਮਾ
ਬਠਿੰਡਾ, 3 ਮਈ 2020 - ਬੀ.ਐਫ.ਜੀ.ਆਈ. ਨੇ ਵਿਲੱਖਣ ਉਪਰਾਲਾ ਕਰਦਿਆਂ ਲਾਕਡਾਊਨ ਦੌਰਾਨ ਘਰ ਬੈਠੇ ਵਿਦਿਆਰਥੀਆਂ ਨੂੰ ‘ਕੈਰੀਅਰ ਗਾਈਡੈਂਸ ਐਂਡ ਕਾਊਂਸਲਿੰਗ’ ਬਾਰੇ ਜਾਗਰੂਕ ਕਰਨ ਲਈ ਵੈਬੀਨਾਰ ਲੜੀ ਦੀ ਸ਼ੁਰੂਆਤ ਕੀਤੀ ਹੈ। ਵੱਖ-ਵੱਖ ਖੇਤਰਾਂ ਦੇ ਮਾਹਿਰ ਇਸ ਵੈਬੀਨਾਰ ਲੜੀ ਦੇ ਪੈਨਲ ਮੈਂਬਰ ਹਨ ਜੋ ਹਰ ਵੀਰਵਾਰ ਸ਼ਾਮ 5:30 ਵਜੇ ਵਿਦਿਆਰਥੀ ਨੂੰ ਕੈਰੀਅਰ ਸੰਬੰਧੀ ਜਾਣਕਾਰੀ ਦਿੰਦੇ ਹਨ। ਮਾਈਕਰੋਸਾਫ਼ਟ ਵੱਲੋਂ ਹੋਰ ਵੀ ਆਧੁਨਿਕ ਪਲੇਟਫਾਰਮ ਮੁਹੱਈਆ ਕਰਵਾਉਣ ਨਾਲ ਇਹ ਸੰਭਵ ਹੋ ਗਿਆ ਹੈ ਕਿ 10 ਹਜਾਰ ਤੱਕ ਵਿਦਿਆਰਥੀ ਇਕੋ ਸਮੇਂ ਇਸ ਵੈਬੀਨਾਰ ਵਿੱਚ ਜੁੜ ਕੇ ਮਾਹਿਰ ਨੂੰ ਲਾਈਵ ਸੁਣ ਅਤੇ ਵੇਖ ਸਕਦੇ ਹਨ। ਵਿਦਿਆਰਥੀ ਵੈਬੀਨਾਰ ਦੌਰਾਨ ਹੀ ਮਾਹਿਰ ਤੋਂ ਪ੍ਰਸ਼ਨ ਪੁੱਛ ਕੇ ਆਪਣੀ ਸ਼ੰਕਾ ਨੂੰ ਦੂਰ ਕਰ ਸਕਦੇ ਹਨ।
ਇਸੇ ਲੜੀ ਤਹਿਤ ਬੀ.ਐਫ.ਜੀ.ਆਈ. ਵੱਲੋਂ ਪਹਿਲਾ ਵੈਬੀਨਾਰ ‘ਕੈਰੀਅਰ ਗਾਈਡੈਂਸ ਐਂਡ ਕਾੳਂੂਸਲਿੰਗ ਦੀ ਮਹੱਤਤਾ ਅਤੇ ਲੋੜ’ ਸੰਬੰਧੀ ਕਰਵਾਇਆ ਗਿਆ । ਜਿਸ ਵਿੱਚ ਬੀ.ਐਫ.ਜੀ.ਆਈ. ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਅਤੇ ਡਿਪਟੀ ਡਾਇਰੈਕਟਰ (ਕੈਰੀਅਰ ਗਾਈਡੈਂਸ ਐਂਡ ਕਾਊਂਸਲਿੰਗ) ਸ੍ਰੀ ਬੀ.ਡੀ. ਸ਼ਰਮਾ ਮਾਹਿਰ ਵਜੋਂ ਹਾਜ਼ਰ ਹੋਏ । ਇਸ ਵੈਬੀਨਾਰ ਵਿੱਚ ਮੈਡਮ ਸਿਮਰਨਜੀਤ ਕੌਰ ਨੇ ਮਾਹਿਰਾਂ ਨੂੰ ਵਿਦਿਆਰਥੀਆਂ ਦੇ ਰੂ-ਬ-ਰੂ ਕੀਤਾ। ਦੋਵੇਂ ਮਾਹਿਰਾਂ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਵਿਦਿਆਰਥੀ ਜੀਵਨ ਵਿੱਚ 10ਵੀਂ ਅਤੇ 12ਵੀਂ ਕਲਾਸ ਤੋਂ ਬਾਅਦ ਕੈਰੀਅਰ ਦੀ ਸਹੀ ਚੋਣ ਕਰਨ ਵੇਲੇ ਯੋਗ ਅਗਵਾਈ ਅਤੇ ਸਲਾਹ ਦੀ ਲੋੜ ਪੈਂਦੀ ਹੈ। ਉਨਾਂ ਦੱਸਿਆ ਕਿ ਕੈਰੀਅਰ ਨੂੰ ਹਮੇਸ਼ਾ ਆਪਣੀ ਰੁਚੀ, ਸਮਰੱਥਾ, ਕੁਸ਼ਲਤਾ ਅਤੇ ਯੋਗਤਾ ਅਨੁਸਾਰ ਚੁਣਨਾ ਚਾਹੀਦਾ ਹੈ । ਇਸ ਲਈ ਹਰ ਵਿਦਿਆਰਥੀ ਦਾ ਐਪਟੀਚਿਊਡ ਟੈਸਟ ਹੋਣਾ ਲਾਜ਼ਮੀ ਹੈ ਅਤੇ ਕਿਸੇ ਫਿਰ ਚੰਗੇ ਕੈਰੀਅਰ ਮਾਹਿਰ ਤੋਂ ਕਾਊਂਸਲਿੰਗ ਕਰਵਾ ਕੇ ਹੀ ਵਿਦਿਆਰਥੀ ਨੂੰ ਕੈਰੀਅਰ ਦੀ ਚੋਣ ਕਰਨੀ ਚਾਹੀਦੀ ਹੈ। ਬੀ.ਐਫ.ਜੀ.ਆਈ. ਦੀ ਵੈੱਬਸਾਈਟ .. ’ਤੇ ਵੀ ਆਨਲਾਈਨ ਐਪਟੀਚਿਊਡ ਟੈਸਟ ਉਪਲੱਬਧ ਹੈ ਜੋ ਬਿਲਕੁਲ ਮੁਫ਼ਤ ਹੈ।
ਉਨਾਂ ਅੱਗੇ ਕਿਹਾ ਕਿ ਜੇਕਰ ਕੋਈ ਵਿਦਿਆਰਥੀ ਮਾਪਿਆਂ ਦੇ ਦਬਾਅ ਹੇਠ ਜਾਂ ਕਿਸੇ ਹੋਰ ਵਿਦਿਆਰਥੀ ਅਤੇ ਰਿਸ਼ਤੇਦਾਰ ਦੇ ਕਹਿਣ ਤੇ ਆਪਣੇ ਕੈਰੀਅਰ ਦੀ ਚੋਣ ਕਰ ਲੈਂਦਾ ਹੈ ਤਾਂ ਹੋ ਸਕਦਾ ਹੈ ਉਹ ਵਿਦਿਆਰਥੀ ਚੁਣੇ ਹੋਏ ਖੇਤਰ ਵਿੱਚ ਕਾਮਯਾਬ ਨਾ ਹੋ ਸਕੇ । ਇਸ ਲਈ ਹਰ ਵਿਦਿਆਰਥੀ ਲਈ ਇਸ ਪੜਾਅ ’ਤੇ ਕੈਰੀਅਰ ਗਾਈਡੈਂਸ ਐਂਡ ਕਾਊਂਸਲਿੰਗ ਦੀ ਬਹੁਤ ਮਹੱਤਤਾ ਅਤੇ ਲੋੜ ਹੈ। ਜ਼ਿਕਰਯੋਗ ਹੈ ਇਸ ਪਹਿਲੇ ਵੈਬੀਨਾਰ ਵਿੱਚ ਜੁੜਨ ਵਾਲੇ ਵਿਦਿਆਰਥੀਆਂ ਅਤੇ ਉਨਾਂ ਦੇ ਮਾਪਿਆਂ ਦੀ ਗਿਣਤੀ 3000 ਤੋਂ ਵੀ ਵਧੇਰੇ ਸੀ । ਵੈਬੀਨਾਰ ਦੌਰਾਨ ਮਾਹਿਰਾਂ ਨੇ ਵਿਦਿਆਰਥੀਆਂ ਅਤੇ ਉਨਾਂ ਦੇ ਮਾਪਿਆਂ ਵੱਲੋਂ ਪੁੱਛੇ ਗਏ ਪ੍ਰਸ਼ਨਾਂ ਦੇ ਤਸੱਲੀਬਖ਼ਸ਼ ਜਵਾਬ ਵੀ ਦਿੱਤੇ ।
ਬੀ.ਐਫ.ਜੀ.ਆਈ. ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਦੱਸਿਆ ਕਿ ਸੰਸਥਾ ਨੇ ਜਿੱਥੇ ਕੋਵਿਡ-19 ਸੰਕਟ ਲਈ 3 ਕਰੋੜ ਰੁਪਏ ਦੀ ਸਕਾਲਰਸ਼ਿਪ ਪਾਲਿਸੀ ਦਾ ਐਲਾਨ ਕੀਤਾ ਹੈ ਉੱਥੇ ਹੀ ਵਿਦਿਆਰਥੀਆਂ ਨੂੰ ਕੈਰੀਅਰ ਗਾਈਡੈਂਸ ਸੰਬੰਧੀ ਹਰ ਜਾਣਕਾਰੀ ਦੇਣ ਲਈ ਵੈਬੀਨਾਰ ਸੀਰੀਜ਼ ਸ਼ੁਰੂ ਕੀਤੀ ਗਈ ਹੈ। ਉਨਾਂ ਨੇ ਦੱਸਿਆ ਕਿ ਬੀ.ਐਫ.ਜੀ.ਆਈ. ਵੱਲੋਂ ਵਿਸ਼ੇ ਅਨੁਸਾਰ ਇੱਕ ਮਾਹਿਰ ਕਾਊਂਸਲਰ ਵੀ ਵਿਦਿਆਰਥੀਆਂ ਦੀ ਮਦਦ ਅਤੇ ਸਹਿਯੋਗ ਲਈ ਪੱਕੇ ਤੌਰ ’ਤੇ ਨਿਯੁਕਤ ਕੀਤਾ ਜਾ ਰਿਹਾ ਹੈ ਤਾਂ ਜੋ ਵਿਦਿਆਰਥੀ ਵਿਸ਼ੇ ਸੰਬੰਧੀ ਕੋਈ ਵੀ ਜਾਣਕਾਰੀ ਕਿਸੇ ਵੀ ਸਮੇਂ ਉਸ ਮਾਹਿਰ ਕਾਊਂਸਲਰ ਤੋਂ ਹਾਸਲ ਕਰ ਸਕਣ । ਉਨਾਂ ਨੇ ਦੱਸਿਆ ਕਿ ਦੂਸਰਾ ਵੈਬੀਨਾਰ ‘10ਵੀਂ ਤੋਂ ਬਾਅਦ ਕੈਰੀਅਰ ਵਿਕਲਪ’ ਬਾਰੇ ਅਗਲੇ ਵੀਰਵਾਰ ਮਿਤੀ 7 ਮਈ, 2020 ਨੂੰ ਹੋਵੇਗਾ। ਜਿਸ ਲਈ ਵਿਦਿਆਰਥੀ ਹੁਣ ਤੋਂ ਹੀ ਵੱਡੀ ਗਿਣਤੀ ਵਿੱਚ ਰਜਿਸਟਰਡ ਹੋ ਰਹੇ ਹਨ। ਉਨਾਂ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਇਸ ਵੈਬੀਨਾਰ ਲੜੀ ਦਾ ਵੱਧ ਤੋਂ ਵੱਧ ਲਾਭ ਉਠਾਓ ਅਤੇ ਆਪੋ ਆਪਣੇ ਘਰ ’ਚ ਸੁਰੱਖਿਅਤ ਰਹੋ।