ਕਲੱਸਟਰ ਜਾਨ ਮਿਸਤਰੀਆਂ ਵਾਲੀ ਗਲੀ ਖੁੱਲੇਗੀ ਕੱਲ
ਪਰਵਿੰਦਰ ਸਿੰਘ ਕੰਧਾਰੀ
ਫਰੀਦਕੋਟ, 04 ਮਈ 2020 : ਸਿਹਤ ਵਿਭਾਗ ਵੱਲੋਂ ਕੋਵਿਡ-19 ਦੇ ਸਬੰਧ ਵਿੱਚ ਸ਼ੱਕੀ ਮਰੀਜ਼ਾਂ ਦੀ ਭਾਲ ਲਈ ਜ਼ਿਲੇ ਵਿੱਚ ਸਥਾਪਿਤ ਫਲੂ ਕਾਰਨਰ ਅਤੇ ਬਾਹਰਲੇ ਸੂਬਿਆਂ ਤੋਂ ਆਏ ਵਿਅਕਤੀਆਂ ਦਾ ਇਕਾਂਤਵਾਸ ਸੈਂਟਰਾਂ ਵਿੱਚ ਮੈਡੀਕਲ ਸਕਰੀਨਿੰਗ ਅਤੇ ਕੋਵਿਡ-19 ਦੇ ਸੈਂਪਲ ਲੈਣ ਦਾ ਕੰਮ ਲਗਾਤਾਰ ਚੱਲ ਰਿਹਾ ਹੈ ਅਤੇ ਹਰ ਪਿੰਡ-ਕਸਬੇ ਵਿੱਚ ਘਰ-ਘਰ ਸਰਵੇ ਦਾ ਕੰਮ ਵੀ ਜਾਰੀ ਹੈ। ਸਿਵਲ ਸਰਜਨ ਫਰੀਦਕੋਟ ਡਾ.ਰਜਿੰਦਰ ਕੁਮਾਰ ਨੇ ਦੱਸਿਆ ਕਿ ਹਜ਼ੂਰ ਸਹਿਬ ਨੰਦੇੜ ਤੋਂ ਹਾਲ ਹੀ ਵਿੱਚ ਫਰੀਦਕੋਟ ਜ਼ਿਲੇ ਵਿੱਚ ਪਰਤੇ 130 ਸ਼ਰਧਾਲੂਆਂ ਦੇ ਸਿਹਤ ਵਿਭਾਗ ਦੀ ਟੀਮ ਨੇ ਸੈਂਪਲ ਇਕੱਤਰ ਕਰ ਲੈਬ ਵਿੱਚ ਭੇਜੇ ਸਨ । ਇਹਨਾਂ ਸੈਂਪਲਾਂ ਵਿੱਚੋਂ ਪਹਿਲਾਂ ਆਈਆਂ ਰਿਪੋਰਟਾ ਵਿੱਚ 3 ਸ਼ਰਧਾਲੂਆਂ ਦੀ ਰਿਪੋਰਟ ਪਾਜ਼ੇਟਿਵ ਆਈ ਸੀ ਤੇ ਹੁਣ ਕੁਝ ਹੋਰ ਆਏ ਨਤੀਜਿਆਂ ਮੁਤਾਬਕ 12 ਸ਼ਰਧਾਲੂਆਂ ਦੀ ਰਿਪੋਰਟ ਵੀ ਕੋਰੋਨਾ ਪਾਜ਼ੇਟਿਵ ਆਈ ਹੈ, ਇਹਨਾਂ 15 ਸ਼ਰਧਾਲੂਆਂ ਨੂੰ ਸਥਾਨਕ ਜੀ.ਜੀ.ਐਸ ਮੈਡੀਕਲ ਕਾਲਜ ਹਸਪਤਾਲ ਵਿਖੇ ਆਈਸੋਲੇਸ਼ਨ ਵਾਰਡ ਵਿੱਚ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ। ਹੋਰ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ.ਰਜਿੰਦਰ ਕੁਮਾਰ ਨੇ ਦੱਸਿਆ ਕਿ ਹੁਣ ਤੱਕ 130 ਸ਼ਰਧਾਲੂਆਂ ਚੋਂ 51 ਦੀ ਰਿਪੋਰਟ ਪ੍ਰਾਪਤ ਹੋਈ ਹੈ ਜਦ ਕਿ 79 ਦੀ ਰਿਪੋਰਟ ਪੈਂਡਿਗ ਹੈ। ਬਾਹਰਲੇ ਸੂਬਿਆਂ ਤੋਂ ਆਏ ਕਰੀਬ 1154 ਵਿਅਕਤੀਆਂ ਅਤੇ ਜ਼ਿਲੇ ਵਿੱਚ ਆਮ ਲੋਕਾਂ ਲਈ ਸਥਾਪਿਤ ਫਲੂ ਕਾਰਨਰ ਤੇ ਕੋਰੋਨਾ ਦੇ ਅੱਜ ਤੱਕ ਕੁੱਲ 1586 ਸੈਂਪਲ ਇਕੱਤਰ ਕਰ ਲੈਬ ਵਿੱਚ ਭੇਜੇ ਜਾ ਚੁੱਕੇ ਹਨ। ਡਾ.ਰਜਿੰਦਰ ਨੇ ਦੱਸਿਆ ਕਿ ਸਰਕਾਰ ਦੇ ਉਪਰਾਲੇ ਸਦਕਾਂ ਹੁਣ ਸੈਂਪਲਿੰਗ ਦੇ ਨਤੀਜਿਆਂ ਵਿੱਚ ਤੇਜੀ ਲਿਆਉਣ ਲਈ ਪ੍ਰਾਈਵੇਟ ਲਾਲ ਪੈਥ ਲੈਬ ਨਾਲ ਗੱਠਜੋੜ ਕਰ ਲਿਆ ਗਿਆ ਹੈ। ਜ਼ਿਲੇ ਦੇ ਤੀਸਰੇ ਪਾਜ਼ੇਟਿਵ ਮਰੀਜ਼ ਦਾ ਸੈਂਪਲ ਜੋ ਅਮ੍ਰਿਤਸਰ ਲੈਬ ਵਿਚ ਟੈਸਟ ਲਈ ਭੇਜਿਆ ਗਿਆ ਸੀ ਉਸ ਦੀ ਰਿਪੋਰਟ ਜਲਦ ਵਿਭਾਗ ਨੂੰ ਪ੍ਰਾਪਤ ਹੋ ਜਾਵੇਗੀ ਤੇ ਨਾਲ ਹੀ ਕਲਸਟਰ ਜ਼ੌਨ ਮਿਸਤਰੀਆਂ ਵਾਲੀ ਗਲੀ ਖੋਲ ਦਿੱਤੀ ਜਾਵੇਗੀ। ਕਿ ਡਿਪਟੀ ਕਮਿਸ਼ਨਰ ਫਰੀਦਕੋਟ ਕੁਮਾਰ ਸੌਰਭ ਰਾਜ ਆਈ.ਏ.ਐਸ ਦੀ ਯੋਗ ਅਗਵਾਈ ਹੇਠ ਬਾਹਰਲੇ ਸੂਬੇ ਤੋਂ ਆਏ ਵਿਅਤਕਤੀਆਂ ਲਈ ਵਿਸ਼ੇਸ਼ ਇਕਾਂਤਵਾਸ ਸੈਂਟਰਾਂ ਵਿੱਚ ਰਹਿਣ ਸਹਿਣ,ਖਾਣ-ਪੀਣ, ਮੈਡੀਕਲ ਜਾਂਚ ਅਤੇ ਸੈਂਪਲ ਇਕੱਤਰ ਕਰਨ ਦਾ ਪ੍ਰਬੰਧ ਵੀ ਕੀਤਾ ਗਿਆ ਹੈ। ਇਹਨਾਂ ਪ੍ਰਬੰਧਾਂ ਲਈ ਵੱਖ-ਵੱਖ ਅਧਿਕਾਰੀਆਂ ਦੀ ਡਿਊਟੀ ਵੀ ਲਗਾਈ ਗਈ ਹੈ। ਉਨਾਂ ਸਮੂਹ ਸਿਹਤ ਵਿਭਾਗ ਦੇ ਫੀਲਡ ਸਟਾਫ,ਬਲਾਕ ਐਜੂਕੇਟਰਾਂ ਅਤੇ ਪੰਚਾਇਤਾਂ ਨੂੰ ਅਪੀਲ ਕੀਤੀ ਕਿ ਆਪਸੀ ਤਾਲਮੇਲ ਕਰਕੇ ਬਾਹਰਲੇ ਸੂਬਿਆਂ ਤੋਂ ਆਏ ਵਿਅਕਤੀਆਂ ਨੂੰ ਇਕਾਂਤਵਾਸ ਸੈਂਟਰਾਂ ਵਿੱਚ ਪਹੁੰਚਾਉਣ ਲਈ ਉਪਰਾਲੇ ਕੀਤੇ ਜਾਣ, ਕਿਸੇ ਵੀ ਕਿਸਮ ਦੀ ਜਾਣਕਾਰੀ ਲਈ ਜ਼ਿਲੇ ਦੀਆਂ ਸਿਹਤ ਸੰਸਥਾਵਾਂ ਦੇ ਸੀਨੀਅਰ ਮੈਡੀਕਲ ਅਫਸਰਾਂ ਨਾਲ ਵੀ ਸੰਪਰਕ ਕੀਤਾ ਜਾ ਸਕਦਾ ਹੈ।ਕੋਵਿਡ-19 ਦੇ ਜ਼ਿਲਾ ਨੋਡਲ ਅਫਸਰ ਡਾ.ਮਨਜੀਤ ਕ੍ਰਿਸ਼ਨ ਭੱਲਾ ਨੇ ਕਿਹਾ ਕਿ ਜੇ ਇਸੇ ਤਰਾਂ ਹੀ ਜ਼ਿਲਾ ਨਿਵਾਸੀ ਸਿਹਤ ਵਿਭਾਗ ਅਤੇ ਪ੍ਰਸ਼ਾਸਨ ਦੁਆਰਾ ਜਾਰੀ ਹਦਾਇਤਾ ਦਾ ਪਾਲਣ ਕਰਨ ਅਤੇ ਘਰ ਰਹੋ ਸੁਰੱਖਿਅਤ ਰਹੋ ਤਾਂ ਜੋ ਕੋਰੋਨਾ ਬਿਮਾਰੀ ਤੇ ਅਸੀਂ ਬਹੁਤ ਜਲਦ ਕਾਬੂ ਪਾਉਣ ਵਿੱਚ ਸਫਲ ਹੋ ਜਾਵੇਗਾ।