ਫਿਰੋਜ਼ਪੁਰ 04 ਮਈ 2020 : ਤਾਲਮੇਲ ਕਮੇਟੀ ਪੈਰਾ ਮੈਡੀਕਲ ਅਤੇ ਸਿਹਤ ਕਰਮਚਾਰੀ ਪੰਜਾਬ ਦਾ ਇਕ ਵਫਦ ਰਵਿੰਦਰ ਲੂਥਰਾ ਸੂਬਾ ਕਨਵੀਨਰ ਦੀ ਅਗਵਾਈ ਵਿਚ ਸਿਹਤ ਮੰਤਰੀ ਪੰਜਾਬ ਬਲਬੀਰ ਸਿੰਘ ਸਿੱਧੂ ਅਤੇ ਹਲਕਾ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੂੰ ਮਿਲਿਆ। ਲੂਥਰਾ ਨੇ ਦੱਸਿਆ ਕਿ ਸਿਹਤ ਮੰਤਰੀ ਪੰਜਾਬ ਨਾਲ ਕੋਵਿਡ 19 ਦੀ ਮਹਾਂਮਾਰੀ ਵਿਰੁੱਧ ਲੜੀ ਜਾ ਰਹੀ ਜੰਗ ਬਾਰੇ ਵਿਚਾਰ ਚਰਚਾ ਕੀਤੀ ਗਈ ਅਤੇ ਸਿਹਤ ਮੰਤਰੀ ਨੇ ਸਮੂਹ ਮੁਲਾਜ਼ਮਾਂ ਵੱਲੋਂ ਇਸ ਕੋਵਿਡ 19 ਮਹਾਂਮਾਰੀ ਵਿਚ ਪਾਏ ਜਾ ਰਹੇ ਯੋਗਦਾਨ ਦੀ ਸ਼ਲਾਘਾ ਕੀਤੀ ਅਤੇ ਇਸ ਜੰਗ ਨੂੰ ਜਿੱਤਣ ਵਾਸਤੇ ਸਮੂਹ ਮੁਲਾਜ਼ਮਾਂ ਨੂੰ ਹੋਰ ਸ਼ਿੱਦਤ ਨਾਲ ਕੰਮ ਕਰਨ ਲਈ ਅਪੀਲ ਕੀਤੀ। ਲੂਥਰਾ ਨੇ ਦੱਸਿਆ ਕਿ ਇਸ ਮਹਾਂਮਾਰੀ ਵਿਚ ਸਿਹਤ ਵਿਭਾਗ ਵਿਚ ਪੈਰਾ ਮੈਡੀਕਲ ਦੇ ਕਾਮਿਆਂ ਨੂੰ ਆ ਰਹੀਆਂ ਮੁਸ਼ਕਲਾਂ ਬਾਰੇ ਜਿਵੇਂ ਕਿ ਸਿਹਤ ਵਿਭਾਗ ਵਿਚ ਐੱਨਐੱਚਐੱਮ, ਡੀਐੱਚਐੱਸ, ਹੈੱਲਥ ਸਿਸਟਮ ਕਾਰਪੋਰੇਸ਼ਨ ਅਤੇ ਵੱਖ ਵੱਖ ਸੋਸਾਇਟੀਆਂ ਅਤੇ ਆਊਟਸੋਸਿੰਗ ਵਿਭਾਗ ਅਧੀਨ ਕੰਮ ਕਰਦੇ ਮੁਲਾਜ਼ਮਾਂ ਨੂੰ ਰੈਗੂਲਰ ਕਰਨਾ, ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਅਧੀਨ ਪ੍ਰੋਬੇਸ਼ਨ ਪੀਰੀਅਡ ਤੇ ਕੰਮ ਕਰਦੇ ਮੁਲਾਜ਼ਮ ਜਿਵੇਂ ਕਿ 1263 ਐੱਮਪੀਐੱਚ ਡਬਲਯੂ ਮੇਲ, ਰੇਡੀਓਗ੍ਰਫਾਰ, ਮੈਡੀਕਲ ਲੈਬੋਰਟਰੀ ਟੈਕਨੀਸ਼ੀਅਨ, ਮਲਟੀਪਰਪਜ਼ ਫੀਮੇਲ ਦਾ ਪ੍ਰੋਬੇਸ਼ਨ ਪੀਰੀਅਡ ਖਤਮ ਕਰਕੇ ਪੂਰੀ ਤਨਖਾਹ ਭੱਤਿਆ ਸਮੇਤ ਦਿੱਤੀ ਜਾਵੇ, ਕੋਵਿਡ 19 ਕਾਰਨ ਸਿਹਤ ਵਿਭਾਗ ਵਿਚ ਕੰਮ ਕਰਦੇ ਸਮੂਹ ਪੈਰਾ ਮੈਡੀਕਲ ਦਾ 50 ਲੱਖ ਰੁਪਏ ਦਾ ਬੀਮਾ ਕੀਤਾ ਜਾਵੇ। ਸਿਹਤ ਵਿਭਾਗ ਵਿਚ ਕੰਮ ਕਰਦੇ ਪੈਰਾ ਮੈਡੀਕਲ ਅਤੇ ਸਮੂਹ ਕੈਟਾਗਿਰੀਆਂ ਦੇ ਸਟਾਫ ਨੂੰ ਸਪੈਸ਼ਲ ਇੰਕਰੀਮੈਂਟ, ਮਾਣਭੱਤਾ ਦਿੱਤਾ ਜਾਵੇ ਅਤੇ ਪੰਚਾਇਤੀ ਰਾਜ ਅਧੀਨ ਕੰਮ ਕਰਦੇ ਰੂਰਲ ਫਾਰਮੈਸੀ ਅਫਸਰ ਅਤੇ ਦਰਜਾਚਾਰ ਨੂੰ ਰੈਗੂਲਰ ਕਰਨਾ ਆਦਿ ਮੁਸ਼ਕਲਾਂ ਸਿਹਤ ਮੰਤਰੀ, ਪੰਜਾਬ ਦੇ ਧਿਆਨ ਵਿਚ ਲਿਆਂਦੀਆਂ ਗਈਆਂ। ਲੂਥਰਾ ਨੇ ਦੱਸਿਆ ਕਿ ਸਿਹਤ ਵਿਭਾਗ ਦੇ ਪੈਰਾ ਮੈਡੀਕਲ ਕਾਮਿਆਂ ਨੂੰ ਇਹ ਸਹੂਲਤਾਂ ਦੇਣ ਨਾਲ ਜਿਥੇ ਸਿਹਤ ਸੇਵਾਵਾਂ ਦੇ ਮਿਆਰ ਵਿਚ ਵਾਧਾ ਹੋਵੇਗਾ, ਉਥੇ ਸਿਹਤ ਵਿਭਾਗ ਵਿਚ ਕੰਮ ਕਰ ਰਹੇ ਪੈਰਾ ਮੈਡੀਕਲ ਕਾਮਿਆਂ ਦਾ ਮਨੋਬਲ ਵੀ ਵਧੇਗਾ। ਸਿਹਤ ਮੰਤਰੀ ਪੰਜਾਬ ਨੇ ਪੂਰਨ ਵਿਸਵਾਸ਼ ਦੁਆਇਆ ਕਿ ਇਨ੍ਹਾਂ ਸਾਰੇ ਮਾਮਲਿਆਂ ਦਾ ਹੱਲ ਬਹੁਤ ਜਲਦ ਕਰ ਦਿੱਤਾ ਜਾਵੇਗਾ। ਇਸ ਵਫਦ ਵਿਚ ਰਮਨ ਅੱਤਰੀ, ਸੰਦੀਪ ਸਿੰਘ ਸਿੱਧੂ ਰੇਡੀਓਗ੍ਰਾਫਰ ਪੰਜਾਬ ਪ੍ਰਧਾਨ, ਮਨੋਜ ਗਰੋਵਰ, ਸਤਪਾਲ ਸਿੰਘ, ਵਿਕਾਸ ਕੁਮਾਰ, ਰਾਕੇਸ਼ ਗਿੱਲ, ਸ਼ੇਖਰ ਆਦਿ ਹਾਜ਼ਰ ਸਨ।