ਸ਼ਰਾਬ ਦੀ ਹੋਮ ਡਿਲਿਵਰੀ ਦੀ ਤਜਵੀਜ਼ , ਪੰਜਾਬ ਦੇ ਠੇਕੇ ਇੱਕ ਦੋ ਦਿਨਾਂ 'ਚ ਖੋਲ੍ਹੇ ਜਾਣ ਦੇ ਆਸਾਰ
ਚੰਡੀਗੜ੍ਹ ,5 ਮਈ , 2020 : ਪੰਜਾਬ ਸਰਕਾਰ ਵੱਲੋਂ ਅਗਲੇ ਇਕ ਦੋ ਦਿਨਾਂ 'ਚ ਸ਼ਰਾਬ ਦੇ ਠੇਕੇ ਖੋਲ੍ਹੇ ਜਾਣ ਦੀ ਸੰਭਾਵਨਾ ਹੈ . ਇਸ ਦੇ ਨਾਲ ਹੀ ਰਾਜ ਵਿਚ ਸ਼ਰਾਬ/ ਵਾਈਨ ਦੀ ਹੋਮ ਡਿਲਿਵਰੀ ਸ਼ੁਰੂ ਕੀਤੇ ਜਾਣ ਦੀ ਵੀ ਤਜਵੀਜ਼ ਹੈ .ਪਤਾ ਲੱਗਾ ਹੈ ਅਸੂਲੀ ਤੌਰ ਤੇ ਉੱਤੋਂ ਹਰਿ ਝੰਡੀ ਮਿਲ ਚੁੱਕੀ ਹੈ ਪਰ ਠੇਕੇ ਖੋਲ੍ਹੇ ਜਾਣ ਦੀ ਮਿਤੀ ਅਤੇ ਹੋਮ ਡਿਲਿਵਰੀ ਬਾਰੇ ਅੰਤਿਮ ਨਿਰਨਾ ਪੰਜਾਬ ਕੈਬਿਨੇਟ ਹੀ ਕਰੇਗੀ ਜਿਸ ਦੀ ਮੀਟਿੰਗ ਕੱਲ੍ਹ ਹੋਣ ਦੀ ਉਮੀਦ ਹੈ .
ਪੰਜਾਬ ਦੇ ਇੱਕ ਸੀਨੀਅਰ ਅਫ਼ਸਰ ਨੇ ਬਾਬੂਸ਼ਾਹੀ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਦਿੱਲੀ ਅਤੇ ਕੁੱਝ ਹੋਰਨਾਂ ਥਾਵਾਂ ਕੱਲ੍ਹ ਸ਼ਰਾਬ ਦੀ ਵਿੱਕਰੀ ਅਤੇ ਠੇਕੇ ਖੋਲ੍ਹੇ ਜਾਣ ਤੋਂ ਬਾਅਦ ਜਿਸ ਤਰ੍ਹਾਂ ਭੀੜਾਂ ਅਤੇ ਲੰਮੀਆਂ ਕਤਾਰਾਂ ਲੱਗੀਆਂ ਅਤੇ ਸੋਸ਼ਲ ਡਿਸਟੈਂਸਿੰਗ ਨੂੰ ਛਿੱਕੇ ਟੰਗਿਆ ਗਿਆ , ਇਸ ਨੂੰ ਦੇਖਦੇ ਹੋਏ ਇਹ ਵਿਚਾਰ ਕੀਤਾ ਜਾ ਰਿਹਾ ਹੈ ਕਿ ਅਜਿਹੀ ਹਾਲਤ ਤੋਂ ਕਿਵੇਂ ਬਚਿਆ ਜਾਵੇ ਕਿਉਂਕਿ ਪੰਜਾਬ ਵਿਚ ਤਾਂ ਠੇਕੇ ਸਿਰਫ਼ ਚਾਰ ਘੰਟੇ ਲਈ ਹੀ ਖੋਲ੍ਹਣੇ ਹਨ .
ਇਸੇ ਲਈ ਇਹ ਤਜਵੀਜ਼ ਵਿਚਾਰੀ ਗਈ ਹੈ ਕਿ ਸ਼ਰਾਬ ਦੀ ਹੋਮ ਡਿਲਿਵਰੀ ਦੀ ਇਜਾਜ਼ਤ ਦਿੱਤੀ ਜਾਵੇ ਜਿਸ ਨਾਲ ਠੇਕਿਆਂ ਤੇ ਭੀੜ ਕੁਝ ਘਟ ਸਕਦੀ ਹੈ ਪਰ ਅਜੇ ਤੱਕ ਕੋਈ ਰਸਮੀ ਹੁਕਮ ਨਹੀਂ ਹੋਇਆ .
ਇਹ ਵੀ ਪਤਾ ਲੱਗਾ ਹੈ ਕਿ ਜੇਕਰ ਅਜਿਹਾ ਨਿਰਨਾ ਕੀਤਾ ਜਾਂਦਾ ਹੈ ਤਾਂ ਘਰਾਂ ਵਿਚ ਸ਼ਰਾਬ ਦੀ ਸਪਲਾਈ ਉਹੋ ਠੇਕੇਦਾਰ ਹੀ ਕਰਨਗੇ ਜਿਨ੍ਹਾਂ ਨੂੰ ਸਬੰਧਿਤ ਠੇਕਿਆਂ ਦੇ ਲਸੰਸ ਮਿਲੇ ਹੋਏ ਹਨ .