ਅਸ਼ੋਕ ਵਰਮਾ
- ਮਾਸਕ ਪਾਏ ਤੋਂ ਬਗੈਰ ਸਮਾਨ ਵੇਚਣ ਤੇ ਰੋਕ
ਬਠਿੰਡਾ, 5 ਮਈ 2020 - ਬਠਿੰਡਾ ਜ਼ਿਲ੍ਹੇ ਵਿਚ ਦੁਕਾਨਾਂ ਖੋਲ੍ਹਣ ਸਬੰਧੀ ਪੁਰਾਣੇ ਹੁਕਮਾਂ ਵਿਚ ਸੋਧ ਕਰਦਿਆਂ ਜ਼ਿਲ੍ਹਾ ਮੈਜਿਸਟ੍ਰੇਟ ਨੇ ਨਵੇਂ ਹੁਕਮ ਜਾਰੀ ਕੀਤੇ ਹਨ। ਜ਼ਿਲ੍ਹਾ ਮੈਜਿਸਟ੍ਰੇਟ ਬੀ.ਸ੍ਰੀਨਿਵਾਸਨ ਵਲੋਂ ਜਾਰੀ ਨਵੇਂ ਹੁਕਮਾਂ ਅਨੁਸਾਰ ਹੁਣ ਦੁਕਾਨਾਂ ਸਵੇਰੇ 7 ਤੋਂ ਸਵੇਰੇ 11 ਵਜੇ ਤੱਕ ਖੁੱਲਣਗੀਆਂ ਅਤੇ ਵੱਖ ਵੱਖ ਸ਼ੇ੍ਰਣੀ ਦੀਆਂ ਦੁਕਾਨਾਂ ਦੇ ਖੁਲਣ ਲਈ ਵੱਖਰੇ ਵੱਖਰੇ ਦਿਨ ਨਿਰਧਾਰਿਤ ਕੀਤੇ ਗਏ ਹਨ।
ਜ਼ਿਲ੍ਹਾ ਮੈਜਿਸਟ੍ਰੇਟ ਨੇ ਦੱਸਿਆ ਕਿ ਮੈਡੀਕਲ ਸਟੋਰ (ਹੋਲ ਸੇਲ ਅਤੇ ਰੀਟੇਲ), ਲੈਬੋਟਰੀਜ਼ ਅਤੇ ਡਾਇਗਨੋਸਟਿਕ ਸੈਂਟਰ ਸੋਮਵਾਰ ਤੋਂ ਐਤਵਾਰ ਪੂਰਾ ਹਫ਼ਤਾ ਖੁੱਲਣਗੇ। ਇਸੇ ਤਰਾਂ ਡੇਅਰੀ, ਮਿਲਕ ਚਿਲਿੰਗ/ਕੁਲੈਕਸ਼ਨ ਸੈਂਟਰ, ਸਬਜ਼ੀ ਦੀਆਂ ਦੁਕਾਨਾਂ, ਪਸ਼ੂਆਂ ਦੇ ਚਾਰੇ, ਪੋਲਟਰੀ ਦਾ ਚਾਰਾ, ਬੀਜ਼ਾਂ ਅਤੇ ਕੀਟਨਾਸ਼ਕਾਂ ਦੀਆਂ ਦੁਕਾਨਾਂ, ਖੇਤੀਬਾੜੀ ਦੇ ਸਮਾਨ ਦੀਆਂ ਦੁਕਾਨਾਂ ਅਤੇ ਪੋਲਟਰੀ ਸਬੰਧੀ ਦੁਕਾਨਾਂ ਸੋਮਵਾਰ ਤੋਂ ਸ਼ਨੀਵਾਰ ਤੱਕ ਹਫਤੇ ਵਿਚ 6 ਦਿਨ ਖੁੱਲਣਗੀਆਂ। ਕਰਿਆਣਾ ਸਟੋਰ ਅਤੇ ਬੇਕਰੀ ਸੋਮਵਾਰ ਤੋਂ ਵੀਰਵਾਰ ਤੱਕ ਹੀ ਹਫਤੇ ਵਿਚ ਸਿਰਫ 4 ਦਿਨ ਖੁੱਲਿਆ ਕਰਨਗੇ। ਇਲੈਕਟ੍ਰਾਨਿਕਸ ਦੀਆਂ ਦੁਕਾਨਾਂ ਸਮੇਤ ਮੋਬਾਇਲ ਦੀਆਂ ਦੁਕਾਨਾਂ ਤੇ ਮੋਬਾਇਲ ਸਟੋਰ, ਆਪਟੀਕਲ ਸਟੋਰ, ਸਪੇਅਰ ਪਾਰਸ ਅਤੇ ਮੋਬਾਇਲ ਆਇਲ ਦੀਆਂ ਦੁਕਾਨਾਂ, ਟਾਇਰਾਂ ਦੀਆਂ ਦੁਕਾਨਾਂ ਅਤੇ ਬਰਤਨਾਂ ਦੀ ਦੁਕਾਨਾਂ ਮੰਗਲਵਾਰ ਅਤੇ ਬੁੱਧਵਾਰ ਨੂੰ ਹਫਤੇ ਵਿੱਚ ਕੇਵਲ 2 ਦਿਨ ਹੀ ਖੁੱਲ੍ਹਣਗੀਆਂ।
ਜ਼ਿਲ੍ਹਾ ਮੈਜਿਸਟ੍ਰੇਟ ਨੇ ਅੱਗੇ ਦੱਸਿਆ ਕਿ ਹਾਰਡਵੇਅਰ, ਪਲਾਈਵੁੱਡ, ਸ਼ਰਟਰਿੰਗ ਸਟੋਰ, ਪੇਂਟਸ ਸਟੋਰ, ਆਇਰਨ, ਰੇਤ, ਬਜ਼ਰੀ ਸਟੋਰ, ਸੀਮਿੰਟ ਦੀਆਂ ਦੁਕਾਨਾਂ, ਸੈਨੇਟਰੀ ਦੀਆਂ ਦੁਕਾਨਾਂ, ਇਲੈਕਟਰੀਕਲਜ਼ (ਬਿਜਲੀ) ਦੀਆਂ ਦੁਕਾਨਾਂ ਸੋਮਵਾਰ ਅਤੇ ਵੀਰਵਾਰ ਹਫਤੇ ਵਿਚ ਕੇਵਲ 2 ਦਿਨ ਹੀ ਖੁੱਲਣਗੀਆਂ। ਇਸੇ ਤਰਾਂ ਕੱਪੜੇ ਦੀਆਂ ਦੁਕਾਨਾਂ, ਪਰਦੇ ਦੀਆਂ ਦੁਕਾਨਾਂ, ਕਾਰ ਪੇਂਟ ਸਟੋਰ, ਤੋਲੀਏ ਦੀਆਂ ਦੁਕਾਨਾਂ ਅਤੇ ਰੇਡੀਮੈਂਟ ਗਾਰਮੈਂਟਸ ਦੀਆਂ ਦੁਕਾਨਾਂ ਸ਼ੁੱਕਰਵਾਰ ਅਤੇ ਸ਼ਨੀਵਾਰ ਨੂੰ ਨੂੰ ਹਫਤੇ ਵਿਖ ਕੇਵਲ 2 ਦਿਨ ਹੀ ਖੁੱਲਣਗੀਆਂ।
ਉਨ੍ਹਾਂ ਸਪੱਸ਼ਟ ਕੀਤਾ ਕਿ ਦੁਕਾਨਾਂ ਖੁੱਲ੍ਹਣ ਦਾ ਸਮਾਂ ਸਵੇਰੇ 7 ਤੋਂ ਸਵੇਰੇ 11 ਵਜੇ ਤੱਕ ਹੀ ਹੋਵੇਗਾ ਅਤੇ ਨਿਰਧਾਰਿਤ ਦਿਨ ਨੂੰ ਹੀ ਸਬੰਧਤ ਦੁਕਾਨ ਖੋਲੀ ਜਾ ਸਕੇਗੀ। ਉਨਾਂ ਦੱਸਿਆ ਕਿ ਐਤਵਾਰ ਵਾਲੇ ਦਿਨ ਪੂਰਾ ਬਜ਼ਾਰ ਬੰਦ ਰਹੇਗਾ ਤਾਂ ਜੋ ਸ਼ਹਿਰ ਨੂੰ ਪੂਰੀ ਤਰਾਂ ਸੈਨੀਟਾਈਜ਼ ਕੀਤਾ ਜਾ ਸਕੇ। ਉਨਾਂ ਦੱਸਿਆ ਕਿ ਆਮ ਲੋਕ ਕੇਵਲ ਸਵੇਰੇ 7 ਤੋਂ 11 ਵਜੇ ਤੱਕ ਹੀ ਦੁਕਾਨਾਂ ਤੋਂ ਖਰੀਦਦਾਰੀ ਕਰ ਸਕਣਗੇ ਅਤੇ ਇਸ ਤੋਂ ਬਾਅਦ ਸਭ ਨੂੰ ਘਰਾਂ ਅੰਦਰ ਜਾਣਾ ਹੋਵੇਗਾ।ਘਰ ਤੋਂ ਬਾਹਰ ਆਉਣ ਸਮੇਂ ਮਾਸਕ ਲਾਜਮੀ ਪਾਓ ਅਤੇ ਦਸਤਾਨੇ, ਹੱਥ ਧੋਣ ਅਤੇ ਸੈਨੇਟਾਈਜਰ ਦੀ ਵਰਤੋਂ ਅਤੇ ਆਪਸੀ ਦੂਰੀ ਦਾ ਹਰ ਕੋਈ ਖਿਆਲ ਰੱਖੇ।
ਉਨ੍ਹਾਂ ਦੱਸਿਆ ਕਿ ਕਿਸੇ ਨੂੰ ਵੀ ਬੇਕਰੀ ਜਾਂ ਹੋਰ ਦੁਕਾਨ ਤੇ ਬੈਠਕੇ ਖਾਣਾ ਖਾਣ ਦੀ ਆਗਿਆ ਨਹੀਂ ਹੋਵੇਗੀ । ਦੁਕਾਨਦਾਰਾਂ ਨੂੰ ਅਪੀਲ ਹੈ ਕਿ ਉਹ ਇਸ ਸਮੇਂ ਘਰੋ ਘਰੀ ਸਪਲਾਈ ਨੂੰ ਉਤਸਾਹਿਤ ਕਰਨ। ਦੁਕਾਨਦਾਰ ਆਪਣੀਆਂ ਦੁਕਾਨਾਂ ਬਾਹਰ 1 ਮੀਟਰ ਦੇ ਵਕਫੇ ਤੇ ਸਰਕਲ ਲਗਾਉਣਗੇ ਤਾਂ ਜ਼ੋ ਗ੍ਰਾਹਕਾਂ ਵਿਚ ਸਮਾਜਿਕ ਦੂਰੀ ਬਣਾਈ ਰੱਖੀ ਜਾ ਸਕੇ। ਦੁਕਾਨਦਾਰ ਇਹ ਵੀ ਯਕੀਨੀ ਬਣਾਉਣਗੇ ਕਿ ਉਨਾਂ ਨੇ ਖੁਦ ਤੇ ਸਟਾਫ ਨੇ ਮਾਸਕ ਪਾਇਆ ਹੋਵੇ ਅਤੇ ਉਹ ਅਜਿਹੇ ਕਿਸੇ ਵਿਅਕਤੀ ਨੂੰ ਸਮਾਨ ਨਹੀਂ ਵੇਚਣਗੇ ਜਿਸ ਨੇ ਮਾਸਕ ਨਾ ਪਾਇਆ ਹੋਵੇ।
ਹਰੇਕ ਦੁਕਾਨਦਾਰ ਹੈਂਡ ਸਾਇਨੇਟਾਇਜਰ ਰੱਖੇਗਾ ਤਾਂ ਜ਼ੋ ਦੁਕਾਨ ਵਿਚ ਆਉਣ ਵਾਲਾ ਹਰ ਗ੍ਰਾਹਕ ਤੇ ਦੁਕਾਨਦਾਰ ਇਸ ਨਾਲ ਹੱਥ ਸਾਫ ਕਰ ਸਕੇ। ਕੋਈ ਵੀ ਗ੍ਰਾਹਕ ਦੁਕਾਨ ਵਿਚ ਰੱਖੀ ਕਿਸੇ ਵਸਤ ਜਾਂ ਹੋਰ ਚੀਜ ਨੂੰ ਛੂਹੇ ਨਾ।ਦੁਕਾਨਦਾਰ ਗ੍ਰਾਹਕ ਨੂੰ ਡਿਜਟਿਲ ਤਰੀਕੇ ਨਾਲ ਭੁਗਤਾਨ ਕਰਨ ਲਈ ਉਤਸਾਹਿਤ ਕਰੇ।ਨਗਦੀ ਦੇ ਭੁਗਤਾਨ ਬਾਅਦ ਗ੍ਰਾਹਕ ਅਤੇ ਦੁਕਾਨਦਾਰ ਦੋਨੋਂ ਹੱਥ ਅਲਕੋਹਲ ਵਾਲੇ ਸੈਨੇਟਾਈਜਰ ਨਾਲ ਸਾਫ ਕਰਨ। ਗ੍ਰਾਹਕ ਘਰ ਤੋਂ ਕਪੜੇ ਦੇ ਬੈਗ ਲੈ ਕੇ ਜਾਣ ਅਤੇ ਇੰਨਾਂ ਨੂੰ ਬਾਅਦ ਵਿਚ ਸਾਬਣ ਸੋਡੇ ਤੇ ਗਰਮ ਪਾਣੀ ਨਾਲ ਧੋ ਲਿਆ ਜਾਵੇ। ਇੰਨਾਂ ਹੁਕਮਾਂ ਦੀ ਉਲੰਘਣਾ ਕਰਨ ਤੇ ਸਖਤ ਕਾਰਵਾਈ ਕੀਤੀ ਜਾਵੇਗੀ।