- ਲਾਕਡਾਊਨ ਦੇ ਬਾਵਜੂਦ ਸਰਕਾਰੀ ਅਧਿਆਪਕ ਕਰਵਾ ਰਹੇ ਹਨ ਆਨ-ਲਾਈਨ ਪੜ੍ਹਾਈ
ਫਿਰੋਜ਼ਪੁਰ, 6 ਮਈ 2020 : ਕੋਵਿਡ 19 (ਕਰੋਨਾ ਵਾਇਰਸ) ਪੂਰੇ ਵਿਸ਼ਵ ਵਿੱਚ ਮਹਾਂਮਾਰੀ ਦਾ ਰੂਪ ਧਾਰਨ ਕਰ ਚੁੱਕੀ ਹੈ , ਜਿਸ ਨਾਲ ਮਨੁੱਖ ਘਰਾਂ ਵਿੱਚ ਲਾਕਡਾਊਨ ਹੋਣ ਕਰਕੇ ਜੀਵਨ ਬਹੁਤ ਪ੍ਰਭਾਵਿਤ ਹੋਇਆ ਹੈ। ਅਜਿਹੇ ਸਮੇਂ ਵਿੱਚ ਵਿਦਿਆਰਥੀਆਂ ਨੂੰ ਪੜ੍ਹਾਈ ਕਰਵਾਉਣ ਲਈ ਇਸ ਚੁਣੌਤੀ ਨੂੰ ਸਵੀਕਾਰ ਕਰਦੇ ਹੋਏ ਆਨ-ਲਾਈਨ ਪਹੁੰਚ ਬਣਾਈ ਹੋਈ ਹੈ ਤਾਂ ਜੋ ਸਿੱਖਿਆ ਵਿਭਾਗ ਵੱਲੋ ਭੇਜੇ ਗਏ ਸਿਲੇਬਸ ਨਾਲ ਬੱਚੇ ਜੁੜ ਕੇ ਸਮੇਂ ਸਿਰ ਪੜ੍ਹਾਈ ਕਰ ਸਕਣ। ਉਪਰੋਕਤ ਜਾਣਕਾਰੀ ਜ਼ਿਲ੍ਹਾ ਨੋਡਲ ਅਫ਼ਸਰ ਦਾਖਲਾ ਮੁਹਿੰਮ . ਸੁਖਵਿੰਦਰ ਸਿੰਘ ਨੇ ਦਿੱਤੀ।
ਉਨ੍ਹਾਂ ਕਿਹਾ ਕਿ ਮਾਨਯੋਗ ਸਕੂਲ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੀ ਪ੍ਰੇਰਨਾ ਸਦਕਾ ਜ਼ਿਲ੍ਹਾ ਸਿੱਖਿਆ ਅਫ਼ਸਰ ਸ਼੍ਰੀਮਤੀ ਕੁਲਵਿੰਦਰ ਕੌਰ ਜੀ ਦੀ ਰਹਿਨੁਮਾਈ, ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸ਼੍ਰੀਮਤੀ ਰੁਪਿੰਦਰ ਕੌਰ ਅਤੇ ਜ਼ਿਲ੍ਹਾ ਕੋਆਰਡੀਨੇਟਰ ਸ਼੍ਰੀ ਮਹਿੰਦਰ ਸ਼ੈਲੀ ਜੀ ਦੇ ਸਹਿਯੋਗ ਅਤੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਸਾਹਿਬਾਨ, ਸੀ.ਐੱਚ.ਟੀ ਸਾਹਿਬਾਨ ਅਤੇ ਅਧਿਆਪਕ ਸਾਹਿਬਾਨ ਦੀ ਮਿਹਨਤ ਨਾਲ ਦਾਖਲਾ ਮੁਹਿੰਮ ਨੂੰ ਵੱਡਾ ਹੁੰਗਾਰਾ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਫਿਰੋਜ਼ਪੁਰ ਦੇ ਵੱਖ ਵੱਖ ਬਲਾਕਾਂ ਵਿੱਚ ਜਿੱਥੇ ਸੋਸ਼ਲ ਮੀਡੀਆ ਦੇ ਸਹਿਯੋਗ ਨਾਲ ਸਰਕਾਰੀ ਅਧਿਆਪਕਾਂ ਵੱਲੋਂ ਵੱਟਸਐਪ, ਯੂ ਟਿਊਬ , ਟੀ.ਵੀ.ਚੈਨਲ ਅਤੇ ਰੇਡੀਓ ਦੇ ਮਾਧਿਅਮ ਨਾਲ ਬੱਚਿਆਂ ਤੱਕ ਆਪਣਾ ਸੁਨੇਹਾ ਅਤੇ ਕੰਮ ਪਹੁੰਚਾਇਆ ਜਾ ਰਿਹਾ ਹੈ ਉੱਥੇ ਹੀ ਅਧਿਆਪਕ ਸੋਸ਼ਲ ਮੀਡੀਆ ਜ਼ਰੀਏ ਨਵਾਂ ਦਾਖਲਾ ਵੀ ਕਰ ਰਹੇ ਹਨ ।ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਸਿੱਖਿਆ ਅਧਿਕਾਰੀ ਤੇ ਬਲਾਕ ਸਿੱਖਿਆ ਅਫ਼ਸਰਾਂ ਦੁਆਰਾ ਅਧਿਆਪਕਾਂ ਨਾਲ ਸਮੇਂ ਸਮੇਂ ਤੇ ਵੀਡੀਉ ਕਾਨਫ਼ਰੰਸ ਕਰਕੇ ਹੌਸਲਾ ਅਫਜਾਈ ਕੀਤੀ ਜਾ ਰਹੀ ਹੈ।
ਉਨ੍ਹਾਂ ਜਾਣਕਾਰੀ ਦਿੱਤੀ ਕਿ ਸਾਰੇ ਮਿਹਨਤੀ ਅਧਿਆਪਕਾਂ ਅਤੇ ਜ਼ਿਲ੍ਹੇ ਦੀ ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ ਦੀ ਟੀਮ ਦੀਆਂ ਕੋਸ਼ਿਸ਼ਾਂ ਕਰਕੇ ਬੱਚਿਆਂ ਲਈ ਸਿਲੇਬਸ ਨਾਲ ਸਬੰਧਤ ਵੀਡੀਉ ਤਿਆਰ ਕੀਤੀਆਂ ਹਨ ਜੋ ਕਿ ਬਹੁਤ ਲਾਭਕਾਰੀ ਸਿੱਧ ਹੋ ਰਹੀਆਂ ਹਨ ਅਤੇ ਅਧਿਆਪਕਾਂ ਵੱਲੋਂ ਵੀਡੀਓ ਕਾਨਫ਼ਰੰਸ ਜ਼ਰੀਏ ਬੱਚਿਆ ਨਾਲ ਗੱਲ-ਬਾਤ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਅਧਿਆਪਕਾਂ ਵੱਲੋਂ ਘਰ ਬੈਠੇ ਵਿਦਿਆਰਥੀਆਂ ਨੂੰ ਆਨ-ਲਾਈਨ ਸਿੱਖਿਆ ਦੇਣਾ ਸਿੱਖਿਆ ਵਿਭਾਗ ਵੱਲੋ ਕੀਤਾ ਨਵੇਕਲਾ ਉਪਰਾਲਾ ਹੈ । ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲ ਹਾਈਟੈੱਕ ਹੋ ਗਏ ਹਨ ਤੇ ਅਧਿਆਪਕਾਂ ਵੱਲੋਂ ਵੱਖ ਵੱਖ ਆਨ-ਲਾਈਨ ਸਰੋਤਾਂ ਦੀ ਵਰਤੋਂ ਕਰਕੇ ਪੜ੍ਹਾਉਣਾ ਸ਼ਲਾਘਾਯੋਗ ਹੈ। ਇਸ ਦੇ ਨਾਲ ਨਾਲ ਮਾਹਿਰ ਅਧਿਆਪਕਾਂ ਵੱਲੋਂ ਤਿਆਰ ਕੀਤੇ ਪਾਠ ਦੋਆਬਾ ਰੇਡੀਓ ਅਤੇ ਆਕਾਸ਼ਵਾਣੀ ਰੇਡੀਓ ਤੇ ਪ੍ਰਸਾਰਿਤ ਹੋ ਰਹੇ ਹਨ , ਜੋ ਕਿ ਘਰ ਬੈਠੇ ਵਿਦਿਆਰਥੀ ਲਈ ਜੜ੍ਹੀ ਬੂਟੀ ਦਾ ਕੰਮ ਕਰ ਰਹੇ ਹਨ।