ਹਰਿੰਦਰ ਨਿੱਕਾ
ਬਰਨਾਲਾ, 6 ਮਈ 2020 - ਜਦੋਂ ਇੱਕ ਪਾਸੇ ਸੰਸਾਰ ਪੱਧਰ ਤੇ ਤੇਲ ਦੀਆਂ ਕੀਮਤਾਂ ਵਿੱਚ ਭਾਰੀ ਗਿਰਾਵਟ ਆਈ ਹੈ, ਜੋ ਘਟਕੇ ਮਹਿਜ 18.10 ਡਾਲਰ ਫੀ ਬੈਰਲ ਰਹਿ ਗਈ ਹੈ । ਦੂਜੇ ਪਾਸੇ ਕੇਂਦਰ ਦੀ ਮੋਦੀ ਸਰਕਾਰ ਅਤੇ ਪੰਜਾਬ ਦੀ ਕੈਪਟਨ ਸਰਕਾਰ ਰਲਕੇ ਆਮ ਲੋਕਾਂ ਦੀਆਂ ਜੇਬਾਂ ਤੇ ਡਾਕਾ ਮਾਰਨ ਤੇ ਤੁਲੇ ਹੋਏ ਹਨ। ਇਹ ਪ੍ਰਤੀਕਿਰਿਆ ਇਨਕਲਾਬੀ ਕੇਂਦਰ, ਪੰਜਾਬ ਦੇ ਪ੍ਰਧਾਨ ਨਰਾਇਣ ਦੱਤ ਅਤੇ ਜਨਰਲ ਸਕੱਤਰ ਕੰਵਲਜੀਤ ਖੰਨਾ ਨੇ ਦਿੱਤੀ।
ਉਨ੍ਹਾਂ ਕਿਹਾ ਕਿ ਲੋੜ ਅਤੇ ਮੰਗ ਤਾਂ ਇਹ ਸੀ ਕਿ ਕਰੋਨਾ ਸੰਕਟ ਦੀ ਮਾਰ ਝੱਲ ਰਹੇ ਮੁਲਕ ਦੇ 137 ਕਰੋੜ ਲੋਕਾਂ ਦੀਆਂ ਦੁਸ਼ਵਾਰੀਆਂ ਨੂੰ ਘੱਟ ਕਰਨ ਲਈ ਕੌਮਾਂਤਰੀ ਮੰਡੀ ਵਿੱਚ ਘਟੀਆਂ ਤੇਲ ਦੀਆਂ ਕੀਮਤਾਂ ਦਾ ਫਾਇਦਾ ਡੀਜਲ, ਪਟਰੋਲ ਅਤੇ ਗੈਸ ਦੀਆਂ ਕੀਮਤਾਂ ਘੱਟ ਕਰਕੇ ਆਮ ਲੋਕਾਈ ਨੂੰ ਦਿੱਤਾ ਜਾਵੇ। ਕੇਂਦਰੀ ਸਰਕਾਰ ਨੇ ਮੰਗਲਵਾਰ ਦੀ ਰਾਤ ਤੋਂ ਕੌਮਾਂਤਰੀ ਮੰਡੀ ਵਿੱਚ ਤੇਲ ਦੀਆਂ ਘਟੀਆਂ ਕੀਮਤਾਂ ਨੂੰ ਆਪਣਾ ਖਜਾਨਾ ਭਰਨ ਦੇ ਮਕਸਦ ਨਾਲ ਪਟਰੋਲ ਉੱਪਰ 10 ਰੁ ਫੀ ਲੀਟਰ ਅਤੇ ਡੀਜਲ ਉੱਪਰ 13 ਰੁ. ਫੀ ਲੀਟਰ ਐਕਸਾਈਜ ਡਿਊਟੀ ਵਧਾ ਦਿੱਤੀ ਹੈ।
"ਤਾਏ ਦੀ ਧੀ ਚੱਲੀ- ਮੈਂ ਕਿਉਂ ਰਹਾਂ ਕੱਲੀ" ਦੀ ਤਰਜ ਦੇ ਚਲਦਿਆਂ ਪੰਜਾਬ ਸਰਕਾਰ ਨੇ ਡੀਜਲ ਅਤੇ ਪੈਟਰੋਲ ਦੀਆਂ ਕੀਮਤਾਂ ਉੱਪਰ ਵੈਟ ਡੀਜਲ 15.15 % ਅਤੇ ਪਟਰੋਲ 23.3 % ਕਰ ਦਿੱਤਾ ਹੈ। ਜਿਸ ਦਾ ਸਿੱਟਾ ਪਟਰੋਲ ਅਤੇ ਡੀਜਲ ਦੀਆਂ ਕੀਮਤਾਂ ਪ੍ਰਤੀ ਲੀਟਰ 2-2 ਰੁਪਏ ਮਹਿੰਗੀਆਂ ਅੱਜ ਰਾਤ ਤੋਂ ਕਰ ਦਿੱਤੀਆਂ ਹਨ। ਇਨਕਲਾਬੀ ਕੇਂਦਰ, ਪੰਜਾਬ ਦੇ ਪ੍ਰਧਾਨ ਨਰਾਇਣ ਦੱਤ ਅਤੇ ਜਨਰਲ ਸਕੱਤਰ ਕੰਵਲਜੀਤ ਖੰਨਾ ਨੇ ਕੇਂਦਰ ਅਤੇ ਪੰਜਾਬ ਸਰਕਾਰ ਨੇ ਡੀਜਲ ਅਤੇ ਪਟਰੋਲ ਦੀਆਂ ਕੀਮਤਾਂ' ਚ ਵਾਧਾ ਕਰਕੇ ਕਿਸਾਨਾਂ ਸਮੇਤ ਆਮ ਲੋਕਾਂ ਦੇ ਜਖਮਾਂ ਤੇ ਲੂਣ ਛਿੜਕਿਆ ਹੈ, ਕਿਉਂਕਿ ਡੀਜਲ ਪਟਰੋਲ ਆਮ ਲੋਕਾਂ ਦੀ ਵਰਤੋਂ ਵਿੱਚ ਆਉਣ ਵਾਲੀ ਜਰੂਰੀ ਵਸਤ ਹੈ।
ਪਹਿਲਾਂ ਹੀ ਬਿਨ੍ਹਾਂ ਕਿਸੇ ਠੋਸ ਵਿਉਂਬੰਦੀ ਦੇ ਥੋਪੇ ਲਾਕਡਾਊਨ ਨੇ ਲੋਕਾਂ ਦਾ ਜਿਉਣਾ ਦੁੱਭਰ ਕੀਤਾ ਹੈ। ਕਰੋੜਾਂ ਦੀ ਤਦਾਦ' ਚ ਮਜਦੂਰ ਬੇਰੁਜਗਾਰੀ ਤੋਂ ਅੱਗੇ ਭੁੱਖਮਰੀ ਦੀ ਕਗਾਰ ਤੇ ਪਹੁੰਚ ਗਏ ਹਨ। ਕੇਂਦਰ ਦੇ ਆਗੂਆਂ ਨੇ ਡੀਜਲ ਅਤੇ ਪਟਰੋਲ ਦੀਆਂ ਕੀਮਤਾਂ' ਚ ਕੀਤਾ ਵਾਧਾ ਵਾਪਸ ਲੈਣ ਦੀ ਜੋਰਦਾਰ ਮੰਗ ਕਰਦਿਆਂ ਕੌਮਾਂਤ੍ਰੀ ਪੱਧਰ ਤੇ ਡੀਜਲ ਪਟਰੋਲ ਦੀਆਂ ਘਟੀਆਂ ਕੀਮਤਾਂ ਦਾ ਫਾਇਦਾ ਲੋਕਾਂ ਨੂੰ ਦੇਣ ਦੀ ਮੰਗ ਕੀਤੀ ਹੈ।