ਮਨਿੰਦਰਜੀਤ ਸਿੱਧੂ
ਜੈਤੋ, 7 ਮਈ, 2020 - ਜੈਤੋ ਤੋਂ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ਼ ਦੁਆਰਾ ਰਾਮੇਆਣਾ, ਔਲਖ, ਬਰਗਾੜੀ ਅਤੇ ਪੰਜਗਰਾਈਂ ਦੀਆਂ ਦਾਣਾ ਮੰਡੀਆਂ ਦਾ ਦੌਰਾ ਕੀਤਾ ਗਿਆ। ਇਸ ਦੌਰਾਨ ਉਨਾਂ ਨੇ ਕਿਸਾਨਾਂ ਮਜਦੂਰਾਂ ਅਤੇ ਖਰੀਦ ਪ੍ਰਬੰਧਾਂ ਨਾਲ ਜੁੜੀਆਂ ਹੋਰ ਧਿਰਾਂ ਦੀਆਂ ਸਮੱਸਿਆਵਾਂ ਸੁਣੀਆਂ। ਉਹਨਾਂ ਕਿਹਾ ਕਿ ਇਸ ਦੌਰੇ ਦੌਰਾਨ ਮਜ਼ਦੂਰਾਂ ਦੁਆਰਾ ਮੇਰੇ ਧਿਆਨ ਵਿੱਚ ਲਿਆਂਦਾ ਗਿਆ ਕਿ ਇਸ ਵਾਰ ਖਰੀਦ ਪੰਦਰਾਂ ਵੀਹ ਦਿਨ ਦੀ ਬਜਾਏ ਕਰੀਬ ਡੇਢ-ਦੋ ਮਹੀਨੇ ਚੱਲੇਗੀ ਪਰ ਉਹਨਾਂ ਨੂੰ ਉਹੀ ਮਿਹਨਤਾਨਾ ਮਿਲੇਗਾ ਜੋ ਕੇ ਸਰਾਸਰ ਮਜ਼ਦੂਰਾਂ ਦਾ ਸੋਸ਼ਣ ਹੈ।
ਉਹਨਾਂ ਕਿਹਾ ਦੱਸਿਆ ਕਿ ਬਾਰਦਾਨੇ ਦੀ ਘਾਟ ਬਹੁਤ ਸਾਰੀਆਂ ਮੰਡੀਆਂ ਵਿੱਚ ਦੇਖਣ ਨੂੰ ਮਿਲੀ ਅਤੇ ਨਾਲ ਹੀ ਪਨਗ੍ਰੇਨ ਅਤੇ ਪਨਸਪ ਏਜੰਸੀਆਂ ਦਾ ਲੋਡਿੰਗ ਨੂੰ ਲੈ ਕੇ ਬਹੁਤ ਬੁਰਾ ਹਾਲ ਹੈ। ਜਿਸ ਨਾਲ ਮੰਡੀਆਂ ਵਿੱਚ ਕਣਕ ਦੇ ਅੰਬਾਰ ਲੱਗ ਰਹੇ ਹਨ। ਉਹਨਾਂ ਕਿਹਾ ਕਿ ਲਿਫ਼ਟਿੰਗ ਨਾ ਹੋਣ ਕਰਕੇ ਮੰਡੀਆਂ ਵਿੱਚ ਕਣਕ ਦੇ ਅੰਬਾਰ ਲੱਗੇ ਹੋਏ ਹਨ। ਜਿਸ ਕਰਕੇ ਕਿਸਾਨਾਂ ਅਤੇ ਆੜਤੀਆਂ ਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਹਨਾਂ ਕਿਹਾ ਕਿ ਸਰਕਾਰ ਹਰ ਛੇ ਮਹੀਨਿਆਂ ਬਾਅਦ ਫਸਲ ਦੀ ਖਰੀਦ ਕਰਦੀ ਹੈ ਪਰ ਪ੍ਰਬੰਧਾਂ ਨੂੰ ਦੇਖਦੇ ਹੋਏ ਜੇ ਸਰਕਾਰ ਨੂੰ ਨਲਾਇਕ ਕਹਿ ਲਿਆ ਜਾਵੇ ਤਾਂ ਕੋਈ ਅੱਤਕਥਨੀ ਨਹੀਂ ਹੋਵੇਗੀ।
ਇਸ ਤਰ੍ਹਾਂ ਲੋਕਾਂ ਦੁਆਰਾ ਚੁਣੀ ਗਈ ਸਰਕਾਰ, ਲੋਕਾਂ ਨੂੰ ਤੰਗ ਕਰਨ ਵਾਸਤੇ ਚੁਣੀ ਸਾਬਤ ਹੋ ਰਹੀ ਹੈ। ਉਹਨਾਂ ਮੰਡੀਆਂ ਵਿੱਚ ਮੌਜੂਦ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਕਰੋਨਾ ਵਾਇਰਸ ਤੋਂ ਬਚਣ ਲਈ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਅਤੇ ਬੜੀ ਨਿਮਰਤਾ ਸਹਿਤ ਸਾਰਿਆਂ ਨੂੰ ਬੀਮਾਰੀ ਤੋਂ ਬਚਣ ਦੀ ਪੁਰਜ਼ੋਰ ਅਪੀਲ ਕੀਤੀ। ਇਸ ਮੌਕੇ ਆਮ ਆਦਮੀ ਪਾਰਟੀ ਦੇ ਜਿਲਾ ਪ੍ਰਧਾਨ ਧਰਮਜੀਤ ਰਾਮੇਆਣਾ, ਗੁਰਭੇਜ ਬਰਾੜ, ਜਸਮੇਲ ਬਰਾੜ, ਕੇਵਲ ਪੰਜਗਰਾਈਂ, ਜਗਦੀਸ਼ ਜਾਲਵਾਲ, ਵਰਿੰਦਰ ਵਾਲੀਆ, ਲਛਮਣ ਸ਼ਰਮਾ ਆਦਿ ਹਾਜਿਰ ਸਨ।